ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲਾ ਵਾਰ ਸੂਚੀ ਜਾਰੀ
ਸ਼ੇਖੂਪੁਰ, ਧਰਮਕੋਟ ਬੱਗਾ, ਸੱਲੋ ਚਾਹਲ ਤੇ ਪੰਡੋਰੀ ਬੈਂਸਾਂ ਦੇ ਸਰਕਾਰੀ ਸਕੂਲ ਬਣੇ ਸਰਬੋਤਮ ਸਕੂਲ
ਸਰਬੋਤਮ ਸਕੂਲਾਂ ਦੀ ਸੁੂਚੀ ਵਿੱਚ ਆਉਣ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਡਿਪਟੀ ਕਮਿਸ਼ਨਰ ਨੇ ਵਧਾਈ ਦਿੱਤੀ
ਬਟਾਲਾ, 3 ਜੂਨ ( ) - ਸਕੂਲ ਸਿੱਖਿਆ ਵਿਭਾਗ ਵੱਲੋਂ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲਾਵਾਰ ਸੂਚੀ ਜਾਰੀ ਕੀਤੀ ਗਈ ਹੈ। ਰਾਜ ਭਰ ਦੀ ਸਰਬੋਤਮ ਸਰਕਾਰੀ ਸਕੂਲਾਂ ਦੀ ਸੂਚੀ ਵਿੱਚ ਸਰਹੱਦੀ ਜ਼ਿਲਾ ਗੁਰਦਾਸਪੁਰ ਦੇ 4 ਸਰਕਾਰੀ ਸਕੂਲਾਂ ਸ਼ੇਖੂਪੁਰ, ਧਰਮਕੋਟ ਬੱਗਾ, ਸੱਲੋ ਚਾਹਲ ਤੇ ਪੰਡੋਰੀ ਬੈਂਸਾਂ ਨੇ ਆਪਣੀ ਥਾਂ ਬਣਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਹੈ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ਿਲੇੇ ਦੇ ਚੋਟੀ ਦਾ ਪ੍ਰਦਰਸਨ ਕਰਨ ਵਾਲੇ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨਾਂ ਸਰਬੋਤਮ ਸਕੂਲਾਂ ਦੀ ਸੁੂਚੀ ਵਿੱਚ ਆਉਣ ਵਾਲੇ ਜ਼ਿਲੇ ਦੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ 10 ਲੱਖ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਸੂਚੀ ਵਿੱਚ ਜ਼ਿਲਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਸੇਖਪੁਰ ਨੂੰ ਸਥਾਨ ਹਾਸਲ ਹੋਇਆ ਹੈ। ਇਸੇ ਤਰਾਂ ਹਾਈ ਸਕੂਲਾਂ ਦੀ ਸ਼੍ਰੇਣੀ ਵਿੱਚ ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ ਨੇ ਆਪਣੀ ਥਾਂ ਬਣਾਈ ਹੈ ਅਤੇ ਇਸ ਸਕੂਲ ਨੂੰ ਇਨਾਮ ਵਜੋਂ 7.50 ਲੱਖ ਰੁਪਏ ਦਾ ਇਨਾਮ ਮਿਲੇਗਾ। ਉਨਾਂ ਦੱਸਿਆ ਕਿ ਮਿਡਲ ਸਕੂਲਾਂ ਦੀ ਸੂਚੀ ਵਿੱਚ ਜ਼ਿਲੇ ਦੇ ਦੋ ਮਿਡਲ ਸਕੂਲ ਸੱਲੋ ਚਾਹਲ ਅਤੇ ਪੰਡੋਰੀ ਬੈਂਸਾਂ ਆਏ ਹਨ ਅਤੇ ਰਾਜ ਸਰਕਾਰ ਵੱਲੋਂ ਇਨਾਂ ਸਕੂਲਾਂ ਨੂੰ 5 ਲੱਖ ਰੁਪਏ ਦਾ ਵਿਸ਼ੇਸ਼ ਪੁਰਸਕਾਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਮੰਨਿਆ ਗਿਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਨਿਰੰਤਰ ਸਮਰਪਿਤ ਯਤਨਾਂ ਸਦਕਾ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ, ਦਾਖਲਿਆਂ ਵਿੱਚ ਵਾਧਾ, ਬੁਨਿਆਦੀ ਢਾਂਚਾ ਦਾ ਵਿਕਾਸ ਅਤੇ ਅਧਿਆਪਨ ਸਟਾਫ ਦੀ ਪੂਰੀ ਉਪਲਬਧਤਾ ਦੇ ਰੂਪ ਵਿੱਚ ਉਸਾਰੂ ਸਿੱਟੇ ਨਜਰ ਆ ਰਹੇ ਹਨ।