*21 ਜੁਲਾਈ ਦੀ ਮੋਹਾਲੀ ਰੈਲੀ ਲਾਮਿਸਾਲ ਹੋਵੇਗੀ : ਪੰਜਾਬ ਰਾਜ ਅਧਿਆਪਕ ਗਠਜੋੜ*
ਅਧਿਆਪਕ ਏਕਤਾ ਅਤੇ ਮਜ਼ਬੂਤ ਸਾਂਝੇ ਸੰਘਰਸ਼ ਦੀ ਹਾਮੀ ਭਰਦੇ ਨਿਰਮਿਤ ਹੋਏ 'ਪੰਜਾਬ ਰਾਜ ਅਧਿਆਪਕ ਗਠਜੋੜ' ਵਲੋਂ 21 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ ਵੱਲ ਰੋਸ ਮਾਰਚ ਕਰਦੇ ਹੋਏ ਲਾਮਿਸਾਲ ਰੈਲੀ ਕੀਤੀ ਜਾਵੇਗੀ। ਪੰਜਾਬ ਰਾਜ ਅਧਿਆਪਕ ਗਠਜੋੜ ਇਕਾਈ ਜ਼ਿਲ੍ਹਾ ਜਲੰਧਰ ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਜ਼ਿਲ੍ਹਾ ਪਵਨ ਮਸੀਹ, ਈ ਟੀ ਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਰਾਜ ਸਿੰਘ, ਬੀ ਐੱਡ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ,ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਲਾਲ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਵੱਲੋਂ ਅਧਿਆਪਕ ਵਰਗ ਦੇ ਪੇ ਸਕੇਲਾਂ ਅਤੇ ਭੱਤਿਆਂ 'ਚ ਕਟੌਤੀ ਕਰਕੇ ਪਾਏ ਵਿੱਤੀ ਘਾਟੇ ਦੇ ਵਿਰੋਧ,ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲੀ ਅਤੇ ਕੱਚੇ ਅਧਿਆਪਕ ਰੈਗੂਲਰ ਕਰਨ ਦੀਆਂ ਅਹਿਮ ਮੰਗਾਂ ਦੀ ਪੂਰਤੀ ਕਰਨਾ ਹੈ। ਇਸ ਰੈਲੀ ਵਿੱਚ ਜਲੰਧਰ ਜ਼ਿਲ੍ਹੇ ਦੇ ਪ੍ਰਾਇਮਰੀ ਅੱਪਰ ਪ੍ਰਾਇਮਰੀ ਅਧਿਆਪਕਾਂ ਦੀਆਂ ਜ਼ਿਲ੍ਹਾ,ਤਹਿਸੀਲ ਅਤੇ ਬਲਾਕ ਪੱਧਰ ਤੇ ਡਿਊਟੀਆਂ ਲਗਾਈਆਂ ਗਈਆਂ ਹਨ। ਜਲੰਧਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਰੈਲੀ ਲਈ ਮੋਹਾਲੀ ਲਈ ਕੂਚ ਕਰਨਗੇ। ਗਠਜੋੜ ਦੇ ਉਕਤ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਆਖਿਆ ਕਿ ਅਗਰ ਪੰਜਾਬ ਸਰਕਾਰ ਨੇ ਜਲਦ ਉਕਤ ਮੰਗਾਂ ਦੀ ਪੂਰਤੀ ਵੱਲ ਧਿਆਨ ਨਾ ਦਿੱਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।