ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ਼ ਤੇ ਗ੍ਰਿਫਤਾਰੀ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ
ਬੇਰੁਜ਼ਗਾਰ ਅਧਿਆਪਕਾਂ ਨੂੰ ਤਰੁੰਤ ਪੱਕਾ ਰੁਜ਼ਗਾਰ ਦੇਵੇ ਸਰਕਾਰ :- ਸੁਖਵਿੰਦਰ ਚਾਹਲ
ਫਿਲੌਰ :- 15 ਜੂਨ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਤੇ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਅੱਜ ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਤੇ ਭਾਰੀ ਲਾਠੀਚਾਰਜ਼ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਇਸ ਸਮੇਂ ਆਗੂਆਂ ਨੇ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਮਰਦ ਪੁਲਿਸ ਅਧਿਕਾਰੀਆਂ ਵਲੋਂ ਘੜੀਸਣਾਂ ਤੇ ਉਹਨਾਂ ਦੀਆਂ ਚੁੰਨੀਆਂ ਲਾਹੁਣੀਆਂ ਤੇ ਕੁੱਟਣਾਂ ਅਤਿ ਨਿੰਦਣਯੋਗ ਹਨ! ਇਸ ਸਮੇਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਸਕੂਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆ ਹਨ ਤੇ ਦੂਸਰੇ ਪਾਸੇ ਯੋਗਤਾ ਪ੍ਰਾਪਤ ਲੜਕੇ ਲੜਕੀਆਂ ਨੌਕਰੀ ਵਾਸਤੇ ਧਰਨੇ ਮੁਜਾਹਰੇ ਕਰ ਰਹੇ ਹਨ ਤੇ ਰੁਜਗਾਰ ਲਈ ਟਾਵਰਾਂ ਤੇ ਬੈਠੇ ਬੇਰੁਜਗਾਰ ਜਿੰਦਗੀ ਮੌਤ ਦੀ ਲੜਾਈ ਲੜ੍ਹ ਰਹੇ ਹਨ ਤੇ ਸਰਕਾਰ ਕੇਦਰ ਸਰਕਾਰ ਨਾਲ ਮਿਲ ਕੇ ਫਰਜੀ ਅੰਕੜੇ ਪੇਸ਼ ਕਰਕੇ ਸਿੱਖਿਆਂ ਦੀਆਂ ਪ੍ਰਾਪਤੀਆਂ ਦਾ ਅਖੌਤੀ ਢੰਡੋਰਾ ਪਿੱਟ ਰਹੇ ਹਨ ਤੇ ਸਰਕਾਰ ਪ੍ਰਚਾਰ ਰਾਹੀ ਹੀ ਪਤਾ ਨੀ ਕਿਹੜੇ ਲੋਕਾਂ ਨੂੰ 17 ਲੱਖ ਨੌਕਰੀ ਵੰਡੀ ਬੈਠੀ ਹੈ! ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਕੇ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਅਸਲੀ ਜਾਮਾਂ ਪਹਿਨਾਇਆ ਜਾਵੇ! ਇਸ ਸਮੇਂ ਆਗੂਆਂ ਨੇ ਸਰਕਾਰ ਦੇ ਉਸ ਫੈਸਲੇ ਦੀ ਵੀ ਨਿੰਦਾਂ ਕੀਤੀ ਹੈ ਜਿਸ ਤਹਿਤ ਕੈਪਟਨ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਚੋਰ ਮੋਰੀ ਰਾਂਹੀ ਗਜ਼ਟਿਡ ਪੋਸਟਾਂ ਤੇ ਤਾਇਨਾਤ ਕਰਨਾ ਚਾਹੁੰਦੀ ਹੈ! ਇਸ ਸਮੇਂ ਉਹਨਾਂ ਨੇ ਬੇਰੁਜ਼ਗਾਰਾਂ ਦੇ ਹਰ ਤਰਾਂ ਦੇ ਅੰਦੋਲਨ ਦੇ ਸਮੱਰਥਨ ਦਾ ਫੈਸਲਾ ਕੀਤਾ!