ਮੁੱਖ ਮੰਤਰੀ ਦਫ਼ਤਰ, ਪੰਜਾਬ
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਦਭਾਵਨਾ ਅਤੇ ਧਰਮ ਨਿਰਪੱਖਤਾ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੀ ਲੋੜ `ਤੇ ਜ਼ੋਰ
ਚੰਡੀਗੜ੍ਹ, 16 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੁਨੀਆ ਭਰ ਵਿਚ ਫੈਲਾਉਣ ਦੀ ਲੋੜ`ਤੇ ਜ਼ੋਰ ਦਿੱਤਾ ਤਾਂ ਜੋ ਸ਼ਾਂਤੀ, ਸਦਭਾਵਨਾ, ਧਰਮ ਨਿਰਪੱਖਤਾ ਅਤੇ ਸਹਿ-ਹੋਂਦ ਦੀਆਂ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੀ ਲਾਸਾਨੀ ਸ਼ਹਾਦਤ ਰਾਹੀਂ ਕਾਇਮ ਰੱਖਿਆ।
ਕੇ.ਐੱਸ. ਰਾਜੂ ਲੀਗਲ ਟਰੱਸਟ ਵੱਲੋਂ ‘ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਰਤ ਵਿਚ ਇਸਲਾਮਿਕ ਸਾਸ਼ਨ ਅਧੀਨ ਹਿੰਦੂਆਂ ਅਤੇ ਸਿੱਖਾਂ ਦੀ ਨਸਲਕੁਸ਼ੀ ਅਤੇ ਧਰਮ ਪਰਿਵਰਤਨ ਵਿਰੁੱਧ ਮੁਖ਼ਾਲਫ਼ਤ ਦਾ ਪ੍ਰਤੀਕ’ ਵਿਸ਼ੇ `ਤੇ ਕਰਵਾਏ ਇਕ ਵੈਬੀਨਾਰ ਦੌਰਾਨ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ ਦਰਜ ਧਰਮ ਨਿਰਪੱਖ ਆਚਰਨ `ਅਨੇਕਤਾ ਵਿੱਚ ਏਕਤਾ` ਦੀ ਵੱਡੀ ਮਿਸਾਲ ਹੈ ਜੋ ਕਿ `ਹਿੰਦ ਦੀ ਚਾਦਰ` ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਮੂਲ ਵਿਚਾਰਧਾਰਾ ਦਾ ਅਹਿਮ ਹਿੱਸਾ ਹੈ।
ਗੁਰੂ ਜੀ ਨੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ‘ਸਰਬੱਤ ਦਾ ਭਲਾ’ ਦੀ ਧਾਰਨਾ ਦਾ ਪਾਠ ਪੜ੍ਹਾਇਆ ਜਿੱਥੇ ਲੋਕ ਰੰਗ, ਜਾਤ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਬਿਨਾਂ ਸ਼ਾਂਤੀ ਅਤੇ ਸਦਭਾਵਨਾ ਨਾਲ ਇਕੱਠੇ ਰਹਿ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਕਈ ਮਹੱਤਵਪੂਰਣ ਸਮਾਗਮਾਂ ਦੇ ਜਸ਼ਨਾਂ ਨਾਲ ਨਿੱਜੀ ਤੌਰ `ਤੇ ਜੁੜਨ ਦਾ ਸੁਭਾਗ ਮਿਲਿਆ ਹੈ, ਜਿਸ ਵਿਚ 2004 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਦੀ 400ਵੀਂ ਵਰ੍ਹੇਗੰਢ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ, ਮਹਾਨ ਸਿੱਖ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਦੀ 350ਵੀਂ ਜਨਮ ਵਰ੍ਹੇਗੰਢ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਤੇ ਹੁਣ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਸ਼ਾਮਲ ਹੈ।
ਇਹ ਦੱਸਦੇ ਹੋਏ ਕਿ ਜਦੋਂ ਭਾਰਤ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਸੀ, ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਤਿਹਾਸਕ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਵਿੱਚ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ 938.37 ਕਰੋੜ ਰੁਪਏ ਦੀ ਗ੍ਰਾਂਟ ਵਾਸਤੇ ਇੱਕ ਵਿਸਤ੍ਰਿਤ ਮੈਮੋਰੈਂਡਮ ਭੇਜਿਆ ਸੀ।
ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਹਿੱਸੇ ਵਜੋਂ ਉਨ੍ਹਾਂ ਦੀ ਸਰਕਾਰ ਵੱਲੋਂ ਵਿਉਂਤੇ ਗਏ ਵੱਖ-ਵੱਖ ਸਮਾਗਮਾਂ ਬਾਰੇ ਗੱਲ ਕੀਤੀ, ਜਿਨ੍ਹਾਂ ਨੂੰ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਵਰਚੁਅਲ ਮੋਡ ਵਿਚ ਤਬਦੀਲ ਕਰਨਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਵੱਲੋਂ ਬੱਸੀ ਪਠਾਣਾ ਵਿਖੇ ਪੁਰਾਣੀ ਜੇਲ੍ਹ ਦੀ ਸੰਭਾਲ ਅਤੇ ਵਿਕਾਸ ਸਮੇਤ ਕਈ ਬੁਨਿਆਦੀ ਢਾਂਚਾ/ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ।ਦੱਸਣਯੋਗ ਹੈ ਕਿ ਇਸ ਜੇਲ੍ਹ ਵਿੱਚੇ ਨੌਂਵੇਂ ਗੁਰੂ ਨੂੰ ਉਨ੍ਹਾਂ ਦੇ ਸਮਰਥਕਾਂ ਨਾਲ ਨੂਰ ਮੁਹੰਮਦ ਖ਼ਾਨ ਮਿਰਜ਼ਾ ਵੱਲੋਂ 40 ਦਿਨਾਂ ਲਈ ਕੈਦ ਵਿੱਚ ਰੱਖਿਆ ਗਿਆ ਸੀ ਜਦੋਂ ਉੁਹ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਆਪਣੇ ਰਾਹ `ਤੇ ਸਨ। ਉਨ੍ਹਾਂ ਬਾਬਾ ਬਕਾਲਾ ਪੰਚਾਇਤ ਨੂੰ ਨਗਰ ਪੰਚਾਇਤ ਵਿੱਚ ਅਪਗ੍ਰੇਡ ਕਰਨ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਾਪਤ ਕੀਤੀ ਜਾਣ ਵਾਲੀ ਸ੍ਰੀ ਗੁਰੂ ਤੇਗ਼ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ ਦੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਦੱਸਿਆ ਕਿ ਗੁਰੂ ਸਾਹਿਬ ਨਾਲ ਜੁੜੇ 79 ਪਿੰਡਾਂ ਅਤੇ 24 ਕਸਬਿਆਂ ਸਮੇਤ 103 ਚਰਨਛੋਹ ਥਾਵਾਂ ਦੀ ਪਛਾਣ ਕੀਤੀ ਗਈ ਸੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪ੍ਰਤੀ ਪਿੰਡ 50 ਲੱਖ ਰੁਪਏ ਅਤੇ ਪ੍ਰਤੀ ਕਸਬਾ 1 ਕਰੋੜ ਰੁਪਏ ਦਿੱਤੇ ਗਏ।ਇਸ ਤੋਂ ਇਲਾਵਾ ਇਨ੍ਹਾਂ ਜਸ਼ਨਾਂ ਦੇ ਹਿੱਸੇ ਵਜੋਂ 6986 ਪਿੰਡਾਂ ਵਿਚ ਹੁਣ ਤੱਕ 60 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ।
ਇਸ ਮੌਕੇ ਬੋਲਦਿਆਂ ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਤੋਂ ਵਿਹਾਰਕ ਤੌਰ `ਤੇ ਇਹ ਸਿੱਧ ਹੁੰਦਾ ਹੈ ਕਿ ਸਾਨੂੰ ਆਪਣੇ ਕੋਲ ਸਹਾਇਤਾ ਲਈ ਆਏ ਵਿਅਕਤੀਆਂ ਨੂੰ ਕਦੇ ਵਾਪਸ ਨਹੀਂ ਮੋੜਨਾ ਚਾਹੀਦਾ ਭਾਵੇਂ ਇਸ ਲਈ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ।ਉਨ੍ਹਾਂ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ ਜਿਸਨੂੰ ਦੁਨੀਆਂ ਭਰ ਵਿੱਚ ਸੰਕਟ ਵਿੱਚ ਘਿਰੇ ਲੋਕਾਂ ਦੀ ਮਦਦ ਲਈ ਜਾਣਿਆ ਜਾਂਦਾ ਹੈ ਜੋ ਮੁਸੀਬਤ ਵੇਲੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰਦੇ ਹਨ ਅਤੇ ਹੁਣ ਕੋਵਿਡ ਸੰਕਟ ਦੌਰਾਨ ਮੁਫ਼ਤ ਆਕਸੀਜਨ ਸੇਵਾ ਅਤੇ ਹੋਰ ਡਾਕਟਰੀ ਸਹਾਇਤਾ ਪ੍ਰਦਾਨ ਕਰਕੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾ ਰਹੇ ਹਨ।
ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰੂ ਜੀ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਕੀਤਾ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਮੁੱਢਲੀਆਂ ਸਿੱਖਿਆਵਾਂ ਦੇ ਲੋਕਾਂ ਵਿਚ ਪ੍ਰਸਾਰ ਦੀ ਲੋੜ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੂਬੇ ਵਿੱਚ ਸਿੱਖਾਂ ਦੀ ਘੱਟ ਆਬਾਦੀ ਹੋਣ ਦੇ ਬਾਵਜੂਦ ਪਿਛਲੇ ਸਾਲ ਹੜ੍ਹਾਂ ਦੌਰਾਨ ਕੇਰਲ ਦੇ ਲੋਕਾਂ ਨੂੰ ਸਹਾਇਤਾ ਦੇਣ ਲਈ ਵਿਸ਼ਵ ਭਰ ਤੋਂ ਸਿੱਖ ਭਾਈਚਾਰੇ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ, ਵਧੀਕ ਮੁੱਖ ਸਕੱਤਰ, ਤਾਮਿਲਨਾਡੂ ਸਰਕਾਰ, ਡਾ. ਜਗਮੋਹਨ ਸਿੰਘ ਰਾਜੂ ਅਤੇ ਕੇ.ਐੱਸ. ਰਾਜੂ ਲੀਗਲ ਟਰੱਸਟ ਦੇ ਮਾਰਗ ਦਰਸ਼ਕ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮਰਹੂਮ ਪਿਤਾ ਡਾ. ਕੇ.ਐੱਸ. ਰਾਜੂ ਦੀ ਤਾਰੀਫ਼ ਵਿੱਚ ਕਹੇ ਸ਼ਬਦਾਂ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਇੱਕ ਸਮਰੱਥ ਪ੍ਰਸ਼ਾਸਕ ਅਤੇ ਇੱਕ ਨੇਕ ਰੂਹ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਵਜੋਂ ਪਟਿਆਲਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਬੇਮਿਸਾਲ ਸੇਵਾਵਾਂ ਦਿੱਤੀਆਂ।
ਉੱਘੇ ਲੇਖਕ, ਫਿਲਮ ਨਿਰਮਾਤਾ ਅਤੇ ਸਮਾਜ ਸੇਵੀ ਹਰਿੰਦਰ ਸਿੰਘ ਸਿੱਕਾ ਨੇ ਕਿਹਾ ਕਿ ਇਹ ਵੈਬੀਨਾਰ ਗੁਰੂ ਸਾਹਿਬ ਦੇ ਏਕਤਾ, ਕੁਰਬਾਨੀ ਅਤੇ ਧਾਰਮਿਕਤਾ ਦੇ ਸਰਵ ਵਿਆਪੀ ਸੰਦੇਸ਼ ਨਾਲ ਮਨੁੱਖਤਾ ਨੂੰ ਪ੍ਰੇਰਿਤ ਕਰਨ ਲਈ ਵਧੇਰੇ ਅਹਿਮ ਸਾਬਤ ਹੋਵੇਗਾ। ਉਨ੍ਹਾਂ ਇਸ ਮੌਕੇ ਧੰਨਵਾਦ ਦਾ ਮਤਾ ਵੀ ਪੇਸ਼ ਕੀਤਾ।
——