ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ' ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣ

  ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ' ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣ

ਟੈਕਨਾਲੋਜੀ ਦੁਆਰਾ ਵਿਦਿਆਰਥੀਆਂ ਦੇ ਵੱਖ-ਵੱਖ ਤਕਨੀਕੀ ਕੌਸ਼ਲਾਂ ਨੂੰ ਨਿਖਾਰਨਾ ਯੂਥ ਪ੍ਰੋਗਰਾਮ ਦਾ ਮੁੱਖ ਮੰਤਵ 

 ਐੱਸ.ਏ.ਐੱਸ.ਨਗਰ 23 ਜੂਨ (ਚਾਨੀ ) ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਯੋਗ ਰਹਿਨੁਮਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੇ ਮਾਰਗਦਰਸ਼ਨ ਅਤੇ ਪ੍ਰੇਰਨਾ ਸਦਕਾ ਸਕੂਲ ਸਿੱਖਿਆ ਵਿਭਾਗ ਨਿੱਤ ਦਿਨ ਨਵੇਂ ਦਿਸਹੱਦੇ ਸਿਰਜ ਰਿਹਾ ਹੈ।ਇਸ ਦੀ ਤਾਜ਼ਾ ਮਿਸਾਲ ਰਾਸ਼ਟਰੀ ਸਕੂਲ ਸਰਵੇਖਣ ਦਰਜਾਬੰਦੀ ਵਿੱਚੋਂ ਸਮੁੱਚੇ ਭਾਰਤ ਵਿੱਚੋਂ ਪੰਜਾਬ ਦੇ ਅੱਵਲ ਸਥਾਨ ਪ੍ਰਾਪਤ ਕਰਨ ਤੋਂ ਮਿਲਦੀ ਹੈ। ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਦੀ ਲੜੀ ਦਿਨ-ਬ-ਦਿਨ ਵੱਡੀ ਹੁੰਦੀ ਜਾ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਚੋਣ 'ਰਿਸਪੌਂਸੀਬਲ ਏਆਈ( ਆਰਟੀਫਿਸ਼ੀਅਲ ਇੰਟੈਲੀਜੈਂਸ) ਫਾਰ ਯੂਥ ਪ੍ਰੋਗਰਾਮ' ਲਈ ਹੋਣਾ ਪੰਜਾਬ ਲਈ ਇੱਕ ਹੋਰ ਵੱਡਾ ਮਾਅਰਕਾ ਹੈ। 


  ਇਸ ਮੌਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਰਾਸ਼ਟਰੀ ਪੱਧਰ ਦੇ ਇਸ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਿਹਨਤੀ ਸਿੱਖਿਆ ਅਮਲਾ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸਮੇਂ ਤਤਪਰ ਅਤੇ ਯਤਨਸ਼ੀਲ ਹੈ ਕਿਉਂਕਿ ਸੂਚਨਾ ਅਤੇ ਟੈਕਨਾਲੋਜੀ ਦੇ ਦੌਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾ ਕੇ ਹੀ ਸਕੂਲੀ ਸਿੱਖਿਆ ਦੇ ਆਧੁਨਿਕ ਟੀਚਿਆਂ ਦੀ ਪੂਰਤੀ ਸੰਭਵ ਹੈ। 




ਇਸ ਮੌਕੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਭਾਰਤ ਸਰਕਾਰ ਅਤੇ ਇੰਟੈੱਲ ਇੰਡੀਆ ਦੇ ਸਾਂਝੇ ਉੱਦਮਾਂ ਸਦਕਾ ਇਲੈਕਟ੍ਰਾਨਿਕ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਅਧੀਨ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੁਆਰਾ ਲਾਂਚ ਕੀਤਾ ਗਿਆ ਹੈ। 


ਜਿਸ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਵਿੱਚ ਏਆਈ(ਆਰਟੀਫਿਸ਼ੀਅਲ ਇੰਟੈਲੀਜੈਂਸ ) ਸਬੰਧੀ ਕਾਰਜਕੁਸ਼ਲਤਾ ਦੀਆਂ ਕਮੀਆਂ ਨੂੰ ਦੂਰ ਕਰਕੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੌਸ਼ਲਾਂ ਨੂੰ ਨਿਪੁੰਨਤਾ ਦੇ ਪੱਧਰ 'ਤੇ ਵਿਕਸਿਤ ਕਰਨਾ ਹੈ। ਤਾਂ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਵਿੱਖ ਵਿੱਚ ਟੈਕਨਾਲੋਜੀ ਦੇ ਖੇਤਰ ਵਿੱਚ ਨਵੇਂ-ਨਵੇਂ ਮਾਧਿਅਮਾਂ ਦਾ ਨਿਰਮਾਣ ਕਰਨ ਅਤੇ ਇਹਨਾਂ ਦੀ ਸਹੀ ਵਰਤੋਂ ਕਰਨ ਦੇ ਯੋਗ ਬਣਨ। ਉਹਨਾਂ ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਮੂਹ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਹਰ ਖੇਤਰ ਵਿੱਚ ਝੰਡਾ ਬਰਦਾਰ ਬਣਨ ਲਈ ਪ੍ਰੇਰਿਆ। 




  ਭਾਰਤ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਭਾਰਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਪੂਰਨ ਤੌਰ 'ਤੇ ਕਾਰਜਕੁਸ਼ਲ ਬਣਨ ਦੇ ਅਵਸਰ ਪ੍ਰਦਾਨ ਕਰਨ ਲਈ ਉਲੀਕਿਆ ਗਿਆ ਹੈ।


 ਇਸ ਪ੍ਰੋਗਰਾਮ ਲਈ 28 ਰਾਜਾਂ ਅਤੇ 8 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਨਾਮਾਂਕਨ ਹੋਏ 53782 ਵਿਦਿਆਰਥੀਆਂ ਵਿੱਚੋਂ ਡੀਪ ਡਾਈਵਿੰਗ ਟ੍ਰੇਨਿੰਗ ਲਈ ਸਿਰਫ਼ 125 ਵਿਦਿਆਰਥੀਆਂ ਦੀ ਚੋਣ ਹੋਈ ਹੈ । ਆਰਟੀਫਿਸ਼ੀਅਲ ਇੰਟੈਲੀਜੈਂਸ ਟ੍ਰੇਨਿੰਗ ਲਈ ਚੁਣੇ ਗਏ 11000 ਵਿਦਿਆਰਥੀਆਂ ਵਿੱਚੋਂ 125 ਵਿਦਿਆਰਥੀਆਂ ਦੀ ਚੋਣ ਅਗਲੇਰੀ ਟ੍ਰੇਨਿੰਗ ਲਈ ਕੀਤੀ ਗਈ ਹੈ।  


ਸਿੱਖਿਆ ਵਿਭਾਗ ਲਈ ਇਹ ਬੜੇ ਫ਼ਖਰ ਵਾਲੀ ਗੱਲ ਹੈ ਕਿ ਇਹਨਾਂ ਚੁਣੇ ਗਏ 125 ਵਿਦਿਆਰਥੀਆਂ ਵਿੱਚੋਂ 18 ਵਿਦਿਆਰਥੀ ਸਾਡੇ ਸੂਬੇ ਪੰਜਾਬ ਨਾਲ ਸਬੰਧਿਤ ਹਨ। 


ਪੰਜਾਬ ਦੇ ਸਰਕਾਰੀ ਸਕੂਲਾਂ ਦੇ ਚੁਣੇ ਗਏ 18 ਵਿਦਿਆਰਥੀਆਂ ਵਿੱਚ ਬਾਰ੍ਹਵੀਂ ਜਮਾਤ ਦਾ ਇੱਕ ਵਿਦਿਆਰਥੀ ਕਸ਼ਿਸ਼ ਸੋਢਾ , ਸਸਸਸ(ਮੁੰਡੇ),ਮਲੋਟ, ਮੁਕਤਸਰ ਗਿਆਰ੍ਹਵੀਂ ਜਮਾਤ ਦੇ ਛੇ ਵਿਦਿਆਰਥੀਆਂ ਵਿੱਚ ਗੁਰਮੀਤ ਸਿੰਘ ਸਸਸਸ,ਬਾਜੇਵਾਲਾ, ਸ਼ਰਨਪ੍ਰੀਤ ਸਿੰਘ, ਸਸਸਸ ,ਬਾਜੇਵਾਲਾ , ਜੋਤੀ ਰਾਣੀ ,ਸਸਸਸ ਅਮਲੋਹ( ਮੁੰਡੇ) ,ਫ਼ਤਹਿਗੜ੍ਹ ਸਾਹਿਬ ,ਡਿੰਪਲ ਧੀਮਾਨ ,ਸਸਸਸ ਦੁਨੇਰਾ ,ਪਠਾਨਕੋਟ ,ਵੈਸ਼ਾਲੀ ਸ਼ਰਮਾ ,ਸਸਸਸ ਦੁਨੇਰਾ ,ਪਠਾਨਕੋਟ ,ਭਾਵਨਾ ਸਸਸਸ,ਧੀਰਾ ,ਪਠਾਨਕੋਟ ,ਦਸਵੀਂ ਜਮਾਤ ਦੇ ਪੰਜ ਵਿਦਿਆਰਥੀਆਂ ਵਿੱਚ ਗਗਨਜੋਤ ਕੌਰ ਸਸਸਸ ਬੁੱਗਾ ਕਲਾਂ, ਫ਼ਤਹਿਗੜ੍ਹ ਸਾਹਿਬ ,ਗੁਰਕੀਰਤ ਸਿੰਘ ,ਸਸਸਸ ਬੁੱਗਾ ਕਲਾਂ ,ਫ਼ਤਹਿਗੜ੍ਹ ਸਾਹਿਬ ,ਪਲਕ ,ਸਸਸਸ ਟਾਂਡਾ ਉੜਮੁੜ ,ਜਲੰਧਰ ,ਅੰਕਿਤਾ ਸਸਸਸ,ਟਾਂਡਾ ਉੜਮੁੜ ,ਜਲੰਧਰ ,ਯਾਸਮੀਨ ,ਸਸਸਸ ਮੁੱਲੇਪੁਰ ,ਫ਼ਤਹਿਗੜ੍ਹ ਸਾਹਿਬ ,ਨੌਂਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਵਿੱਚ ਨਿਤਿਨ ਸ਼ਰਮਾ ,ਸ ਹ ਸ ,ਮੁਲਾਂਪੁਰ ਕਲਾਂ ,ਫ਼ਤਹਿਗੜ੍ਹ ਸਾਹਿਬ ,ਮਨਪ੍ਰੀਤ ਕੌਰ ਸ ਹ ਸ, ਟਲਾਂਣੀਆਂ ,ਫ਼ਤਹਿਗੜ੍ਹ ਸਾਹਿਬ ,ਯੁਗਰਾਜ ਸਿੰਘ, ਸ ਹ ਸ,ਟਲਾਂਣੀਆਂ ,ਫ਼ਤਹਿਗੜ੍ਹ ਸਾਹਿਬ , ਅੱਠਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਵਿੱਚ ਸੁਖਨੈਬ ਸਿੰਘ ,ਸਸਸਸ ਝੁੰਬਾ, ਸੁਖਚੈਨ ਸਿੰਘ ,ਸਸਸਸ ,ਝੁੰਬਾ ਅਤੇ ਮਨਪ੍ਰੀਤ ਕੌਰ ,ਸਸਸਸ ਜੱਲਾ ,ਫ਼ਤਹਿਗੜ੍ਹ ਸਾਹਿਬ ਦਾ ਨਾਂ ਸ਼ਾਮਿਲ ਹੈ। 


ਭਾਰਤ ਸਰਕਾਰ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ ਲਈ ਲੋੜੀਂਦੇ ਇੰਟਰਨੈੱਟ ਸਾਧਨ ਜਿਵੇਂ ਲੈਪਟਾਪ ਅਤੇ ਡਾਟਾ ਪੈਕ ਮੁਹੱਈਆ ਕਰਵਾਏ ਜਾ ਰਹੇ ਹਨ।


ਇਸ ਪ੍ਰੋਗਰਾਮ ਦੀ ਵਿਸਤ੍ਰਿਤ ਜਾਣਕਾਰੀ ਅਨੁਸਾਰ ਇਹ ਸਿਖਲਾਈ ਪ੍ਰੋਗਰਾਮ ਤਿੰਨ ਫ਼ੇਜ਼ਾਂ ਵਿੱਚ ਹੋਵੇਗੀ। ਪਹਿਲੇ ਫੇਜ਼ ਵਿੱਚ ਦਿੱਤੇ ਗਏ ਆਨਲਾਈਨ ਫਾਰਮੈੱਟ ਅਨੁਸਾਰ ਤਿਆਰ ਕੀਤੇ ਮਾਡਲਾਂ ਦੀ ਵੀਡੀਓ ਸਬਮਿਸ਼ਨ ਕਰਵਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਓਰੀਐਨਟੇਸ਼ਨ ਅਤੇ ਆਨਲਾਈਨ ਟ੍ਰੇਨਿੰਗ ਸੈਸ਼ਨ ਹੋਵੇਗਾ । 


ਦੂਜੇ ਫ਼ੇਜ਼ ਵਿੱਚ ਸਰਵੋਤਮ 100 ਵੀਡੀਓਜ਼ ਸ਼ਾਰਟਲਿਸਟ ਕੀਤੀਆਂ ਜਾਣਗੀਆਂ ਅਤੇ ਸਬੰਧਿਤ ਵਿਦਿਆਰਥੀ ਆਪਣੀ ਡੀਪ ਡਾਈਵ ਟ੍ਰੇਨਿੰਗ ਦੀ ਸ਼ੁਰੂਆਤ ਕਰਨਗੇ , ਇਸ ਸੈਸ਼ਨ ਤੋਂ ਬਾਅਦ ਉਹ ਆਪਣੇ ਮਾਡਲਾਂ 'ਤੇ ਦੁਬਾਰਾ ਸਟੱਡੀ ਕਰਕੇ ਅੰਤਿਮ ਰੂਪ ਵਿੱਚ ਆਪਣੇ ਮਾਡਲ ਦੀ ਵਰਕਿੰਗ ਵੀਡੀਓ ਪ੍ਰੋਗਰਾਮ ਦੀ ਵੈੱਬਸਾਈਟ 'ਤੇ ਸਬਮਿੱਟ ਕਰਵਾਉਣਗੇ। 


ਤੀਜੇ ਅਤੇ ਅੰਤਿਮ ਫੇਜ਼ ਵਿੱਚ ਇਹਨਾਂ ਮਾਡਲਾਂ ਵਿੱਚੋਂ ਸਰਵੋਤਮ 50 ਮਾਡਲ ਚੁਣੇ ਜਾਣਗੇ ਅਤੇ ਇਹਨਾਂ ਨਾਲ ਸਬੰਧਿਤ ਵਿਦਿਆਰਥੀ ਆਨਲਾਈਨ ਆਪਣੇ ਮਾਡਲਾਂ ਦੀ ਕਾਰਜਕੁਸ਼ਲਤਾ ਦਾ ਪ੍ਰਦਰਸ਼ਨ ਕਰਨਗੇ । ਇਹਨਾਂ 50 ਮਾਡਲਾਂ ਵਿੱਚੋਂ 20 ਸਰਵਸ਼੍ਰੇਸ਼ਠ ਮਾਡਲਾਂ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ।

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends