ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬਲਾਕ ਨਰੋਟ ਜੈਮਲ ਸਿੰਘ ਦੇ ਵੱਖ-ਵੱਖ ਸਕੂਲਾਂ ਦਾ ਦੌਰਾ।
ਦੌਰੇ ਉਪਰੰਤ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਕੀਤੀ ਬਲਾਕ ਨਰੋਟ ਜੈਮਲ ਸਿੰਘ ਦੇ ਸਕੂਲ ਮੁਖੀਆਂ ਨਾਲ ਮੀਟਿੰਗ।
ਪਠਾਨਕੋਟ, 19 ਜੁਲਾਈ: (ਬਲਕਾਰ ਅੱਤਰੀ )
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਵੱਲੋਂ ਬਲਾਕ ਨਰੋਟ ਜੈਮਲ ਸਿੰਘ ਦੇ ਸਪ੍ਰਸ ਰਕਵਾਲ, ਸਪ੍ਰਸ ਗੱਜੂ ਜਗੀਰਾਂ, ਸਪ੍ਰਸ ਦਤਿਆਲ ਛੋੜਿਆ, ਸਪ੍ਰਸ ਝੇਲਾ ਆਮਦਾ ਸ਼ਕਰਗੜ੍ਹ, ਸਪ੍ਰਸ ਝੇਲਾ ਆਮਦਾ ਗੁਰਦਾਸਪੁਰ, ਸਪ੍ਰਸ ਫੂਲਪੂਰ ਸਮੇਤ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਦੌਰੇ ਉਪਰੰਤ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬੀਪੀਈਓ ਦਫ਼ਤਰ ਨਰੋਟ ਜੈਮਲ ਸਿੰਘ ਵਿਖੇ ਬੀਪੀਈਓ ਰਿਸ਼ਮਾਂ ਦੇਵੀ ਦੀ ਅਗਵਾਈ ਹੇਠ ਬਲਾਕ ਦੇ ਸਮੂਹ ਸਕੂਲ ਮੁਖੀਆਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਰੱਖੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਨੈਸ਼ਨਲ ਅਚੀਵਮੈਂਟ ਸਰਵੇਖਣ, ਪੀਜੀਆਈ ਇੰਡੈਕਸ, ਲਾਇਬ੍ਰੇਰੀ ਲੰਗਰ ਅਤੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿੱਚ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਕਲਰਕ ਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਤਰੁਣ ਪਠਾਨੀਆ ਅਤੇ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਡੀ.ਈ.ਓ. (ਐਲੀ.ਸਿੱ.) ਬਲਦੇਵ ਰਾਜ ਨੇ ਸੰਬੋਧਨ ਕਰਦਿਆਂ ਜਿਲ੍ਹੇ ਦੇ ਪ੍ਰਾਇਮਰੀ ਵਿੰਗ ਦੇ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਸਬੰਧੀ ਵਿਸਥਾਰ 'ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਸਕੂਲਾਂ ਦੀ ਵਿਦਿਅਕ ਗੁਣਵੱਤਾ, ਵਿੱਦਿਅਕ ਗਤੀਵਿਧੀਆਂ ਨਾਲ ਸਬੰਧਤ ਸਮੱਗਰੀ ਤੇ ਸਹੂਲਤਾਂ, ਸਕੂਲ ਪ੍ਰਬੰਧਨ ਤੇ ਸਕੂਲਾਂ ਦੇ ਸਮਾਜ 'ਚ ਪ੍ਰਭਾਵ ਬਾਰੇ ਸਰਵੇਖਣ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਨਵੰਬਰ ਮਹੀਨੇ 'ਚ ਹੋਣ ਵਾਲੇ ਨੈਸ ਦੀ ਤਿਆਰੀ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਦੌਰਾਨ ਮਸ਼ਕਾਂ ਕੀਤੀਆਂ ਜਾਣਗੀਆਂ। ਜਿਸ ਤਹਿਤ ਨੈਸ ਦੀ ਤਰਜ਼ 'ਤੇ ਰਾਜ ਦੇ ਸਾਰੇ ਸਰਕਾਰੀ ਸਕੂਲਾਂ 'ਚ ਤਿੰਨ੍ਹ ਪੜਾਵਾਂ 'ਚ ਅਭਿਆਸ ਕੀਤਾ ਜਾਵੇਗਾ। ਇਸ ਉਪਰੰਤ ਜਦੋਂ ਵੀ ਨੈਸ ਹੁੰਦਾ ਤਾਂ ਉਸੇ ਦਿਨ ਹੈ ਰਾਜ ਭਰ ਦੇ ਹਰੇਕ ਸਕੂਲ ਤੇ ਵਿਦਿਆਰਥੀਆਂ 'ਤੇ ਅਧਾਰਤ ਪੰਜਾਬ ਅਚੀਵਮੈਂਟ ਸਰਵੇ (ਪੈਸ) ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੈਸ ਤਹਿਤ ਰਾਜ ਦੇ ਚੋਣਵੇਂ ਸਕੂਲਾਂ 'ਚ ਸਰਵੇਖਣ ਹੋਵੇਗਾ ਜਦਕਿ ਪੈਸ ਰਾਜ ਦੇ ਹਰੇਕ ਸਕੂਲ ਤੇ ਵਿਦਿਆਰਥੀ ਨੂੰ ਆਪਣੇ ਕਲਾਵੇ 'ਚ ਲਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੇ ਗਏ ਨਮੂਨੇ ਦੀ ਪ੍ਰਸ਼ਨਾਵਲੀ ਜਿਲ੍ਹੇ ਦੇ ਹਰੇਕ ਸਕੂਲ ਤੱਕ ਪੁੱਜਦੀ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਹੀ ਨੈਸ ਦੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਕੀਤੀ ਜਾਵੇਗੀ। ਉਨ੍ਹਾਂ ਅਧਿਆਪਕਾਂ ਨੂੰ ਨੈਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਧੀਆਂ ਵੀ ਦੱਸੀਆ। ਇਸ ਮੌਕੇ ਤੇ ਐਚਟੀ ਅਜੇ ਮਹਾਜਨ, ਐਚਟੀ ਰਕੇਸ਼ ਸੈਣੀ, ਐਚਟੀ ਰਾਜੇਸ਼ ਕੁਮਾਰ, ਕਾਰਜਕਾਰੀ ਸੀਐਚਟੀ ਰਾਜੇਸ਼ ਸ਼ਰਮਾ, ਬੀਐਮਟੀ ਦੀਪਕ ਸੈਣੀ, ਬੀਐਮਟੀ ਬਿਸੰਬਰ ਦਾਸ, ਅਨੁਰਾਧਾ, ਰੁਚੀ ਪਠਾਨੀਆ, ਸਰਿਤਾ ਸੈਣੀ, ਸੀਨੀਅਰ ਸਹਾਇਕ ਨਰੇਸ਼ ਕੁਮਾਰ, ਐਮ ਆਈ ਐਸ ਕੋਆਰਡੀਨੇਟਰ ਪੰਕਜ ਸ਼ਰਮਾ ਸਮੇਤ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
ਜ਼ਿਲ੍ਹਾ ਅਧਿਕਾਰੀ ਨੈਸ ਦੀ ਤਿਆਰੀ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। |