ਪੰਜਾਬੀ ਦੀ ਪੈਂਤੀ ਅੱਖਰੀ ਵਿੱਚ ਗਲਤੀਆਂ , ਸਰਕਾਰ ਨੇ ਮੰਗਿਆ ਸਪਸ਼ਟੀਕਰਨ
ਚੰਡੀਗੜ੍ਹ, 22 ਜਨਵਰੀ 2024
ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਵੱਲੋਂ। ਜਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਪੰਜਾਬੀ ਦੀ ਪੈਂਤੀ ਅੱਖਰੀ ਵਿੱਚ ਗਲਤੀਆਂ ਲਈ ਸਪੱਸ਼ਟੀਕਰਨ ਮੰਗਿਆ ਗਿਆ ਹੈ। ਪੱਤਰ ਜਾਰੀ ਕਰ ਲਿਖਿਆ ਗਿਆ ਹੈ ਕਿ "ਭਾਸ਼ਾ ਵਿਭਾਗ, ਪੰਜਾਬ ਨੂੰ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਲ੍ਹਾ ਭਾਸ਼ਾ ਦਫ਼ਤਰ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਨਾਂ ਹੇਠ ਬੈਗ ਤਿਆਰ ਕਰਵਾਏ ਗਏ ਹਨ ਜਿਨ੍ਹਾਂ ਤੇ ਪੰਜਾਬੀ ਦੀ ਪੈਂਤੀ ਅੱਖਰੀ ਵਰਨਮਾਲਾ ਛਾਪੀ ਗਈ ਹੈ। ਇਸ ਪੈਂਤੀ ਅੱਖਰੀ ਵਰਨਮਾਲਾ ਵਿੱਚ ਕੀਤੀਆਂ ਗਲਤੀਆਂ ਦਰਸਾਉਂਦਿਆ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ।
ਇਸ ਸਬੰਧ ਵਿੱਚ ਜਿਲ੍ਹਾ ਭਾਸ਼ਾ ਅਫ਼ਸਰ, ਨੂੰ ਪੁੱਛਿਆ ਗਿਆ ਹੈ ਕਿ ਇਹ ਬੈਗ ਜਿਲ੍ਹਾ ਭਾਸ਼ਾ ਦਫ਼ਤਰ ਦੇ ਨਾਂ ਹੇਠ ਕਿਉਂ ਅਤੇ ਕਿਸ ਦੀ ਪਰਵਾਨਗੀ ਨਾਲ ਤਿਆਰ ਕਰਵਾਏ ਗਏ ਹਨ। ਜੇਕਰ ਇਨ੍ਹਾਂ ਤੇ ਪੈਂਤੀ ਅੱਖਰੀ ਵਰਨਮਾਲਾ ਛਾਪੀ ਜਾਈ ਸੀ ਤਾਂ ਇਸਨੂੰ ਦਰੁੱਸਤ ਕਰਕੇ ਕਿਉਂ ਨਹੀਂ ਛਾਪਿਆ ਗਿਆ।
ਭਾਸ਼ਾ ਵਿਭਾਗ, ਪੰਜਾਬ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ/ਪ੍ਰਸਾਰ ਲਈ ਬਹੁਤ ਹੀ ਯਤਨਸ਼ੀਲ ਹੈ। ਇਸ ਵਿਭਾਗ ਨੇ ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਲੋਕਾਂ ਲਈ ਇੱਕ ਵਧੀਆ ਉਦਾਹਰਣ ਬਣਨਾ ਹੁੰਦਾ ਹੈ ਜਦੋਂ ਕਿ ਅਜਿਹੀਆਂ ਗਲਤੀਆਂ ਨਾਲ ਜਿੱਥੇ ਵਿਭਾਗ ਦੇ ਅਕਸ ਤੇ ਮਾੜਾ ਅਸਰ ਪੈਂਦਾ ਹੈ, ਉੱਥੇ ਹੀ ਪੰਜਾਬ ਸਰਕਾਰ ਦੀ ਮਾਂ ਬੋਲੀ ਪੰਜਾਬੀ ਪ੍ਰਤੀ ਵਚਨ ਬੱਧਤਾ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਹੈ
। ਇਸ ਸਬੰਧੀ ਜਿਲ੍ਹਾ ਭਾਸ਼ਾ ਅਫ਼ਸਰ ਨੂੰ ਸਪੱਸ਼ਟੀਕਰਨ ਵਿਭਾਗ ਨੂੰ ਸ਼ੀਘਰ ਭੇਜਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਸਕੇ।