ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਸੋਧ ਦੀ ਮੰਗ*
*ਸੈਸ਼ਨ 2024-25 ਦੀ ਜਮਾਤ ਪੰਜਵੀਂ ਲਈ ਅਗਲੇਰੇ ਮਾਰਚ ਮਹੀਨੇ ਵਿੱਚ ਹੋਣ ਵਾਲ਼ੀ ਸਲਾਨਾ ਪ੍ਰੀਖਿਆ ਦੇ ਸੰਚਾਲਨ ਲਈ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਜੀ. ਟੀ. ਯੂ. ਵਿਗਿਆਨਕ ਵੱਲੋਂ ਕੁਝ ਕੁ ਅੰਸ਼ਿਕ ਸੋਧਾਂ ਦੀ ਮੰਗ ਕੀਤੀ ਗਈ ਹੈ, ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਮੀਤ ਪ੍ਰਧਾਨ ਜਗਦੀਪ ਸਿੰਘ ਜੌਹਲ ਬੀ ਪੀ ਈ ਓ ਅਤੇ ਸੁਬਾਈ ਆਗੂ ਇਤਬਾਰ ਸਿੰਘ ਬੀ ਪੀ ਈ ਓ ਨੇ ਕਿਹਾ ਕਿ ਹਦਾਇਤਾਂ ਅਨੁਸਾਰ ਪੇਪਰ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਬੀ ਪੀ ਈ ਓ ਵੱਲੋਂ ਪੇਪਰ ਵੰਡੇ ਜਾਣੇ ਹਨ, ਜੋ ਕਿ ਸੰਭਵ ਨਹੀਂ, ਕਿਉਂਕਿ ਪੇਪਰ ਸ਼ੁਰੂ ਹੋਣ ਦਾ ਸਮਾਂ ਵੀ ਨੌਂ ਵਜੇ ਦਾ ਹੈ ਅਤੇ ਬੀ ਪੀ ਈ ਓ ਦਫ਼ਤਰਾਂ ਦੇ ਖੁੱਲ੍ਹਣ ਦਾ ਸਮਾਂ ਵੀ ਨੌਂ ਵਜੇ ਦਾ ਹੀ ਹੈ, ਪੰਜਾਬ ਵਿੱਚ ਬੀ ਪੀ ਈ ਓਜ਼ ਦੀਆਂ ਤਕਰੀਬਨ ਅੱਧੀਆਂ ਅਸਾਮੀਆਂ ਖਾਲੀ ਹੋਣ ਕਾਰਨ ਵਾਧੂ ਚਾਰਜ ਵੰਡ ਕੇ ਕੰਮ ਚਲਾਇਆ ਜਾ ਰਿਹਾ ਹੈ ਅਤੇ ਬਹੁਤੇ ਬੀ ਪੀ ਈ ਓ ਵੀ ਆਪਣੇ ਘਰਾਂ ਤੋਂ ਦੂਰ ਕੰਮ ਕਰਦੇ ਹਨ।
ਸੀਲ ਕੀਤੇ ਹੋਏ ਪੇਪਰ ਵੰਡਣ ਦਾ ਕੰਮ ਇੱਕ ਦਿਨ ਪਹਿਲਾਂ ਵੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ ਕਿਉਂਕਿ ਅਗਲੇ ਦਿਨ ਪੇਪਰਾਂ ਦੇ ਲਿਫ਼ਾਫ਼ੇ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਉੱਪਰ ਬਾਕਾਇਦਾ ਗੁਪਤਤਾ ਸੰਬੰਧੀ ਅਤੇ ਸਮੇਂ ਤੋਂ ਪਹਿਲਾਂ ਨਾ ਖੋਲ੍ਹੇ ਹੋਣ ਸਬੰਧੀ ਕੇਂਦਰ ਸੂਪਰਡੈਂਟ/ਨਿਗਰਾਨ ਵੱਲੋਂ ਸਰਟੀਫਿਕੇਟ ਦੇਣਾ ਲਾਜ਼ਮੀ ਹੁੰਦਾ ਹੈ, ਦੂਜੇ ਪਾਸੇ ਪੇਪਰਾਂ ਦਾ ਸਮਾਂ ਵੀ ਪਹਿਲਾਂ ਦੀ ਤਰਾਂ 10:00 ਵਜੇ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਬੱਚਾ ਪ੍ਰੀਖਿਆ ਤੋਂ ਵਾਂਝਾ ਨਾ ਰਹੇ, ਚੇਤੇ ਰਹੇ ਕਿ ਕਈ ਵਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੇਪਰ ਵਾਲ਼ੇ ਦਿਨ ਹੀ ਗੈਰਹਾਜ਼ਰ ਹੋ ਜਾਂਦੇ ਹਨ, ਜਿਨ੍ਹਾਂ ਨੂੰ ਅਧਿਆਪਕਾਂ ਵੱਲੋਂ ਵਿਸ਼ੇਸ਼ ਯਤਨਾਂ ਰਾਹੀਂ ਘਰੋਂ ਚੁੱਕ ਕੇ ਪ੍ਰੀਖਿਆ ਕੇਂਦਰਾਂ ਵਿੱਚ ਪੁਚਾਉਣਾ ਤੱਕ ਪੈ ਜਾਂਦਾ ਹੈ । ਕਿਉਂ ਜੁ ਇਸ ਸਾਲ ਨਤੀਜਾ ਗ਼ਜ਼ਟ ਬਲਾਕ ਪੱਧਰ ਤੇ ਤਿਆਰ ਕੀਤਾ ਜਾਣਾ ਹੈ, ਇਸ ਲਈ ਗ਼ਜ਼ਟ ਦਾ ਪੰਜਾਬ ਪੱਧਰੀ ਫਾਰਮੈੱਟ ਞੀ ਜਾਰੀ ਕੀਤਾ ਜਾਵੇ ਤਾਂ ਜੋ ਸੂਬੇ ਵਿੱਚ ਨਤੀਜਾ ਗ਼ਜ਼ਟ ਦੀ ਇੱਕਸਾਰਤਾ ਰਹਿ ਸਕੇ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਨੂੰ ਚੈੱਕ ਕਰਨ ਲਈ ਬੀ ਪੀ ਈ ਓਜ਼ ਲਈ ਸਪੱਸ਼ਟ ਹਦਾਇਤਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ।*