Wednesday, 21 July 2021

ਵਿਜੀਲੈਂਸ ਵੱਲੋਂ ਸਿੱਖਿਆ ਵਿਭਾਗ ਦਾ ਕਲਰਕ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ, ਪੜ੍ਹੋ ਵਿਵਰਣ

 ਵਿਜੀਲੈਂਸ ਵੱਲੋਂ ਸਿੱਖਿਆ ਵਿਭਾਗ ਦਾ ਕਲਰਕ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ, ਪੜੋ ਪੂਰੀ ਜਾਣਕਾਰੀ

ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਪੰਜਾਬ ਅਗੇਂਟਸ ਕੁਰੱਪਸ਼ਨ ਨੇ ਕੀਤੀ ਵਿਜੀਲੈਂਸ ਕਾਰਵਾਈ ਦੀ ਸ਼ਲਾਘਾ  ਮੁਹਾਲੀ, 21 ਜੁਲਾਈ:

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਫ਼ਤਰ ਦੇ ਜੂਨੀਅਰ ਸਹਾਇਕ ਪ੍ਰਿਤਪਾਲ ਸਿੰਘ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਦੇ ਡੀਐਸਪੀ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪੀੜਤ ਈਟੀਟੀ ਅਧਿਆਪਕ ਕਰਮਜੀਤ ਸਿੰਘ ਵਾਸੀ ਫੇਜ਼-11, ਮੁਹਾਲੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਮੁਲਜ਼ਮ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਕਾਫ਼ੀ ਸਮੇਂ ਤੋਂ ਈਟੀਟੀ ਅਧਿਆਪਕ ਨੂੰ ਉਸ ਦੀ ਤਨਖ਼ਾਹ ਦੀ ਬਕਾਇਆ ਰਾਸ਼ੀ ਦੇਣ ਤੋਂ ਆਨਾਕਾਨੀ ਕਰ ਰਿਹਾ ਸੀ ਅਤੇ ਰਿਸ਼ਵਤ ਮੰਗੀ ਜਾ ਰਹੀ ਸੀ। ਜਿਸ ਤੋਂ ਦੁਖੀ ਹੋ ਕੇ ਕਰਮਜੀਤ ਸਿੰਘ ਨੇ ਵਿਜੀਲੈਂਸ ਕੋਲ ਉਸ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਵਿਜੀਲੈਂਸ ਵੱਲੋਂ ਵੀ ਮੁਲਜ਼ਮ ’ਤੇ ਬਾਜ ਅੱਖ ਰੱਖੀ ਜਾ ਰਹੀ ਸੀ।

ਡੀਐਸਪੀ ਨੇ ਦੱਸਿਆ ਕਿ ਈਟੀਟੀ ਅਧਿਆਪਕ ਕਰਮਜੀਤ ਸਿੰਘ ਦੇ ਖ਼ਿਲਾਫ਼ 23 ਨਵੰਬਰ 2015 ਨੂੰ ਮਟੌਰ ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰੀ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ, ਪ੍ਰੰਤੂ 14 ਨਵੰਬਰ 2019 ਨੂੰ ਕਰਮਜੀਤ ਉਕਤ ਮੁਕੱਦਮੇ ’ਚੋਂ ਬਰੀ ਹੋ ਗਿਆ ਅਤੇ ਵਿਭਾਗ ਨੇ ਪੈਂਡਿੰਗ ਇਨਕੁਆਰੀ ਬਹਾਲ ਕਰਕੇ ਕਰਮਜੀਤ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਰਾਲਾ (ਮੁਹਾਲੀ) ਵਿੱਚ ਤਾਇਨਾਤ ਕਰ ਦਿੱਤਾ। ਹਾਲਾਂਕਿ ਮੁਅੱਤਲੀ ਸਮੇਂ ਕਰੀਬ ਦੋ ਸਾਲ ਉਸ ਨੂੰ ਮੁਅੱਤਲੀ ਭੱਤਾ ਮਿਲਦਾ ਰਿਹਾ ਹੈ ਪਰ ਬਾਅਦ ਵਿੱਚ ਅਚਾਨਕ ਉਸ ਦੇ ਖਾਤੇ ਵਿੱਚ ਪੈਸੇ ਆਉਣੇ ਬੰਦ ਹੋ ਗਏ। ਬਹਾਲ ਹੋਣ ਉਪਰੰਤ ਕਰਮਜੀਤ ਨੂੰ ਬਣਦੀ ਤਨਖ਼ਾਹ ਮਿਲਣੀ ਤਾਂ ਸ਼ੁਰੂ ਹੋ ਗਈ ਪਰ ਮੁਅੱਤਲੀ ਸਮੇਂ ਦੀ ਰਹਿੰਦੀ ਤਨਖ਼ਾਹ ਦਾ ਬਕਾਇਆ ਹੁਣ ਤੱਕ ਨਹੀਂ ਦਿੱਤਾ ਗਿਆ।

ਇਸ ਸਬੰਧੀ ਕਰਮਜੀਤ ਸਿੰਘ ਕਈ ਵਾਰ ਪ੍ਰਿਤਪਾਲ ਸਿੰਘ ਨੂੰ ਦਫ਼ਤਰ ਜਾ ਕੇ ਮਿਲਦਾ ਰਿਹਾ ਅਤੇ ਤਨਖ਼ਾਹ ਦੀ ਬਕਾਇਆ ਰਾਸ਼ੀ ਰਿਲੀਜ਼ ਕਰਨ ਦੀ ਮੰਗ ਕੀਤੀ ਗਈ ਪਰ ਉਸ ਨੇ ਕੋਈ ਆਈ ਗਈ ਨਹੀਂ ਦਿੱਤੀ। ਜੂਨੀਅਰ ਸਹਾਇਕ ਪ੍ਰਿਤਪਾਲ ਸਿੰਘ ਦੇ ਹਾੜੇ ਕੱਢਣ ’ਤੇ ਉਸ ਨੇ ਈਟੀਟੀ ਅਧਿਆਪਕ ਤੋਂ ਰਿਸ਼ਵਤ ਦੇ ਰੂਪ ਵਿੱਚ 40 ਫੀਸਦੀ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ। ਮਿੰਨਤਾਂ ਤਰਲੇ ਕਰਨ ’ਤੇ ਉਹ (ਪ੍ਰਿਤਪਾਲ) 35 ਫੀਸਦੀ ਹਿੱਸਾ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਇਸ ਤਰ੍ਹਾਂ ਪ੍ਰਿਤਪਾਲ ਸਿੰਘ ਬੀਤੀ ਰਾਤ ਸਥਾਨਕ ਫੇਜ਼-11 ਵਿੱਚ ਰਹਿੰਦੇ ਈਟੀਟੀ ਅਧਿਆਪਕ ਕਰਮਜੀਤ ਸਿੰਘ ਦੇ ਘਰ ਰਿਸ਼ਵਤ ਦੇ ਪੈਸੇ ਲੈਣ ਲਈ ਪਹੁੰਚ ਗਿਆ। ਜਿੱਥੇ ਵਿਜੀਲੈਂਸ ਦੇ ਡੀਐਸਪੀ ਹਰਵਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਪ੍ਰਿਤਪਾਲ ਸਿੰਘ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਵਿਭਾਗੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਸ਼ੁਰੂ ਤੋਂ ਉੱਚ ਅਧਿਕਾਰੀਆਂ ਦਾ ਕਾਫ਼ੀ ਚਹੇਤਾ ਰਿਹਾ ਹੈ ਅਤੇ ਉਹ ਪਿਛਲੇ ਕਰੀਬ ਇਕ ਦਹਾਕੇ ਤੋਂ ਇੱਕ ਹੀ ਸੀਟ ’ਤੇ ਟਿੱਕਿਆ ਬੈਠਾ ਹੈ। ਦੱਸਿਆ ਗਿਆ ਹੈ ਕਿ ਪ੍ਰਿਤਪਾਲ ਸਿੰਘ ਨਵਾਬਾਂ ਵਾਲੇ ਠਾਲ ਨਾਲ ਰਹਿੰਦਾ ਸੀ। ਜੇਕਰ ਉਸ ਦੀ ਆਮਦਨ ਅਤੇ ਜਾਇਦਾਦ ਬਾਰੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਵੇ ਤਾਂ ਕਾਫ਼ੀ ਕੁੱਝ ਸਾਹਮਣੇ ਆ ਸਕਦਾ ਹੈ। ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਪੰਜਾਬ ਅਗੇਂਟਸ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਮੰਗ ਕੀਤੀ ਕਿ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਰਿਸ਼ਵਤਖੋਰੀ ਦੇ ਇਸ ਗੋਰਖਧੰਦੇ ਵਿੱਚ ਸ਼ਾਮਲ ਵੱਡੇ ਅਫ਼ਸਰਾਂ ਦਾ ਪਤਾ ਲਗਾਇਆ ਜਾਵੇ ਅਤੇ ਸਾਰਿਆਂ ਦੇ ਚਿਹਰੇ ਬੇਨਿਕਾਬ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਸਕੂਲ ਮਾਫ਼ੀਆ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਅਤੇ ਸਿੱਖਿਆ ਵਿਭਾਗ ਤੋਂ ਕਾਰਵਾਈ ਦੀ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਅਧਿਕਾਰੀ ਚੁੱਪ ਧਾਰੀ ਬੈਠੇ ਹਨ। ਇੱਥੋਂ ਤੱਕ ਕਿ ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਦੇਣ ਨੂੰ ਵੀ ਤਿਆਰ ਨਹੀਂ ਹਨ। ਜਿਸ ਤੋਂ ਇਹ ਜਾਪਦਾ ਹੈ ਕਿ ਦਾਲ ਵਿੱਚ ਕੁੱਝ ਕਾਲਾ ਜ਼ਰੂਰ ਹੈ। ਉਨ੍ਹਾਂ ਵਿਜੀਲੈਂਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਹੋਰ ਰਿਸ਼ਵਤਖ਼ੋਰਾਂ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕੀਤਾ ਜਾਵੇ।

RECENT UPDATES

Today's Highlight

PSEB TERM 01 RESULT: ਪਹਿਲੀ ਟਰਮ ਪ੍ਰੀਖਿਆ ਦੇ ਨਤੀਜੇ ਕਦੋਂ ਹੋਣਗੇ ਘੋਸ਼ਿਤ @pseb.ac.in

  PSEB TERM 01 RESULT( ਬੋਰਡ ਪ੍ਰੀਖਿਆਵਾਂ ਦੇ ਨਤੀਜੇ) : LINK FOR PSEB BOARD EXAM RESULT SEE HERE ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ...