ਖੇਡਾਂ ਨੂੰ ਉਤਸ਼ਾਹਿਤ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਦਿੱਤੀ ਹੈ ਨਵੀਂ ਦਿਸ਼ਾ : ਸੁੰਦਰ ਸ਼ਾਮ ਅਰੋੜਾ
ਕੈਬਨਿਟ ਮੰਤਰੀ ਨੇ ਵੱਖ-ਵੱਖ ਖੇਡਾਂ ’ਚ ਨਾਮ ਕਮਾਉਣ ਵਾਲੇ ਪਿੰਡ ਨੰਗਲ ਸ਼ਹੀਦਾਂ ਦੇ ਖਿਡਾਰੀਆਂ ਅਤੇ ਪਿੰਡ ਦੀ ਪੰਚਾਇਤ ਨੂੰ ਕੀਤਾ ਸਨਮਾਨਿਤ
ਕਿਹਾ, ਹਰ ਪਿੰਡ ਦੀ ਪੰਚਾਇਤ ਆਪਣੇ ਨੌਜਵਾਨਾਂ ਨੂੰ ਪੜਾਈ ਅਤੇ ਖੇਡਾਂ ’ਚ ਅੱਗੇ ਵੱਧਣ ਲਈ ਕਰਨ ਪ੍ਰੇਰਿਤ, ਸਰਕਾਰ ਕਰੇਗੀ ਪੂਰਾ ਸਹਿਯੋਗ
ਹੁਸ਼ਿਆਰਪੁਰ, 3 ਜੂਨ : ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਅੱਗੇ ਲਿਜਾਣ ਦੇ ਲਈ ਹਮੇਸ਼ਾਂ ਹੀ ਯਤਨਸ਼ੀਲ ਹੈ, ਇਹੀ ਕਾਰਨ ਹੈ ਕਿ ਅੱਜ ਪੰਜਾਬ ਸਰਕਾਰ ਨੇ ਖੇਡਾਂ ਦੇ ਮਾਮਲਿਆਂ ਵਿੱਚ ਪੂਰੇ ਦੇਸ਼ ਵਿੱਚ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਉਹ ਪਿੰਡ ਨੰਗਲ ਸ਼ਹੀਦਾਂ ਵਿੱਚ ਵੱਖ-ਵੱਖ ਖੇਡਾਂ ਵਿੱਚ ਨਾਮ ਕਮਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਜਿਥੇ ਖੇਡਾਂ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਦਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਆਉਂਦੇ ਹੀ ਪੰਜਾਬ ਵਿੱਚ ਖੇਡ ਨੀਤੀ ਤਹਿਤ ਇਸ ਨੂੰ ਬੜਾਵਾ ਦੇਣ ਦਾ ਜੋ ਕੰਮ ਕੀਤਾ ਉਸ ਨੂੰ ਪੂਰੇ ਦੇਸ਼ ਵਿੱਚ ਸਲਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ’ਤੇ ਮੈਡਲ ਹਾਸਲ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਸਰਕਾਰ ਵਲੋਂ ਜਿਥੇ ਨਕਦ ਪੁਰਸਕਾਰ ਦਿੱਤੇ ਗਏ , ਉਥੇ ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਨੰਗਲ ਸ਼ਹੀਦਾਂ ਜ਼ਿਲ੍ਹੇ ਦਾ ਮਾਣ ਹੈ, ਜਿਸ ਨੇ ਪੰਜਾਬ ਅਤੇ ਦੇਸ਼ ਨੂੰ ਵੱਡੇ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਨੂੰ ਆਪਣੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਜਿਸ ਲਈ ਪੰਜਾਬ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਰਾਸ਼ਟਰੀ ਫੁੱਟਬਾਲ ਕੋਚ ਅਮਰਜੀਤ ਸਿੰਘ, ਰਾਸ਼ਟਰੀ ਫੁੱਟਬਾਲ ਖਿਡਾਰੀ ਮਨਦੀਪ ਸਿੰਘ, ਰਾਸ਼ਟਰੀ ਐਥਲੀਟ ਅਮਰਜੀਤ ਕੌਰ, ਏਕਤਾ ਸੈਣੀ, ਰਾਜ ਪੱਧਰੀ ਹਾਕੀ ਖਿਡਾਰੀ ਸਤਨਾਮ ਕੌਰ, ਰਾਜ ਪੱਧਰੀ ਕ੍ਰਿਕਟ ਖਿਡਾਰੀ ਸੰਦੀਪ ਸੈਣੀ, ਰਾਸ਼ਟਰੀ ਪੱਧਰ ਦੇ ਬਾਡੀ ਬਿਲਡਰ ਹਰਵੀਰ ਸਿੰਘ, ਸੋਰਭ ਸੈਣੀ ਤੇ ਆਈ.ਆਈ.ਟੀ. ਪਟਨਾ ਤੋਂ ਕੰਪਿਊਟਰ ਸਾਇੰਸ ਵਿੱਚ ਪੀ.ਐਚ.ਡੀ. ਕਰਨ ਵਾਲੀ ਮਮਤਾ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਦੇਖ ਕੇ ਨਾ ਸਿਰਫ ਇਸ ਪਿੰਡ ਦੇ ਬਲਕਿ ਜ਼ਿਲ੍ਹੇ ਦੇ ਹੋਰ ਪਿੰਡਾਂ ਦੇ ਨੌਜਵਾਨ ਵੀ ਪੜ੍ਹਾਈ ਤੇ ਖੇਡਾਂ ਪ੍ਰਤੀ ਵੱਧ ਤੋਂ ਵੱਧ ਉਤਸ਼ਾਹਿਤ ਹੋਣਗੇ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਪੰਜ ਪਿੰਡ ’ਤੇ ਇਕ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜੋ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰੇਗਾ। ਉਨ੍ਹਾਂ ਨੌਜਵਾਨਾਂ ਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਤੇ ਖੇਡਾਂ ਪ੍ਰਤੀ ਵੱਧ ਤੋਂ ਵੱਧ ਉਤਸ਼ਾਹ ਦਿਖਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦਿਹਾਤੀ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਪਿੰਡ ਦੀ ਸਰਪੰਚ ਪਰਮਜੀਤ ਕੌਰ, ਜੇ.ਈ. ਪੰਚਾਇਤੀ ਰਾਜ ਸੰਦੀਪ ਗੌਤਮ, ਬਲਾਕ ਸੰਮਤੀ ਮੈਂਬਰ ਬਿਮਲਾ ਦੇਵੀ, ਪੰਚ ਜਗਤਾਰ ਸੈਣੀ, ਪੰਚ ਰਜਨੀ ਬਾਲਾ, ਪੰਚ ਸੁਖਵਿੰਦਰ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਰਾਜ ਕੁਮਾਰੀ, ਸੰਦੀਪ ਸੈਣੀ, ਕ੍ਰਿਸ਼ਨ ਕਾਂਤ, ਸਰਪੰਚ ਕੁਲਦੀਪ ਅਰੋੜਾ ਆਦਿ ਵੀ ਮੌਜੂਦ ਸਨ।