ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ
ਡਿਪਟੀ ਕਮਿਸ਼ਨਰ ਨੇ ਕੋਵਿਡ ਬੰਦਿਸ਼ਾਂ 15 ਜੂਨ ਤੱਕ ਵਧਾਈਆਂ ਪਰ ਦਰਜਾਵਾਰ ਛੋਟਾਂ ਦੇ ਦਿੱਤੇ ਆਦੇਸ਼
ਦੁਕਾਨਾਂ ਖੋਲਣ ਦੇ ਸਮੇਂ ਵਿੱਚ ਕੀਤਾ ਵਾਧਾ
ਹਫਤਾਵਰੀ ਕਰਫਿਊ ਸ਼ਨੀਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ ਲਾਗੂ
#ਬਠਿੰਡਾ, 9 ਜੂਨ : ਪੰਜਾਬ ਸਰਕਾਰ,ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਲਗਾਈਆ ਗਈਆ ਪਾਬੰਦੀਆਂ ਤਹਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਕੁਝ ਛੋਟਾਂ ਦੇ ਨਾਲ ਕੋਵਿਡ ਬੰਦਿਸ਼ਾਂ 15 ਜੂਨ 2021 ਤੱਕ ਵਧਾਉਣ ਦੇ ਆਦੇਸ਼ ਦਿੱਤੇ ਹਨ। ਇਨਾਂ ਹੁਕਮਾਂ ਅਨੁਸਾਰ ਰਾਤ ਦਾ ਕਰਫਿਊ ਸ਼ਨਿਚਰਵਾਰ ਸਮੇਤ ਹਫਤੇ ਦੇ ਦਿਨਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਪਰ ਐਤਵਾਰ ਨੂੰ ਹਫਤਾਵਾਰੀ ਕਰਫਿਊ ਜਾਰੀ ਰਹੇਗਾ। ਪ੍ਰਾਈਵੇਟ ਦਫਤਰ 50 ਫੀਸਦੀ ਸਮਰੱਥਾ ਨਾਲ ਖੋਲੇ ਜਾ ਸਕਣਗੇ।
ਜਾਰੀ ਹੁਕਮਾਂ ਅਨੁਸਾਰ ਹੁਣ ਸ਼ਾਮ 6 ਵਜੇ ਤੱਕ ਸਾਰੀਆਂ ਦੁਕਾਨਾਂ ਖੋਲੀਆਂ ਜਾ ਸਕਣਗੀਆਂ, ਜਿੰਨਾਂ ਵਿੱਚ ਮਾਲ, ਮਲਟੀਪਲੈਕਸ ਸ਼ਾਮਿਲ ਹਨ ਅਤੇ ਰੈਸਟੋਰੈਂਟ, ਹੋਟਲ, ਢਾਬਾ ਆਦਿ ਨੂੰ ਰਾਤ 9 ਵਜੇ ਤੱਕ ਹੋਮ ਡਲੀਵਰੀ ਲਈ ਆਗਿਆ ਹੋਵੇਗੀ।
ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਹਵਾਈ ਯਾਤਰਾ ਰਾਹੀਂ ਜ਼ਿਲਾ ਬਠਿੰਡਾ ਵਿੱਚ ਆਵੇਗਾ, ਉਸ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸਨ ਸਰਟੀਫਿਕੇਟ (ਘੱਟੋ-ਘੱਟ ਇੱਕ ਡੋਜ) 2 ਹਫਤੇ ਪੁਰਾਣੀ ਜਰੂਰ ਹੋਣੀ ਚਾਹੀਦੀ ਹੈ। ਪਬਲਿਕ ਟਰਾਂਸਪੋਰਟ (ਬੱਸ, ਟੈਕਸੀ, ਆਟੋ) ਵਿੱਚ 50 ਫੀਸਦੀ ਸਵਾਰੀਆਂ ਹੀ ਹੋਣੀਆਂ ਚਾਹੀਦੀਆਂ ਹਨ।
ਸਾਰੇ ਵਿੱਦਿਅਕ ਅਦਾਰੇ ਜਿਵੇਂ ਸਕੂਲ-ਕਾਲਜ ਬੰਦ ਰਹਿਣਗੇ, ਜਦਕਿ ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁਲੇ ਰਹਿਣਗੇ।
ਸਮਾਜਿਕ ਵਿੱਥ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਨਾਲ ਭਰਤੀ ਪ੍ਰੀਖਿਆਵਾਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਹਾਲਾਂਕਿ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨਲਾਈਨ ਤਰੀਕੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਖੇਡ ਸਿਖਲਾਈ ਨੂੰ ਵੀ ਆਗਿਆ ਦੇ ਦਿੱਤੀ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨੂੰ ਆਖਿਆ ਗਿਆ ਕਿ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਜਿਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਸਾਰੇ ਪ੍ਰਾਈਵੇਟ ਦਫਤਰਾਂ ਸਮੇਤ ਸਰਵਿਸ ਇੰਡਸਟਰੀ ਜਿਵੇਂ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਬੀਮਾ ਕੰਪਨੀਆਂ ਆਦਿ ਨੰੂ 50 ਫੀਸਦੀ ਸਟਾਫ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।
ਪਾਜ਼ੇਟਿਵ ਦਰ ਅਤੇ ਐਕਟਿਵ ਕੇਸਾਂ ਦੇ ਘਟਣ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਨੇ ਵਿਆਹ ਅਤੇ ਸਸਕਾਰ ਸਮੇਤ ਇਕੱਠਾਂ ਵਿੱਚ 20 ਵਿਅਕਤੀਆਂ ਦੀ ਆਗਿਆ ਦੇ ਦਿੱਤੀ।
ਉਨਾਂ ਕਿਹਾ ਕਿ ਹਸਪਤਾਲ, ਪਸੂ ਹਸਪਤਾਲ ਅਤੇ ਸਾਰੀਆਂ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣ ਉਤਪਾਦਨ ਕਰਨ ਅਤੇ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਨੂੰ ਛੋਟ ਹੋਵੇਗੀ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਤ ਕਾਮਿਆਂ ਨੂੰ ਟਰਾਂਸਪੋਰਟੇਸਨ ਦੀ ਆਗਿਆ ਹੋਵੇਗੀ ਪਰ ਉਨਾਂ ਕੋਲ ਪਛਾਣ ਪੱਤਰ ਹੋਣਾ ਲਾਜਮੀ ਹੋਵੇਗਾ।
ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਜਿਵੇਂ ਬਰੈਡ, ਦੁੱਧ ਤੇ ਅੰਡੇ ਡੇਅਰੀ ਉਤਪਾਦ ਜਿਵੇਂ ਦਹੀਂ, ਪਨੀਰ, ਮੱਖਣ ਆਦਿ, ਦੋਧੀਆਂ ਨੂੰ ਦੁੱਧ ਦੀ ਢੋਆ-ਢੋਆਈ, ਦੁੱਧ ਦੀਆਂ ਡੇਅਰੀਆਂ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ, ਮੀਟ, ਮੱਛੀ ਅਤੇ ਪੋਲਟਰੀ ਉਤਪਾਦ ਦੀਆਂ ਦੁਕਾਨਾਂ, ਖੁੱਲੀਆਂ ਰਹਿ ਸਕਣਗੀਆਂ।
ਜਾਰੀ ਹੁਕਮਾਂ ਅਨੁਸਾਰ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਨਿਰਮਾਣ ਕਾਰਜਾਂ ਨਾਲ ਸਬੰਧਤ ਗਤੀਵਿਧੀਆਂ, ਖੇਤੀਬਾੜੀ ਸਮੇਤ ਖਰੀਦ, ਬਾਗਬਾਨੀ, ਪਸੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਜਾਰੀ ਰਹਿਣਗੀਆਂ।
ਹੁਕਮਾਂ ਮੁਤਾਬਿਕ ਟੈਲੀਕਾਮਨੀਕੇਸਨ, ਇੰਟਰਨੈਟ ਸਰਵਿਸ, ਬਰਾਡਕਾਸਟਿੰਗ ਤੇ ਕੇਬਲ ਸਰਵਿਸ, ਆਈ.ਟੀ. ਸੇਵਾਵਾਂ, ਪੈਟਰੋਲ ਪੰਪ ਅਤੇ ਪੈਟਰੋਲਿਅਮ ਉਤਪਾਦ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਰਿਟੇਲ ਅਤੇ ਸਟੋਰੇਜ ਆਊਟਲੈਟ, ਪਾਵਰ ਜਨਰੇਸਨ, ਟਰਾਂਸਮਿਸਨ ਅਤੇ ਵੰਡ ਇਕਾਈਆਂ ਅਤੇ ਸੇਵਾਵਾਂ, ਕੋਲਡ ਸਟੋਰੇਜ ਅਤੇ ਵੇਅਰਹਾਊਸ ਸਰਵਿਸਜ, ਸਾਰੇ ਬੈਂਕ/ਆਰ.ਬੀ.ਆਈ. ਸਰਵਿਸ, ਏ.ਟੀ.ਐਮ. ਕੈਸ ਵੈਨਜ ਅਤੇ ਕੈਸ ਸੰਭਾਲਣ ਜਾਂ ਵੰਡ ਕਰਨ ਵਾਲੇ ਕਰਮਚਾਰਿਆਂ ਨੂੰ ਕਰਫਿਊ ਦੌਰਾਨ ਕੰਮ ਲਈ ਛੋਟ ਹੋਵੇਗੀ ਪਰੰਤੂ ਕਰਮਚਾਰੀ ਕੋਲ ਸਬੰਧਤ ਕੰਪਨੀ ਜਾਂ ਫਰਮ ਤੋਂ ਅਧਿਕਾਰਤ ਪਛਾਣ ਪੱਤਰ ਹੋਣਾ ਲਾਜਮੀ ਹੈ।
ਸ੍ਰੀ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਵਿਡ-19 ਸਬੰਧੀ ਹਦਾਇਤਾਂ ਜਿਵੇਂ 6 ਫੁੱਟ ਦੀ ਸਮਾਜਿਕ ਦੂਰੀ (ਦੋ ਗਜ ਦੀ ਦੂਰੀ) ਮਾਸਕ ਪਹਿਣਨ ਅਤੇ ਜਨਤਕ ਥਾਵਾਂ ’ਤੇ ਨਾ ਥੁੱਕਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਉਨਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਸੈਕਸਨ 51 ਤੋਂ 60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।