ਪੰਜਾਬ ਸਿੱਖਿਆ ਬੋਰਡ ਮੈਨੇਜਮੈਂਟ ਦੇ ਅਨੋਖੇ ਹੁਕਮ! 5ਵੀਂ ਜਮਾਤ ਦੇ ਨਤੀਜੇ ਐਲਾਨੇ ਪਰ ਪ੍ਰਸ਼ਨ-ਪੱਤਰ ਕਲੱਸਟਰ ਹੈੱਡ ਹੀ ਸੰਭਾਲਣਗੇ
ਪੰਜਾਬ 'ਚ ਪੰਜਵੀਂ ਜਮਾਤ ਦੇ ਨਤੀਜੇ ਭਾਵੇਂ ਐਲਾਨ ਕੀਤੇ ਜਾ ਚੁੱਕੇ ਹਨ ਪਰ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਅਧਿਕਾਰੀਆਂ ਨੇ ਕੇਂਦਰ ਕਲੱਸਟਰ ਮੁਖੀਆਂ ਲਈ ਨਵੀਂ ਦੁਬਿਧਾ ਖੜ੍ਹੀ ਕਰ ਦਿੱਤੀ ਹੈ। ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਪੱਤਰ ਜਾਰੀ ਕੀਤਾ ਹੈ ਕਿ ਪੰਜਵੀਂ ਜਮਾਤ ਨਾਲ ਸਬੰਧਤ ਅਕਾਦਮਿਕ ਸਾਲ 2020-21 ਦੇ ਪ੍ਰਸ਼ਨ-ਪੱਤਰਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੈ। ਕਿਹਾ ਗਿਆ ਹੈ ਕਿ ਵਿਸ਼ਾ ਸਵਾਗਤ ਜ਼ਿੰਦਗੀ ਤੇ ਗਣਿਤ ਵਿਸ਼ੇ ਦੇ ਪ੍ਰਸ਼ਨ-ਪੱਤਰਾਂ ਨੂੰ ਆਖਰੀ ਹੁਕਮ ਨਾ ਆਉਣ ਤਕ ਸੰਭਾਲ ਕੇ ਰੱਖਣਾ ਹੋਵੇਗਾ। ਹੁਕਮ ਹੈ ਕਿ ਸਾਰੇ ਪੇਪਰਾਂ ਨੂੰ ਅਲਮਾਰੀ 'ਚ ਤਾਲਾਬੰਦ ਰੱਖਿਆ ਜਾਵੇ ਤੇ ਇਸ ਦੀ ਬਣਦੀ ਰਿਪੋਰਟ ਬੋਰਡ ਨੂੰ ਹਰੇਕ ਮਹੀਨੇ ਭੇਜੀ ਜਾਵੇ। ਅਧਿਕਾਰੀਆਂ ਨੇ ਹਦਾਇਤ ਦਿੱਤੀ ਹੈ ਕਿ ਪ੍ਰਸ਼ਨ-ਪੱਤਰਾਂ ਨਾਲ਼ ਛੇੜ-ਛਾੜ ਹੋਣ ਦੀ ਸੂਰਤ 'ਚ ਜ਼ਿੰਮੇਵਾਰੀ ਕਲੱਸਟਰ ਹੈੱਡ ਦੀ ਹੋਵੇਗੀ ਤੇ ਅਜਿਹਾ ਹੋਣ 'ਤੇ ਵਿਭਾਗੀ ਕਾਰਵਾਈ ਵਾਸਤੇ ਸਿੱਖਿਆ ਵਿਭਾਗ ਨੂੰ ਲਿਖਿਆ ਜਾਵੇਗਾ।