ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਹਨ੍ਹੇਰੇ ਤੋਂ ਚਾਨਣ ਦਾ ਸਫ਼ਰ
ਸਮਾਜ 'ਚ ਰਹਿ ਕੇ ਨਸ਼ਾ ਛੱਡਣ ਵਾਲਿਆਂ ਦੀ ਜ਼ਿੰਦਗੀ ਚ ਲਿਆਂਦੀ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਨੇ ਤਬਦੀਲੀ
- ਨਸ਼ਾ ਛੱਡਣ ਬਾਅਦ ਗੁਜ਼ਾਰ ਰਹੇ ਨੇ ਸਨਮਾਨਜਨਕ ਜ਼ਿੰਦਗੀਆਂ
-ਪਟਿਆਲਾ ਜ਼ਿਲ੍ਹੇ ਦੇ 12 ਓਟ ਕਲੀਨਿਕ ਨਸ਼ਾ ਮੁਕਤੀ ਦੇ ਬਣੇ ਵਾਹਕ
ਪਟਿਆਲਾ, 24 ਜੂਨ:
ਕਿਸੇ ਵੇਲੇ ਨਸ਼ਿਆਂ ਦੀ ਗੁਲਾਮੀ ਭੋਗਣ ਵਾਲੇ ਨੌਜੁਆਨ ਅੱਜ ਸਰਕਾਰ ਵੱਲੋਂ ਨਸ਼ਾ ਮੁਕਤੀ ਮੁਹਿੰਮ ਤਹਿਤ ਚਲਾਏ ਓਟ ਕਲੀਨਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮੁੜ ਤੋਂ ਸਨਮਾਨਜਨਕ ਜ਼ਿੰਦਗੀ ਜਿਉਣ ਲਗੇ ਹਨ।
ਪਟਿਆਲਾ ਜ਼ਿਲ੍ਹੇ ਅੰਦਰਲੇ ਕੰਮ ਕਰ ਰਹੇ 12 ਓਟ ਕਲੀਨਿਕ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਏ ਵਿਅਕਤੀਆਂ ਲਈ ਨਸ਼ਾ ਛੱਡਕੇ ਸਮਾਜ ਦੀ ਮੁਖਧਾਰਾ 'ਚ ਵਾਪਸ ਆਉਣ ਦਾ ਇੱਕ ਬਿਹਤਰ ਜਰੀਆਂ ਸਾਬਤ ਹੋ ਰਹੇ ਹਨ। ਆਪਣਾ ਨਾਮ ਜਨਤਕ ਨਾ ਕਰਨ ਦੀ ਸ਼ਰਤ ਤੇ ਸ਼ਹਿਰ ਦੇ ਇੱਕ ਓਟ ਕਲੀਨਿਕ 'ਚ ਇਲਾਜ ਲਈ ਆਉਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਪਰਿਵਾਰ ਚ ਰਹਿ ਕੇ ਨਸ਼ਾ ਛੱਡਣਾ ਉਨ੍ਹਾਂ ਨੂੰ ਦਾਖਲ ਹੌਂਕੇ ਇਲਾਜ ਕਰਵਾਉਣ ਨਾਲੋਂ ਚੰਗਾ ਲੱਗਿਆ। ਉਨ੍ਹਾਂ ਨਾਲ ਹੀ ਹੋਰਨਾਂ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਵੀ ਆਪਣੇ ਇਲਾਜ ਵਾਸਤੇ ਇਨ੍ਹਾਂ ਓਟ ਕਲੀਨਿਕਾਂ ਦਾ ਸਹਾਰਾ ਲੈਣ ਦੀ ਅਪੀਲ ਵੀ ਕੀਤੀ।
ਆਪਣੀ ਹੱਡਬੀਤੀ ਦੱਸਦਿਆ ਉਨ੍ਹਾਂ ਕਿਹਾ ਕਿ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਨਸ਼ਿਆਂ ਦੀ ਦਲਦਲ 'ਚ ਫਸ ਤਾਂ ਗਏ ਪਰੰਤੂ ਇਸ ਤੋਂ ਬਾਅਦ ਨਸ਼ਾ ਛੁੱਡਣਾ ਔਖਾ ਹੋ ਗਿਆ, ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਓਟ ਕਲੀਨਿਕਾਂ (ਓ.ਓ.ਏ.ਟੀ.) 'ਚ ਓਟ ਲਈ ਤੇ ਇਹ ਹੌਲੀ-ਹੌਲੀ ਉਨ੍ਹਾਂ ਦੀ ਨਸ਼ਾ ਮੁਕਤੀ ਦਾ ਜਰੀਆਂ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਮਾਜ 'ਚ ਰਹਿਕੇ ਬਿਨਾਂ ਹਸਪਤਾਲ ਦਾਖਲ ਹੋਏ ਇਹ ਇਲਾਜ ਦਾ ਬਿਹਤਰ ਤਰੀਕਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਰੋਜਮਰਹਾ ਦੇ ਕੰਮ ਕਰਨ 'ਚ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਂਦੀ ਤੇ ਉਹ ਇਸ ਅਲਾਮਤ ਤੋਂ ਛੁਟਕਾਰਾ ਵੀ ਪਾ ਰਹੇ ਹਨ।
ਗੱਲ ਕਰਨ 'ਤੇ ਆਪਣਾ ਨਾਮ ਪਤਾ ਗੁਪਤ ਰੱਖਦਿਆਂ ਇਨ੍ਹਾਂ ਮਰੀਜਾਂ ਨੇ ਕਿਹਾ ਕਿ ਉਹ ਭਾਵੇਂ ਆਪਣਾ ਇਲਾਜ ਤਾਂ ਕਰਵਾਉਣਾ ਚਾਹੁੰਦੇ ਸਨ ਪਰ ਘਰੇਲੂ ਮਜਬੂਰੀਆਂ ਕਾਰਨ ਨਸ਼ਾ ਮੁਕਤੀ ਕੇਂਦਰਾਂ 'ਚ ਦਾਖਲ ਨਹੀਂ ਸਨ ਹੋ ਸਕਦੇ ਪਰ ਇਨ੍ਹਾਂ ਓਟ ਸੈਂਟਰਾਂ ਨੇ ਇਸ ਭਿਆਨਕ ਬਿਮਾਰੀ ਤੋਂ ਆਪਣਾ ਇਲਾਜ ਕਰਵਾਉਣ ਦਾ ਜੋ ਰਸਤਾ ਦਿਖਾਇਆ ਹੈ, ਉਹ ਬਹੁਤ ਹੀ ਬਿਹਤਰ ਹੈ।
ਓਟ ਸੈਂਟਰਾਂ ਦੇ ਨੋਡਲ ਅਫ਼ਸਰ ਡਾ. ਸਾਜੀਲਾ ਖਾਨ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਵੀ ਓਟ ਸੈਂਟਰਾਂ ਵੱਲੋਂ ਮਰੀਜਾਂ ਨਾਲ ਪੂਰਾ ਰਾਬਤਾ ਰੱਖਿਆ ਗਿਆ ਅਤੇ ਕਾਉਂਸਲਰਾਂ ਵੱਲੋਂ ਦਵਾਈ ਸਬੰਧੀ ਪੂਰੀ ਜਾਣਕਾਰੀ ਦੇਕੇ ਉਨ੍ਹਾਂ ਨੂੰ 14 ਦਿਨਾਂ ਦੀ ਦਵਾਈ ਦਿੱਤੀ ਜਾਂਦੀ ਰਹੀ ਸੀ, ਜਿਸ ਕਾਰਨ ਮਰੀਜਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।
ਸੀ.ਐਸ.ਸੀ. ਘਨੌਰ 'ਚ ਬਣੇ ਓਟ ਕਲੀਨਿਕ 'ਚ ਆਪਣਾ ਇਲਾਜ ਕਰਵਾਉਣ ਵਾਲੇ 50 ਸਾਲਾ ਇੱਕ ਮਰੀਜ ਨੇ ਆਪਣਾ ਓਟ ਕੀਨਿਕ ਦਾ ਤਜ਼ਰਬਾ ਸਾਂਝਾ ਕਰਦੇ ਹੋਏ ਕਿਹਾ ਕਿ ''ਉਹ ਅਫੀਮ ਸਮੇਤ ਹੋਰ ਕਈ ਨਸ਼ੇ ਕਰਦਾ ਸੀ ਪਰ ਇਸਦੇ ਇਲਾਜ ਲਈ ਦਾਖਲ ਨਹੀਂ ਸੀ ਹੋਣਾਂ ਚਾਹੁੰਦਾ, ਕਿਉਂਕਿ ਆਪਣਾ ਘਰ ਚਲਾਉਣ ਲਈ ਉਸਨੂੰ ਕੰਮ ਕਰਨਾ ਪੈਣਾ ਹੈ, ਪਰੰਤੂ ਓਟ ਕਲੀਨਿਕ ਸਦਕਾ ਉਸਨੇ ਆਪਣਾ ਇਲਾਜ ਕਰਵਾ ਲਿਆ ਹੈ।''
ਸੀ.ਐਚ.ਸੀ. ਘਨੌਰ ਦੇ ਹਸਪਤਾਲ ਦੇ ਓਟ ਕਲੀਨਿਕ ਦੇ ਡਾ. ਜਸਜੋਤ ਸਿੰਘ ਦਿਉਲ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ 'ਚ ਆਉਣ ਵਾਲੇ ਮਰੀਜਾਂ ਦਾ ਪਿਸ਼ਾਬ ਟੈਸਟ ਕਰਕੇ ਨਸ਼ੇ ਦੀ ਕਿਸਮ ਦੇ ਮਾਤਰਾ ਦਾ ਪਤਾ ਲਗਾ ਕੇ ਉਸਦੇ ਹਿਸਾਬ ਨਾਲ ਬਦਲਵੀਂ ਦਵਾਈ ਉਨ੍ਹਾਂ ਵੱਲੋਂ ਖ਼ੁਦ ਖਵਾਈ ਜਾਂਦੀ ਹੈ। ਮਰੀਜ ਦੇ ਅਧਾਰ ਕਾਰਡ ਨਾਲ ਆਨ ਲਾਇਨ ਆਈ.ਡੀ. ਬਣਾ ਕੇ ਉਸਨੂੰ ਇੱਕ ਨੰਬਰ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਮਰੀਜ ਪੰਜਾਬ 'ਚ ਕਿਸੇ ਵੀ ਓਟ ਕਲੀਨਿਕ 'ਚ ਜਾ ਕੇ ਦਵਾਈ ਲੈ ਸਕਦਾ ਹੈ।
ਡਾ. ਜਸਜੋਤ ਸਿੰਘ ਦਿਉਲ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ 'ਚ ਅਫ਼ੀਮ ਦੀ ਸ਼੍ਰੇਣੀ ਦੇ ਨਸ਼ੇ, ਹੈਰੋਇਨ, ਭੁੱਕੀ, ਚਿੱਟਾ ਤੇ ਸਮੈਕ ਆਦਿ ਦੇ ਮਰੀਜ ਆਉਂਦੇ ਹਨ, ਜਿਨ੍ਹਾਂ ਨੂੰ ਮਾਹਰ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਤੇ ਕਾਉਂਸਲਰਾਂ ਤੋਂ ਇਲਾਜ ਕਰਵਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਮਰੀਜ ਨਸ਼ਾ ਤਿਆਗ ਕੇ ਦਵਾਈ ਲੈਣ ਲੱਗ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਸਦੇ ਸਰੀਰ ਦੀ ਜਾਂਚ ਕਰਨ ਉਪਰੰਤ ਉਸਦਾ ਇਲਾਜ ਪੂਰਾ ਹੋਣ ਕਰਕੇ ਮਰੀਜ ਨਸ਼ਾ ਮੁਕਤ ਹੋ ਜਾਂਦਾ ਹੈ।
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਸਾਕੇਤ ਹਸਪਤਾਲ, ਕੇਂਦਰੀ ਜੇਲ੍ਹ ਪਟਿਆਲਾ, ਸਿਵਲ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ ਸਮੇਤ ਸੀ.ਐਚ.ਸੀ. ਮਾਡਲ ਟਾਊਨ, ਤ੍ਰਿਪੜੀ, ਕਾਲੋਮਾਜਰਾ, ਭਾਦਸੋਂ, ਘਨੌਰ, ਦੂੱਧਨ ਸਾਧਾਂ ਅਤੇ ਪਾਤੜਾਂ ਵਿਖੇ ਇਹ 12 ਕਲੀਨਿਕ ਚੱਲ ਰਹੇ ਹਨ, ਜਿਥੇ ਹੁਣ ਤੱਕ 4932 ਮਰੀਜਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਨ੍ਹਾਂ ਵਿਚੋਂ ਕਾਫ਼ੀ ਮਰੀਜ ਠੀਕ ਹੋਕੇ ਆਪਣੀ ਰੋਜਮਰ੍ਹਾ ਦੀ ਜਿੰਦਗੀ ਚੰਗੀ ਤਰ੍ਹਾਂ ਜੀਅ ਰਹੇ ਹਨ।