ਮਿਸ਼ਨ ਤੰਦਰੁਸਤ ਪੰਜਾਬ : ਸਾਫ਼-ਸੁਥਰਾ ਵਾਤਾਵਰਣ ਤੇ ਮਿਆਰੀ ਖਾਣ-ਪੀਣ ਯਕੀਨੀ ਬਨਾਉਣ ਲਈ ਸਰਕਾਰ ਵਚਨਬੱਧ : ਸੁੰਦਰ ਸ਼ਾਮ ਅਰੋੜਾ

 ਮਿਸ਼ਨ ਤੰਦਰੁਸਤ ਪੰਜਾਬ : ਸਾਫ਼-ਸੁਥਰਾ ਵਾਤਾਵਰਣ ਤੇ ਮਿਆਰੀ ਖਾਣ-ਪੀਣ ਯਕੀਨੀ ਬਨਾਉਣ ਲਈ ਸਰਕਾਰ ਵਚਨਬੱਧ : ਸੁੰਦਰ ਸ਼ਾਮ ਅਰੋੜਾ

ਮੁੱਖ ਮੰਤਰੀ ਵਲੋਂ ਗੜ੍ਹਦੀਵਾਲਾ ’ਚ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ, 3.14 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਮੁਕੰਮਲ

ਮਿਸ਼ਨ ਤੰਦਰੁਸਤ ਪੰਜਾਬ ਦੀ ਕਾਮਯਾਬੀ ਨਾਲ ਸਿਹਤਮੰਦ ਪੰਜਾਬ ਦਾ ਸੁਪਨਾ ਹੋਵੇਗਾ ਸਾਕਾਰ

ਹੁਸ਼ਿਆਰਪੁਰ, 5 ਜੂਨ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੋਕਾਂ ਦੀ ਨਰੋਈ ਸਿਹਤ ਦੇ ਮੱਦੇਨਜ਼ਰ ਸਾਫ਼-ਸੁਥਰਾ ਵਾਤਾਵਰਣ, ਮਿਆਰੀ ਖਾਣ-ਪੀਣ ਯਕੀਨੀ ਬਨਾਉਣ ਦੇ ਨਾਲ-ਨਾਲ ਪੰਜਾਬ ਨੂੰ ਹਰ ਪੱਖੋਂ ਸਿਹਤਮੰਦ ਬਨਾਉਣ ਲਈ ਪੰਜਾਬ ਸਰਕਾਰ ਵਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।



ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਚੰਡੀਗੜ੍ਹ ਤੋਂ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਕਾਇਆਕਲਪ ਦੀ ਆਨਲਾਈਨ ਕੀਤੀ ਸ਼ੁਰੂਆਤ ਵਿੱਚ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਹਿੱਸਾ ਲੈਂਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਵਾਤਾਵਰਣ ਪੱਖੋਂ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਨਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਵੱਡੇ ਪੱਧਰ ’ਤੇ ਠੱਲ੍ਹ ਪਾਈ ਹੈ।

  ਮਿਸ਼ਨ ਤੰਦਰੁਸਤ ਪੰਜਾਬ ਦੀ ਕਾਇਆਕਲਪ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਨਰੋਈ ਸਿਹਤ ਪੰਜਾਬ ਸਰਕਾਰ ਦੀ ਇਕ ਮੁੱਖ ਤਰਜੀਹ ਹੈ ਜਿਸ ਤਹਿਤ ਹੁਸ਼ਿਆਰਪੁਰ ਦੇ ਲਗਭਗ ਹਰ ਖੇਤਰ ਵਿਚਲੇ ਪਾਰਕ ਅੰਦਰ ਓਪਨ ਜਿੰਮ ਸਥਾਪਤ ਕੀਤੇ ਗਏ ਹਨ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਪਿੰਡ ’ਚ 550 ਬੂਟੇ ਲਾਉਣ ਤੋਂ ਇਲਾਵਾ ਹੁਣ ਹੁਸ਼ਿਆਰਪੁਰ ’ਚ ਹਰਿਆਵਲ ਨੂੰ ਹੋਰ ਵਧਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2018 ਤੋਂ ਵੱਖ-ਵੱਖ ਵਿਧੀਆਂ ਰਾਹੀਂ ਜੰਗਲਾਤ ਦੇ ਖੇਤਰਫ਼ਲ ਵਿੱਚ 13184 ਹੈਕਟੇਅਰ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ ਵਿੱਚ 400 ਬੂਟੇ ਲਾਏ ਗਏ ਅਤੇ ਘਰ-ਘਰ ਹਰਿਆਲੀ ਸਕੀਮ ਜੋ 2018-19 ਵਿੱਚ ਸ਼ੁਰੂ ਕੀਤੀ ਗਈ ਸੀ ਤਹਿਤ ਲਗਭਗ 109 ਲੱਖ ਬੂਟੇ ਵੱਖ-ਵੱਖ ਸੰਸਥਾਵਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਗਏ ਤਾਂ ਜੋ ਇਨ੍ਹਾਂ ਦੀ ਸਹੀ ਸਾਂਭ-ਸੰਭਾਲ ਨਾਲ ਸਿਹਤਮੰਦ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2021-22 ਬਜਟ ਦੌਰਾਨ 60 ਲੱਖ ਬੂਟੇ ਲਗਾਉਣ ਲਈ ਪਨਕੈਂਪਾ ਫੰਡਾਂ ਲਈ 223 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਸ ਤਹਿਤ 8 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਪੌਦੇ ਲਗਾਉਣ ਦਾ ਟੀਚਾ ਹੈ।

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਢਲੇ 10 ਖੇਤਰਾਂ, ਜਿਨ੍ਹਾਂ ਵਿੱਚ ਸ਼ੁੱਧ ਹਵਾ, ਸਾਫ਼ ਪਾਣੀ, ਮਿਲਾਵਟਖੋਰੀ ਦਾ ਖਾਤਮਾ ਸ਼ਾਮਲ ਹਨ, ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਫ਼ ਵਾਤਾਵਰਣ ਮਨੁੱਖੀ ਹੋਂਦ ਲਈ ਬਹੁਤ ਹੀ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਾਤਾਵਰਣ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ, ਸੜਕ ਸੁਰੱਖਿਆ ਨੂੰ ਯਕੀਨੀ ਬਨਾਉਣ, ਕੂੜਾ ਅਤੇ ਪਰਾਲੀ ਪ੍ਰਬੰਧਨ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਨਿੱਗਰ ਸਮਾਜ ਦੀ ਕਲਪਨਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ।

ਮੁੱਖ ਮੰਤਰੀ ਵਲੋਂ ਗੜ੍ਹਦੀਵਾਲਾ ਸ਼ਹਿਰ ਲਈ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ : ਮਿਸ਼ਨ ਤੰਦਰੁਸਤ ਪੰਜਾਬ ਦੀ ਕਾਇਆਕਲਪ ਦੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੜ੍ਹਦੀਵਾਲਾ ਸ਼ਹਿਰ ਲਈ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਿਹੜਾ ਕਿ 3.14 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਇਸ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਸਮਰੱਥਾ 2 ਮੀਲੀਅਨ ਲੀਟਰ ਪ੍ਰਤੀ ਦਿਨ ਹੋਵੇਗੀ ਜਿਸ ਨਾਲ ਗੜ੍ਹਦੀਵਾਲਾ ਅਤੇ ਇਸ ਦੇ ਬਿਲਕੁਲ ਆਸ-ਪਾਸ ਦੀ ਵਸੋਂ ਨੂੰ ਵੱਡਾ ਫਾਇਦਾ ਹੋਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ ਆਦਿ ਮੌਜੂਦ ਸਨ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends