ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਪੱਕੇ ਧਰਨੇ ਵਿਚ ਕੀਤੀ ਭਰਵੀਂ ਸ਼ਮੂਲੀਅਤ
ਸਾਰੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਨ ਅਤੇ ਉਮਰ ਹੱਦ ਵਿਚ ਛੋਟ ਦੀ ਕੀਤੀ ਮੰਗ
ਸੰਗਰੂਰ, 19 ਜੁਲਾਈ ( ): ਪਿਛਲੇ 200 ਤੋਂ ਵਧੇਰੇ ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਸੰਘਰਸ਼ੀ ਝੰਡੇ ਗੱਡੀ ਬੈਠੇ ਪੰਜਾਬ ਦੇ ਉੱਚ ਯੋਗਤਾ ਪ੍ਰਾਪਤ 'ਬੇਰੁਜ਼ਗਾਰ ਸਾਂਝਾ ਮੋਰਚਾ' ਦੇ ਪੱਕੇ ਧਰਨੇ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਅਤੇ ਸੰਘਰਸ਼ ਦੀ ਹਮਾਇਤ ਵਿਚ 11 ਹਜਾਰ ਰੁਪਏ ਦੀ ਸਹਿਯੋਗ ਰਾਸ਼ੀ ਵੀ ਦਿੱਤੀ।
ਇਸ ਮੌਕੇ ਸੰਬੋਧਨ ਕਰਦਿਆਂ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ ਅਤੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ ਸਾਬਿਤ ਹੋਇਆ ਹੈ, ਜਿਸ ਕਾਰਨ ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰਨਾ ਤਾਂ ਦੂਰ ਰਿਹਾ, ਸਗੋਂ ਅਧਿਆਪਕ ਯੋਗਤਾ ਟੈਸਟ (ਟੈੱਟ) ਅਤੇ ਹੋਰ ਯੋਗਤਾਵਾਂ ਪੂਰੀਆਂ ਕਰਨ ਵਾਲੇ ਬੇਰੁਜ਼ਗਾਰਾਂ ਨੂੰ ਵੀ ਸਰਕਾਰੀ ਵਿਭਾਗਾਂ ਵਿੱਚ ਪੱਕਾ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅਤੇ ਨਿੱਜੀਕਰਨ ਦੀ ਨੀਤੀ ਤਹਿਤ ਪੰਜਾਬ ਸਰਕਾਰ ਵੱਲੋਂ ਮਹਿਕਮਿਆਂ ਦੀ ਆਕਾਰ ਘਟਾਈ ਕਰਦਿਆਂ ਖਾਲੀ ਅਸਾਮੀਆਂ ਨੂੰ ਲਗਾਤਾਰ ਖ਼ਤਮ ਕੀਤਾ ਜਾ ਰਿਹਾ ਹੈ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਬੇਰੁਜ਼ਗਾਰਾਂ ਤੇ ਲਾਠੀਚਾਰਜ ਅਤੇ ਝੂਠੇ ਪੁਲਿਸ ਕੇਸ ਦਰਜ਼ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਜਾਣਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ ਹੈ।
ਡੀਟੀਐੱਫ ਦੇ ਆਗੂਆਂ ਨੇ 'ਬੇਰੁਜ਼ਗਾਰ ਸਾਂਝਾ ਮੋਰਚਾ' ਦੀਆਂ ਪ੍ਰਮੁੱਖ ਮੰਗਾਂ ਜਿਸ ਵਿੱਚ ਪੰਜਾਬੀ , ਸਮਾਜਿਕ ਸਿੱਖਿਆ ਤੇ ਹਿੰਦੀ ਦੀਆਂ ਘੱਟੋ-ਘੱਟ 10 ਹਜਾਰ ਅਸਾਮੀਆਂ ਅਤੇ 5000 ਹੋਰ ਸਾਰੇ ਵਿਸ਼ਿਆਂ ਦੇ ਇਸ਼ਤਿਹਾਰ ਜਾਰੀ ਕਰਨ, ਪੀ. ਟੀ .ਆਈ. ਦੀਆਂ 646 ਅਸਾਮੀਆਂ ਦੀ ਭਰਤੀ ਤੇ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ, ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 5000 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਨ, ਸਿੱਖਿਆ ਵਿਭਾਗ ਦੁਆਰਾ ਕੱਢੀਆਂ 873 ਡੀ.ਪੀ.ਈ ਦੀਆਂ ਅਸਾਮੀਆਂ 'ਚ 1000 ਅਸਾਮੀਆਂ ਦਾ ਵਾਧਾ ਕਰਕੇ 1873 ਕਰਨ, ਮਲਟੀਪਰਪਜ਼ ਹੈਲਥ ਵਰਕਰਜ਼ ਮੇਲ ਤੇ ਫੀਮੇਲ ਦੀਆਂ ਚੱਲ ਰਹੀਆਂ ਭਰਤੀ ਪ੍ਰਕਿਰਿਆ ਨੂੰ ਤੁਰੰਤ ਪੂਰਾ ਕਰਨ, ਨੌਕਰੀ ਪ੍ਰਾਪਤ ਕਰਨ ਲਈ ਬੇਰੁਜ਼ਗਾਰਾਂ ਲਈ ਉਪਰਲੀ ਉਮਰ ਹੱਦ 37 ਤੋਂ 42 ਸਾਲ ਕਰਨ, 55 ਪ੍ਰਤੀਸ਼ਤ ਵਾਲੀ ਬੇਲੋੜੀ ਸ਼ਰਤ ਖ਼ਤਮ ਕਰਨ, ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਡਲ ਪੱਧਰ ਤੱਕ ਖ਼ਤਮ ਕੀਤੀਆਂ ਆਰਟ ਐਂਡ ਕਰਾਫਟ ਤੇ ਪੀਟੀਆਈ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਬਹਾਲ ਕਰਨ, ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਪੱਕੇ ਵਸਨੀਕਾਂ ਲਈ ਰਾਖਵੀਆਂ ਕਰਨ ਆਦਿ ਸਾਰੀਆਂ ਮੰਗਾਂ ਦੀ ਡੱਟ ਕੇ ਹਮਾਇਤ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ, ਕੰਵਲਜੀਤ ਬਨਭੌਰਾ, ਗੁਰਜੰਟ ਭੂਟਾਲ, ਸੰਦੀਪ ਨਾਭਾ, ਸੰਦੀਪ ਗਿੱਲ, ਗਗਨਦੀਪ ਕੌਰ, ਰਵਿੰਦਰ ਸਿੰਘ, ਸਸ ਪਾਲ ਸਿੰਘ, ਕਿਰਨ ਈਸੜਾ, ਰਿੰਪੀ ਕਲੇਰ, ਮਲਿਕਪ੍ਰੀਤ, ਤੈਹਰਾ ਖਾਨ, ਪ੍ਰਤਿੰਦਰ ਕੌਰ, ਰਾਜਵੀਰ ਕੌਰ, ਭੁਪਿੰਦਰਪਾਲ ਕੌਰ, ਸੰਦੀਪ ਕੌਰ, ਕੁਲਵੰਤ ਸਿੰਘ, ਬਲਰਾਜ ਮੌੜ, ਸੁਖਜੀਤ ਸਿੰਘ, ਸੁਖਵੀਰ ਦੁਗਾਲ, ਲਫ਼ਜ, ਪ੍ਰਮਿੰਦਰ ਬਦੇਸ਼ਾ ਆਦਿ ਸਮੇਤ ਵੱਡੀ ਗਿਣਤੀ ਚ ਬੇਰੁਜ਼ਗਾਰ ਵੀ ਮੌਜੂਦ ਸਨ।