ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਦੌਰਾ ਕੀਤਾ ਗਿਆ
ਗੁਰਦਾਸਪੁਰ 11 ਸਤੰਬਰ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਐਲੀਮੈਂਟਰੀ ਸ਼੍ਰੀਮਤੀ ਪਰਮਜੀਤ ਵੱਲੋਂ ਬਲਾਕ ਦੋਰਾਂਗਲਾ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਦੌਰਾ ਕਰਕੇ ਹਾਜ਼ਰ ਅਧਿਆਪਕਾਂ ਕੋਲੋਂ ਸਥਿਤੀਆਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. ਸ਼੍ਰੀਮਤੀ ਪਰਮਜੀਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਬਲਾਕ ਦੋਰਾਂਗਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਹਲੜੀ , ਸਰਕਾਰੀ ਪ੍ਰਾਇਮਰੀ ਸਕੂਲ ਗਾਹਲੜੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਠੱਠੀ ਪਹੁੰਚ ਕੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੇ ਸਥਿਤੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਮਿਤੀ 14 ਸਤੰਬਰ ਤੱਕ ਬੰਦ ਕੀਤੇ ਗਏ ਹਨ ਤਾਂ ਜੋ ਸਕੂਲਾਂ ਦੀ ਸਾਫ਼ ਸਫ਼ਾਈ ਕੀਤੀ ਜਾ ਸਕੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਕੂਲਾਂ ਵਿੱਚ ਅਧਿਆਪਕ ਹਾਜ਼ਰ ਸਨ ਤੇ ਹੜ੍ਹ ਪ੍ਰਭਾਵਿਤ ਹੋਣ ਕਾਰਨ ਸਕੂਲਾਂ ਵਿੱਚ ਕਾਫ਼ੀ ਮਿੱਟੀ ਤੇ ਚਿੱਕੜ ਭਰਿਆ ਹੋਇਆ ਹੈ , ਜਿਸ ਦੀ ਸਫਾਈ ਅਧਿਆਪਕਾਂ ਦੀ ਦੇਖਰੇਖ ਹੇਠ ਕਰਵਾਈ ਜਾ ਰਹੀ ਹੈ। ਇਸ ਦੌਰਾਨ ਡੀ.ਈ.ਓ. ਦਫ਼ਤਰ ਤੋਂ ਅਨੂੰ ਅਰੋੜਾ ਹਾਜ਼ਰ ਸਨ।
