ਪ੍ਰਧਾਨ ਹਰਿੰਦਰਪਾਲ ਸਿੰਘ ਪੰਨੂੰ |
ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਨੇ ਮਨਪ੍ਰੀਤ ਬਾਦਲ( ਵਿੱਤ ਮੰਤਰੀ ਪੰਜਾਬ) ਨੂੰ ਮੁਖਾਤਿਬ ਹੁੰਦਿਆਂ ਅਧਿਆਪਕ ਵਰਗ ਲਈ ਖੁਲ੍ਹਾ ਖ਼ਤ ਲਿਖਿਆ ਅਤੇ ਸਮੁੱਚੇ ਪ੍ਰਾਇਮਰੀ ਅਧਿਆਪਕਾਂ ਨਾਲ ਹੋਏ ਧੱਕੇ ਦੀ ਨਿੰਦਾ ਕੀਤੀ। ਸ. ਮਨਪ੍ਰੀਤ ਬਾਦਲ ਤੋਂ ਪੇਅ ਕਮਿਸ਼ਨ ਤੋਂ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਹੱਕ ਲੈ ਕੇ ਦੇਣ ਦੀ ਵਕਾਲਤ ਕੀਤੀ।
*ਵਿੱਤ ਮੰਤਰੀ(ਪੰਜਾਬ ਸਰਕਾਰ) ਦੇ ਨਾਂ ਖੁੱਲ੍ਹਾ ਖ਼ਤ*
ਸ. ਮਨਪ੍ਰੀਤ ਬਾਦਲ ਜੀਓ,
ਜਿਵੇਂ ਕਿ ਕਿਹਾ ਜਾਂਦਾ ਹੈ ਹਰੇਕ ਮਨੁੱਖ ਦੇ ਪਿੱਛੇ ਉਸ ਦੀ ਸਫਲਤਾ/ਅਸਫਲਤਾ ਦਾ ਕਾਰਨ ਉਸ ਦੀ ਸਿੱਖਿਆ ਹੁੰਦੀ ਹੈ ਬੇਸ਼ੱਕ ਉਹ ਦੁਨਿਆਵੀ ਹੋਵੇ ਚਾਹੇ ਵਿਵਹਾਰਕ । ਠੀਕ ਉਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਗੁਫ਼ਤਗੂ ਦੌਰਾਨ ਅਲਫ਼ਾਜ਼ ਤੁਸੀਂ ਆਪਣੀ ਭਾਸ਼ਾ ਚ ਵਰਤੋਂ ਕਰਦੇ ਹੋ, ਜ਼ਰੂਰ ਚੰਗੇ ਉਸਤਾਦਾਂ ਦੀ ਦੇਣ ਅਤੇ ਉਸ ਮਾਲਕ ਦੀ ਕਿਰਪਾ ਹੋਵੇਗੀ ਵਰਨਾ ਇਹ ਹਰੇਕ ਦੇ ਹਿੱਸੇ ਨਹੀਂ ਆਉਂਦਾ। ਜਿਵੇਂ ਸਾਨੂੰ ਆਪਣੇ ਉਸਤਾਦ ਯਾਦ ਆਉਂਦੇ ਨੇ ਠੀਕ ਤੁਹਾਡੇ ਉੱਤੇ ਵੀ ਤੁਹਾਡੇ ਉਸਤਾਦਾਂ ਦੀ ਕਿਰਪਾ ਰਹੀ ਹੋਵੇਗੀ ।ਉਸਤਾਦੀ ਸ਼ਗਿਰਦੀ ਇਹ ਅੱਜ ਦੀ ਗੱਲ ਨਹੀਂ ਇਹ ਪੁਰਾਤਨਤਾ ਤੋਂ ਚਲੀ ਆ ਰਹੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਹੀ ਇਸ ਤਰ੍ਹਾਂ ਚਲਦੇ ਰਹਿਣਾ ਹੈ ਕਿਉਂਕਿ ਕੋਈ ਵੀ ਹੋਂਦ ਉਸਤਾਦ ਤੋਂ ਬਿਨਾਂ ਸੰਭਵ ਨਹੀਂ। ਚਾਹੇ ਇਕਲਵਿਆ ਲਈ ਦਰੋਣਾਚਾਰੀਆ ਹੀ ਕਿਉਂ ਨਾ ਹੋਵੇ।ਜੇ ਗੱਲ ਅਜੋਕੇ ਸਮੇਂ ਦੀ ਕਰੀਏ ਤਾਂ ਪੰਜਾਬ ਦੇ ਨੰਨ੍ਹੇ ਮੁੰਨੇ ਬੱਚਿਆਂ ਦੇ ਭਵਿੱਖ ਲਈ ,ਸਮਾਜ ਵਿੱਚ ਕੁਝ ਕਰ ਗੁਜ਼ਰਨ ਦੇ ਲਈ ਮਾਪਿਆਂ ਅਤੇ ਸਮਾਜ ਵੱਲੋਂ ਉਸਤਾਦਾਂ/ ਅਧਿਆਪਕਾਂ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਜੋ ਉਹ ਇੱਕ ਚੰਗੇ ਇਨਸਾਨ ਅਤੇ ਵਧੀਆ ਵਿਅਕਤੀਤਵ ਦੇ ਮਾਲਕ ਬਣ ਸਕਣ।
ਜਿੱਥੋਂ ਤਕ ਮੌਜੂਦਾ ਪੰਜਾਬ ਦੀ ਗੱਲ ਹੈ, ਅਧਿਆਪਕਾਂ ਨੇ ਇਹ ਸਾਬਤ ਕੀਤਾ ਹੈ। ਤੁਹਾਡੀ ਸਰਕਾਰ, ਵਿਭਾਗੀ ਅੰਕੜੇ ਤੇ ਤੁਸੀਂ ਖੁਦ ਮੰਨਦੇ ਹੋ ਕਿ ਸਿੱਖਿਆ ਦੇ ਖੇਤਰ ਵਿਚ ਅੱਜ ਪੰਜਾਬ ਹਰ ਪੱਖੋਂ ਮੋਹਰੀ ਹੈ। ਤੁਸੀਂ ਇਸ ਸਭ ਲਈ ਜਿੱਥੇ ਅਧਿਆਪਕ ਵਰਗ ਦਾ ਧੰਨਵਾਦ ਕੀਤਾ ਹੈ ,ਇਹ ਧੰਨਵਾਦ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਹੋ ਕੇ ਤੁਹਾਡੇ ਉਨ੍ਹਾਂ ਗੁਰੂਜਨਾਂ ਲਈ ਵੀ ਹੈ ਜਿਨ੍ਹਾਂ ਨੇ ਤੁਹਾਨੂੰ ਸਿੱਖਿਆ ਦੇ ਕੇ ਇਸ ਕਾਬਲ ਬਣਾਇਆ। ਇੱਕ ਅਧਿਆਪਕ/ਉਸਤਾਦ ਹੀ ਹੈ ਜੋ ਕਿਸੇ ਦੀ ਜੀਵਨ ਰੂਪੀ ਮਿੱਟੀ ਨੂੰ ਇੱਕ ਵਧੀਆ ਰੂਪ,ਵਧੀਆ ਰੰਗ ਅਤੇ ਵਧੀਆ ਸੇਧ ਦੇ ਸਕਦਾ ਹੈ ਅੱਜ ਜਦੋਂ ਉਨ੍ਹਾਂ ਦੀ ਇਸ ਮਿਹਨਤ ਨੂੰ ਸਿਜਦਾ ਕਰਨ ਦਾ ਸਮਾਂ ਸੀ ਤਾਂ ਆਪ ਜੀ ਦੇ ਅਧੀਨ ਆਉਂਦੇ ਵਿੱਤ ਵਿਭਾਗ ਵੱਲੋਂ ਪੁਰਾਣੇ ਪੇ ਕਮਿਸ਼ਨ ਵੱਲੋਂ ਦਿਤੇ ਪੇ ਸਕੇਲਾਂ ਨੂੰ ਨਾ ਮਨਜ਼ੂਰ ਕਰਦਿਆਂ ਆਪਣਾ ਅਧਿਆਪਕਾਂ ਪ੍ਰਤੀ ਰਵੱਈਆ ਸਾਫ ਕਰ ਦਿੱਤਾ ਕਿ ਆਰਥਿਕਤਾ ਤੋਂ ਵੱਧ ਉਨ੍ਹਾਂ ਲਈ ਇਹ ਕੁਝ ਵੀ ਨਹੀਂ । ਜਦੋਂ ਕਿ ਤੁਸੀਂ ਤਾਂ ਵਿੱਤ ਵਿਭਾਗ ਦੇ ਮਾਲਕ ਹੋ ਅਤੇ ਕੋਈ ਵੀ ਅਧਿਕਾਰੀ ਕਰਮਚਾਰੀ ਦੀ ਜ਼ੁਰਅਤ ਨਹੀਂ ਹੁੰਦੀ ਕਿ ਆਪਣੇ ਤੋਂ ਸੀਨੀਅਰ ਦੀ ਮਰਜ਼ੀ ਬਿਨਾਂ ਕੋਈ ਗੱਲ ਉਸ ਤੋਂ ਪੁੱਛੇ ਬਗ਼ੈਰ ਕਰ ਸਕੇ। ਜਿਸ ਤਰ੍ਹਾਂ ਦੀ ਤੁਹਾਡੀ ਜੀਵਨ ਸ਼ੈਲੀ ਹੈ ਅਤੇ ਤੁਹਾਡੇ ਨਾਲ ਬ ਵਾਸਤਾ ਸਾਥੀ ਦੱਸਦੇ ਹਨ ਕਿ ਤੁਸੀਂ ਆਪਣੇ ਅਧਿਆਪਕਾਂ/ਗੁਰੂਜਨਾਂ ਦਾ ਹੱਦ ਤੋਂ ਵੀ ਵੱਧਕੇ ਸਤਿਕਾਰ ਕਰਦੇ ਹੋ ।ਤੁਹਾਡੇ ਅਧਿਕਾਰੀਆਂ ਕਰਮਚਾਰੀਆਂ ਨੇ ਇਹ ਹਿਮਾਕਤ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਰੁਤਬਾ ਉਹਨਾਂ ਦੀ ਨਜ਼ਰ ਵਿੱਚ ਕੁਝ ਵੀ ਨਹੀਂ ਅਤੇ ਤੁਹਾਡੀਆਂ ਸਿੱਖਿਆਵਾਂ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦੀਆਂ ਜਾਂ ਫਿਰ ਇਹ ਅਣਜਾਣੇ ਵਿੱਚ ਹੋਈ ਗ਼ਲਤੀ ਹੈ। ਇਹ ਸਾਡੇ ਤੋਂ ਬਿਹਤਰ ਤੁਸੀਂ ਜਾਣਦੇ ਹੋ।ਇਹ ਖੁਨਾਮੀ ਪਹਿਲੀ ਵਾਰ ਨਹੀਂ ਬਲਕਿ ਦੂਸਰੀ ਵਾਰ ਹੋਣ ਜਾ ਰਹੀ ਹੈ ਜਿਸ ਕਾਰਨ ਇਨ੍ਹਾਂ ਗੁਰੂਜਨਾਂ ਦੇ ਚਿਹਰਿਆਂ ਤੇ ਪਿਲੱਤਣ ਫਿਰ ਚੁੱਕੀ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ ਅਤੇ ਵਧ ਰਹੀ ਮਹਿੰਗਾਈ ਨੂੰ ਦੇਖ ਕੇ ਕਾਫੀ ਆਹਤੁਰ ਹਨ ।ਅੱਜ ਤੁਹਾਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਹੈ ਅਤੇ ਸਦਬੁੱਧੀ ਦਿੱਤੀ ਹੈ ਅੱਜ ਤੁਹਾਡੇ ਕੋਲ ਸਮਾਂ ਹੈ ਕਿ ਗੁਰੂਜਨਾਂ ਲਈ ਕੁੱਝ ਕਰ ਸਕੋ।ਗੁਰੂ ਚੇਲੇ ਦੀ ਪਿਰਤ ਵਿੱਚ ਗੁਰੂ ਚੇਲੇ ਤੋਂ ਕੁਝ ਮੰਗਦਾ ਨਹੀਂ ਪ੍ਰੰਤੂ ਆਪਣਾ ਅਧਿਕਾਰ ਜ਼ਰੂਰ ਰੱਖਦਾ ਹੈ ਉਸ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇ । ਪੰਜਵੇਂ ਤਨਖਾਹ ਕਮਿਸ਼ਨ ਦੀ ਦਫ਼ਤਰੀ ਉਕਾਈ ਜੋ ਕਿ ਉਸ ਵੇਲੇ ਦੀ ਪੰਜਾਬ ਸਰਕਾਰ ਨੇ 2011 ਵਿੱਚ ਸੋਧ ਲਈ ਸੀ।ਆਪ ਜੀ ਦੇ ਵਿੱਤ ਵਿਭਾਗ ਵੱਲੋਂ ਉਹਨਾਂ ਸਕੇਲਾਂ ਨੂੰ ਨਾ ਮੰਨ ਕੇ ਇਨ੍ਹਾਂ ਗੁਰੂ ਜਿਨ੍ਹਾਂ ਦੇ ਮੂੰਹ ਵਿਚੋਂ ਬੁਰਕੀ ਖੋਹਣ ਦੀ ਕੋਸ਼ਿਸ਼ ਕੀਤੀ ਹੈ।ਉਮੀਦ ਹੈ ਕਿ ਆਪ ਜੀ ਦੇ ਅਧਿਕਾਰੀਆਂ ਵੱਲੋਂ ਹੋਈ ਇਸ ਖੁਨਾਮੀ ਨੂੰ ਤੁਸੀਂ ਤੁਰੰਤ ਸੋਧਦੇ ਹੋਏ ਅਧਿਆਪਕਾਂ ਦਾ ਮਾਣ ਸਤਿਕਾਰ ਬਹਾਲ ਕਰਦੇ ਹੋਏ ਗੁਰਜਨਾਂ ਦੀਆਂ ਅਸੀਸਾਂ ਦੇ ਪਾਤਰ ਬਣੋਗੇ।ਇਸ ਗੁਰੂ ਚੇਲੇ ਦੀ ਪਰੰਪਰਾ ਵਿੱਚ ਵਧੀਆ ਅਧਿਆਏ ਜੋੜਨ ਵਿੱਚ ਕਾਮਯਾਬ ਹੋਵੋਗੇ।