ਹੈੱਡਮਾਸਟਰਜ਼ ਅਤੇ ਪ੍ਰਿੰਸੀਪਲ ਪੀ.ਈ.ਐੱਸ. ਐਸੋਸੀਏਸ਼ਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਤੀ ਰੋਸ ਦਾ ਪ੍ਰਗਟਾਵਾ
ਪੇ ਕਮਿਸ਼ਨ ਨੋਟੀਫਿਕੇਸ਼ਨ ਦੀਆਂ ਸਾੜੀਆਂ ਗਈਆਂ ਕਾਪੀਆਂ
ਮਾਨਸਾ 22 ਜੁਲਾਈ (ਪੱਤਰ ਪ੍ਰੇਰਕ )ਹੈੱਡਮਾਸਟਰਜ਼ ਤੇ ਪ੍ਰਿੰਸੀਪਲ ਪੀ.ਈ.ਐੱਸ. ਐਸੋਸੀਏਸ਼ਨ ਪੰਜਾਬ ਨੇ ਅੱਜ ਪੰਜਾਬ ਦੇ ਸਾਰੇ ਬਲਾਕਾਂ ਅਤੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਦੇ ਨੋਟੀਫਿਕੇਸ਼ਨ ਨੂੰ ਐਸੋਸੀਏਸ਼ਨ ਵੱਲੋਂ ਨਕਾਰਦਿਆਂ ਨਾਮਨਜ਼ੂਰ ਕਰਨ ਦਾ ਐਲਾਨ ਕੀਤਾ ਗਿਆ ਹੈ ।
ਪੰਜਾਬ ਪੱਧਰ 'ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਸਾੜਦੇ ਹੋਏ ਹੈੱਡਮਾਸਟਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਭਾਵੇਸ ਕੁਮਾਰ ਜਨਰਲ ਸਕੱਤਰ ਰਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਵਰਗ ਲਈ ਚਿੱਟਾ ਹਾਥੀ ਸਾਬਤ ਹੋ ਰਹੇ ਪੇ ਕਮਿਸ਼ਨ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਮੁਲਾਜ਼ਮਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ ਪੰਜਵੇਂ,ਤਨਖਾਹ ਕਮਿਸ਼ਨ ਦੁਆਰਾ 01.01.2006 ਤੋਂ ਹੀ ਹੈੱਡਮਾਸਟਰ ਕਾਡਰ ਦੀ ਤਨਖਾਹ ਦੀ ਫਿਕਸੇਸ਼ਨ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਹੈੱਡਮਾਸਟਰ ਦੀ ਅਸਾਮੀ ਡੀ.ਡੀ.ਓ. ਤੇ ਗਜ਼ਟਿਡ ਹੋਣ ਕਾਰਨ ਜ਼ਿੰਮੇਵਾਰੀਆਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਜਿਸ ਕਾਰਨ ਪੇਅ ਪੈਂਡ ਲੈਵਲ 3 ਦੀ ਥਾਂ ਪੇਅ ਬੈਂਡ ਲੈਵਲ 4 ਦੇਣਾ ਬਣਦਾ ਹੈ । ਉਹਨਾਂ ਕਿਹਾ ਕਿ ਹੈੱਡਮਾਸਟਰ ਕਾਡਰ ਨੇ ਸਰਕਾਰੀ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਕੇ ਮਿਆਰੀ ਸਿੱਖਿਆ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ । ਹੁਣ ਸਰਕਾਰੀ ਸਕੂਲ ਦੀ ਦਿੱਖ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੀ ਹੈ । ਗੁਣਾਤਮਕਤਾ ਪੱਖੋਂ ਵੀ ਸਰਕਾਰੀ ਸਕੂਲ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲੱਗੇ ਹਨ । ਹੁਣ ਜਦ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਭਰ ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ ਹੈ , ਇਸ ਸ਼ਾਨਦਾਰ ਪ੍ਰਾਪਤੀ ਦਾ ਇਨਾਮ ਹੈੱਡਮਾਸਟਰਜ਼ ਆਤੇ ਪ੍ਰਿੰਸੀਪਲਜ਼ ਨੂੰ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਨਿੰਦਣਯੋਗ ਰਿਪੋਰਟ ਰਾਹੀਂ ਦਿੱਤਾ ਹੈ । ਸਿੱਖਿਆ ਪਿਛਲੇ 15 ਸਾਲਾਂ ਤੋਂ ਪੰਜਾਬ ਭਰ ਦੇ ਹੈੱਡਮਾਸਟਰਜ਼ ਸਿਰਫ 5400 ਗ੍ਰੇਡ ਪੇਅ ਲੈ ਰਹੇ ਹਨ ਜਦਕਿ ਇਸ ਕਾਡਰ ਦਾ ਕੰਮ ਪਿ੍ੰਸੀਪਲ ਕਾਡਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ । ਹੈੱਡਮਾਸਟਰਜ਼ ਐਸੋਸੀਏੇਸ਼ਨ ਨੇ ਕਿਹਾ ਕਿ ਸਾਡਾ 15600-39100 ਪੇਅ-ਬੈਂਡ ਅਤੇ ਗ੍ਰੇਡ-ਪੇਅ 6600 ਬਣਦਾ ਹੈ ਪਰੰਤੂ ਸਰਕਾਰ ਵੱਲੋਂ ਇਸ ਕੇਡਰ ਨਾਲ ਧੱਕਾ ਕਰਦੇ ਹੋਏ ਗ੍ਰੇਡ ਪੇਅ 10300+34800+5400 ਹੀ ਰੱਖਿਆ ਗਿਆ ਹੈ, ਜਿਸ ਨਾਲ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਤਾਂ ਹੋਇਆ ਹੀ ਹੈ, ਉਹਨਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚੀ ਹੈ। ਇਸ ਲਈ ਐਸੋਸੀਏਸ਼ਨ ਵੱਲੋਂ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਗਿਆ ਹੈ ਅਤੇ ਮੁਲਾਜਮ ਮਾਰੂ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹੈੱਡਮਾਸਟਰਜ਼ ਦੀਆਂ ਪੇਅ ਫਿਕਸ਼ੇਸ਼ਨ ਸਬੰਧੀ ਜਾਇਜ਼ ਤੇ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਤੁਰੰਤ ਮੀਟਿੰਗ ਦਾ ਸਮਾਂ ਦੇ ਕੇ ਇਹਨਾਂ ਦਾ ਹੱਲ ਕਰੇ। ਅੱਜ ਦੇ ਇਸ ਰੋਸ ਪ੍ਦਰਸ਼ਨ ਮੌਕੇ ਪਿ੍ੰਸੀਪਲ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਉਤਸ਼ਾਹ ਨਾਲ਼ ਸਹਿਯੋਗ ਦਿੱਤਾ ਗਿਆ । ਪੀਈਐਸ ਕੇਡਰ ਦੀਆਂ ਦੋਹਾਂ ਜਥੇਬੰਦੀਆਂ ਵੱਲੋਂ ਭਵਿੱਖ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਗਏ ।ਉਹਨਾਂ ਪ੍ਰਬੰਧਕੀ ਭੱਤਾ/ਦਫਤਰੀ ਖਰਚਾ 4000/- ਰੁਪਏ ਲਾਗੂ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ । ਉਹਨਾਂ ਹੈੱਡਮਾਸਟਰ ਤੋਂ ਪਿ੍ੰਸੀਪਲ ਪ੍ਮੋਸ਼ਨ ਕੋਟਾ 40% ਕਰਨ ਅਤੇ 8-10 ਸਾਲ ਰੈਗੂਲਰ ਸੇਵਾ ਨਿਭਾਉਣ ਉਪਰੰਤ ਯੋਗ ਪ੍ਣਾਲੀ ਰਾਹੀਂ ਭਰਤੀ ਹੋਏ ਹੈੱਡਮਾਸਟਰਜ਼ ਤੇ ਸਾਰੇ ਕਾਡਰਾਂ ਦੇ ਪਰਖ ਸਮੇਂ ਨੂੰ ਇੱਕ ਸਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਕਾਡਰ ਦੀ ਸਾਂਝੀ ਸਟੇਟ ਕਮੇਟੀ ਦੇ ਨੁਮਾਇੰਦਿਆਂ ਵਜੋਂ ਡਿਪਟੀ ਡੀ.ਈ.ਓ. ਸ. ਜਗਰੂਪ ਸਿੰਘ ਭਾਰਤੀ, ਸ੍ਰੀ ਅਸ਼ੋਕ ਕੁਮਾਰ , ਸ.ਗੁਰਸੇਵ ਸਿੰਘ, ਸ. ਰਾਮਜੀਤ ਸਿੰਘ , ਸ.ਅਵਤਾਰ ਸਿੰਘ, ਸ੍ਰੀਮਤੀ ਮੋਨਿਕਾ ਰਾਣੀ (ਸਾਰੇ ਪ੍ਰਿੰਸੀਪਲ) ਅਤੇ ਹੈੱਡਮਾਸਟਰਜ਼ ਕਾਡਰ ਵੱਲੋਂ ਸ੍ਰੀ ਮੁਨੀਸ਼ ਕੁਮਾਰ , ਸ੍ਰੀ ਰਾਕੇਸ਼ ਕੁਮਾਰ, ਸ੍ਰੀਮਤੀ ਪ੍ਰਵੀਨ ਰਾਣੀ, ਸ੍ਰੀਮਤੀ ਸਵਾਤੀ ਜਿੰਦਲ, ਸ੍ਰੀਮਤੀ ਅਮਨਦੀਪ ਕੌਰ, ਰਾਧਾ ਰਾਣੀ (ਸਾਰੇ ਹੈੱਡਮਾਸਟਰ )ਹਾਜ਼ਰ ਸਨ।