ਕੋਰੋਨਾ ਮੁਕਤ ਪਿੰਡ ਮੁਹਿੰਮ : ਜ਼ਿਲ੍ਹੇ ਦੇ 11 ਪਿੰਡਾਂ ਨੇ ਕਰਵਾਇਆ ਕੋਵਿਡ-19 ਦਾ 100 ਫੀਸਦੀ ਟੀਕਾਕਰਨ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਕਿਹਾ ਮੁਹਿੰਮ ਨੂੰ ਮਿਲ ਰਿਹੈ ਲੋਕਾਂ ਦਾ ਸਹਿਯੋਗ
ਲੋਕਾਂ ਨੂੰ ਕੋਵਿਡ ਟੀਕਾਕਰਨ ਤੇ ਟੈਸਟਿੰਗ ਕਰਵਾਉਣ ਦੀ ਕੀਤੀ ਅਪੀਲ
ਡਿਪਟੀ ਕਮਿਸ਼ਨਰ ਨੇ ਜਿਲ੍ਹੇ ’ਚ ਆਕਸੀਜਨ ਸਿਲੰਡਰਾਂ ਦੇ ਰੇਟ ਕੀਤੇ ਨਿਰਧਾਰਤ
ਹੁਸ਼ਿਆਰਪੁਰ, 22 ਮਈ: ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਕੋਰੋਨਾ ਮੁਕਤ ਪਿੰਡ ਮੁਹਿੰਮ ਨੇ ਜ਼ੋਰ ਫੜ ਲਿਆ ਹੈ ਅਤੇ ਹੁਣ ਤੱਕ ਰੋਜ਼ਾਨਾ ਸੈਂਕੜੇ ਪਿੰਡਾਂ ਵਲੋਂ ਇਸ ਮੁਹਿੰਮ ਵਿੱਚ ਸਹਿਯੋਗ ਦਿੰਦੇ ਹੋਏ ਟੀਕਾਕਰਨ ਕੀਤਾ ਜਾ ਰਿਹਾ ਹੈ। ਮੁਹਿੰਮ ਦੇ ਚੌਥੇ ਦਿਨ ਤੱਕ ਜ਼ਿਲ੍ਹੇ ਦੇ 11 ਪਿੰਡਾਂ ਜਿਨ੍ਹਾਂ ਵਿੱਚ ਹਲਕਾ ਚੱਬੇਵਾਲ ਦੇ ਪਿੰਡ ਨਵਾਂ ਜੱਟਪੁਰ, ਪੂੰਗਾ, ਪੁੰਜ, ਮੁਕੇਰੀਆਂ ਦੇ ਪਿੰਡ ਨੱਥੂਵਾਲ, ਲਲੋਤਾ, ਉਲਾਹਾ, ਚੱਕੜਿਆਲ, ਪੜੋਲਿਆਂ, ਰਾਮਗੜ੍ਹ ਸੀਕਰੀ ਅਤੇ ਗੜ੍ਹਸ਼ੰਕਰ ਦੇ ਪਿੰਡ ਨਾਜਰਪੁਰ, ਰਾਵਲਪਿੰਡੀ ਨੇ ਕੋਵਿਡ-19 ਦੀ 100 ਫੀਸਦੀ ਪਹਿਲੀ ਡੋਜ਼ ਲਗਵਾ ਲਈ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਨ੍ਹਾਂ ਪਿੰਡਾਂ ਨੂੰ ਵਧਾਈ ਦਿੰਦੇ ਹੋਏ ਹੋਰ ਪਿੰਡਾਂ ਨੂੰ ਆਉਣ ਵਾਲੇ ਦਿਨਾਂ ਵਿੱਚ 100 ਫੀਸਦੀ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਸਰਪੰਚਾਂ, ਪੰਚਾਇਤਾਂ ਮੈਂਬਰਾਂ ਨੂੰ ਸਿਹਤ ਵਿਭਾਗ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਹੀ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਹਰ ਪਿੰਡ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਘਰ-ਘਰ ਜਾ ਕੇ ਕੋਵਿਡ ਦੇ ਲੱਛਣਾਂ ਬਾਰੇ ਸਰਵੇ ਕਰ ਰਹੀਆਂ ਹਨ ਅਤੇ ਕੋਵਿਡ-19 ਦੇ ਲੱਛਣ ਨਜ਼ਰ ਆਉਣ ’ਤੇ ਕੋਵਿਡ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਲੋਕਾਂ ਦਾ ਕਾਫ਼ੀ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪਿੰਡ ਰਾਮਗੜ੍ਹ ਸੀਕਰੀ, ਧਿਆਨਗੜ੍ਹ, ਹਾਰਟਾ, ਮਹਿਗਰੋਵਾਲ, ਨੰਗਲਾ, ਤਾਜੇਵਾਲ, ਬਿਹਾਲਾ, ਜਲੋਵਾਲ, ਪੜੋਲਿਆਂ, ਨਾਜਰਪੁਰ, ਰਾਵਲਪਿੰਡੀ ਤੋਂ ਇਲਾਵਾ ਹੋਰ ਕਈ ਪਿੰਡਾਂ ਵਿੱਚ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ ਮਰੀਜਾਂ ਦੀ ਰੋਜ਼ਾਨਾ
ਜਾਂਚ ਵਿਭਾਗ ਦੇ ਅਣਥੱਕ ਸਿਹਤ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਕੋਵਿਡ ਮਰੀਜ ਵੱਧ ਹਨ, ਉਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਵਿਸ਼ੇਸ਼ ਰੂਪ ਵਿੱਚ ਕੋਵਿਡ ਸਾਵਧਾਨੀਆਂ ਅਪਨਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ
ਉਧਰ ਡਿਪਟੀ ਕਮਿਸ਼ਨਰ ਵਲੋਂ ਅੱਜ ਜ਼ਿਲ੍ਹੇ ਵਿੱਚ ਆਕਸੀਜਨ ਸਿਲੰਡਰਾਂ ਦੇ ਰੇਟ ਨਿਰਧਾਰਤ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿੱਚ ਮੈਨੂਫੈਕਚਰਰ (ਪਲਾਂਟ) ਵਿੱਚ ਹਸਪਤਾਲ ਲਈ ਆਕਸੀਜਨ ਸਿਲੰਡਰ 300 ਰੁਪਏ ਤੋਂ ਇਲਾਵਾ 12 ਪ੍ਰਤੀਸ਼ਤ ਜੀ.ਐਸ.ਟੀ., ਮੈਨੂਫੈਕਚਰਰ (ਪਲਾਂਟ) ਤੋਂ ਟਰੇਡਰ ਨੂੰ ਆਕਸੀਜਨ ਸਿਲੰਡਰ 275 ਰੁਪਏ ਤੋਂ 12 ਪ੍ਰਤੀਸ਼ਤ ਜੀ.ਐਸ.ਟੀ. ਅਤੇ ਟਰੇਡਰ ਤੋਂ ਹਸਪਤਾਲ ਨੂੰ ਆਕਸੀਜਨ ਸਿਲੰਡਰ 400 ਰੁਪਏ ਤੋਂ ਇਲਾਵਾ 12 ਪ੍ਰਤੀਸ਼ਤ ਜੀ.ਐਸ.ਟੀ. ਮੁੱਲ ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਰੇਟਾਂ ਵਿੱਚ ਹੈਂਡÇਲੰਗ ਤੇ ਟਰਾਂਸਪੋਰਟਿੰਗ ਚਾਰਜਿਜ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਇਹ ਰੇਟ ਨਿਰਧਾਰਤ ਕੀਤੇ ਗਏ ਹਨ ਅਤੇ ਮੌਕੇ ਦੇ ਹਾਲਾਤਾਂ ਅਨੁਸਾਰ ਇਨ੍ਹਾਂ ਵਿੱਚ ਜ਼ਰੂਰਤ ਅਨੁਸਾਰ ਬਦਲਾਅ ਕੀਤਾ ਜਾ ਸਕਦਾ ਹੈ।