*ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਗ੍ਰੀਵੀਐਂਸਜ਼ ਕਮੇਟੀਆਂ ਦਾ ਗਠਨ*
*ਅਧਿਆਪਕਾਂ ਦੇ ਪੈਡਿੰਗ ਕੇਸਾਂ ਦਾ ਨਿਪਟਾਰਾ ਵਿਭਾਗ ਦੀ ਪਹਿਲੀ ਤਰਜੀਹ- ਸਿੱਖਿਆ ਸਕੱਤਰ*
ਐੱਸ.ਏ.ਐੱਸ. ਨਗਰ 5 ਮਾਰਚ ( ਪ੍ਰਮੋਦ ਭਾਰਤੀ ) ਸਿੱਖਿਆ ਵਿਭਾਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਦੇ ਨਾਲ-ਨਾਲ ਅਧਿਆਪਕਾਂ ਦੇ ਗ੍ਰੀਵੀਐਂਸਜ਼ ਦੇ ਨਿਪਟਾਰੇ ਲਈ ਵੀ ਯਤਨਸ਼ੀਲ ਹੈ। ਇਸ ਲਈ ਵਿਭਾਗ ਵੱਲੋਂ ਉਚੇਚੇ ਤੌਰ ਤੇ ਜ਼ਿਲ੍ਹਾ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਦੀਆਂ ਸ਼ਿਕਾਇਤਾ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਨੋਡਲ ਅਫ਼ਸਰ ਲਗਾਏ ਗਏ ਹਨ, ਜਿਨ੍ਹਾਂ ਦੁਆਰਾ ਅਧਿਆਪਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾ ਰਿਹਾ ਹੈ।
ਅਧਿਆਪਕਾਂ ਦੁਆਰਾ ਈ-ਪੰਜਾਬ ਪੋਰਟਲ ਰਾਹੀਂ ਦਰਜ਼ ਕਰਵਾਈਆਂ ਸ਼ਿਕਾਇਤਾਂ ਦਾ ਨਿਪਟਾਰਾ ਵਿਭਾਗ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਵਿਭਾਗ ਵੱਲੋਂ ਇਸ ਸੰਬੰਧੀ ਅਧਿਆਪਕਾਂ ਦੇ ਪੈਂਡਿੰਗ ਮਸਲਿਆਂ ਦੇ ਜਲਦੀ ਹੱਲ ਲਈ ਉਚੇਚੇ ਤੌਰ ਤੇ ਸੈਕੰਡਰੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅਤੇ ਐਲੀਮੈਂਟਰੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਦੀ ਅਗਵਾਈ ਅਧੀਨ ਜ਼ਿਲ੍ਹਾ ਪੱਧਰ ਤੇ 5-6 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਸੈਕੰਡਰੀ ਅਤੇ ਐਲੀਮੈਂਟਰੀ ਪੱਧਰ ਤੇ ਬਣੀਆਂ ਕਮੇਟੀਆਂ ਵਿੱਚ ਮੁੱਖ ਦਫ਼ਤਰ ਵੱਲੋਂ ਜ਼ਿਲ੍ਹੇ ਦੇ ਨੋਡਲ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ-ਜਿਲ੍ਹਾ ਸਿੱਖਿਆ ਅਫ਼ਸਰ ਅਤੇ ਦੋ-ਦੋ ਅਧਿਆਪਕ ਲਾਏ ਗਏ ਹਨ।
ਸੈਕੰਡਰੀ ਪੱਧਰ ਤੇ ਬਣੀ ਜ਼ਿਲ੍ਹਾ ਪੱਧਰੀ ਗ੍ਰੀਵੀਐਂਸਜ਼ ਕਮੇਟੀ ਵਿੱਚ ਜ਼ਿਲ੍ਹੇ ਦਾ ਨੋਡਲ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਉਪ-ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅਤੇ ਦੋ ਸੈਕੰਡਰੀ ਪੱਧਰ ਦੇ ਅਧਿਆਪਕ ਸ਼ਾਮਲ ਹਨ। ਐਲੀਮੈਂਟਰੀ ਪੱਧਰੀ ਗ੍ਰੀਵੀਐਂਸਜ਼ ਕਮੇਟੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ), ਉਪ-ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਅਤੇ ਦੋ ਪ੍ਰਾਇਮਰੀ ਅਧਿਆਪਕ ਸ਼ਾਮਲ ਕੀਤੇ ਗਏ ਹਨ। ਇਹਨਾਂ ਕਮੇਟੀਆਂ ਦੇ ਗਠਨ ਦਾ ਉਦੇਸ਼ ਅਧਿਆਪਕਾਂ ਦੇ ਪੈਡਿੰਗ ਕੇਸਾਂ ਦਾ ਪਹਿਲ ਦੇ ਆਧਾਰ ਤੇ ਜਲਦੀ ਨਿਪਟਾਰਾ ਕਰਨਾ ਹੈ। ਅਧਿਆਪਕ ਆਪਣੇ ਪੈਡਿੰਗ ਕੇਸ ਇਹਨਾਂ ਕਮੇਟੀਆਂ ਅੱਗੇ ਰੱਖ ਸਕਦੇ ਹਨ। ਜਦ ਕਿ ਪਹਿਲਾਂ ਵਾਂਗ ਉਹ ਆਪਣੇ ਪੈਡਿੰਗ ਕੇਸ ਪੋਰਟਲ ਤੇ ਜਾਂ ਨੋਡਲ ਅਫ਼ਸਰ ਨੂੰ ਲਿਖਤੀ ਵੀ ਭੇਜ ਸਕਦੇ ਹਨ।