**ਸਾਂਝਾ ਫਰੰਟ ਨੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੰਘਰਸ਼ ਦਾ ਕੀਤਾ ਸਮਰਥਨ**।
ਜਲੰਧਰ:04 ਦਸੰਬਰ ( ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਪੁਸ਼ਪਿੰਦਰ ਕੁਮਾਰ ਵਿਰਦੀ, ਜਸਪਾਲ ਸੰਧੂ , ਕੁਲਦੀਪ ਸਿੰਘ ਬਾਹਮਣੀਆਂ, ਪ੍ਰੇਮ ਪਾਲ ਅਤੇ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੂਬਾਈ ਕਨਵੀਨਰ ਬਾਜ਼ ਸਿੰਘ ਖਹਿਰਾ, ਸੁਰਿੰਦਰ ਕੁਮਾਰ ਪੁਆਰੀ , ਸ਼ਿਵ ਕੁਮਾਰ ਤਿਵਾੜੀ ਅਤੇ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿਣ ਵਾਲਾ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਬੰਨਵੇਂ ਵਿਧਾਇਕਾਂ ਦੀ ਬਹੁਤ ਗਿਣਤੀ ਦੇ ਹੰਕਾਰ ਵਿੱਚ ਸੰਘਰਸ਼ਸ਼ੀਲ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਨ ਤੋਂ ਵਾਰ-ਵਾਰ ਟਾਲ਼ਾ ਵੱਟ ਰਿਹਾ ਹੈ ਅਤੇ ਮੁਲਾਜ਼ਮ ਮੰਗਾਂ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ।ਜਿਸ ਕਰਕੇ ਹਰ ਵਰਗ ਦਾ ਮੁਲਾਜ਼ਮ ਵਰਗ ਸੜਕਾਂ ਤੇ ਉਤਰਿਆ ਹੋਇਆ ਹੈ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਮੁਲਾਜ਼ਮ 08/11/2023 ਤੋਂ ਕਲਮ ਛੋੜ ਹੜਤਾਲ/ਕੰਪਿਊਟਰ ਬੰਦ ਦੇ ਐਕਸ਼ਨ ਵਿੱਚ ਹਨ,ਪਰ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂੰ ਨਹੀਂ ਸਰਕੀ। ਸਰਕਾਰ ਵਲੋਂ ਮੁਲਾਜ਼ਮ ਮੰਗਾਂ ਪ੍ਰਤੀ ਦਿਖਾਏ ਜਾ ਰਹੇ ਅਵੇਸਲੇਪਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮਨਿਸਟੀਰੀਅਲ ਸਟਾਫ਼ ਯੂਨੀਅਨ ਦੇ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਕੇ ਤੁਰੰਤ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਦਫ਼ਤਰਾਂ ਵਿੱਚ ਸੁਖਾਵਾਂ ਮਾਹੌਲ ਬਣ ਸਕੇ ਅਤੇ ਆਮ ਲੋਕਾਂ ਦੀ ਖ਼ਜਲ ਖੁਆਰੀ ਬੰਦ ਹੋਵੇ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਪਹਿਲੀ ਜਨਵਰੀ ਤੋਂ ਪੰਦਰਾਂ ਫਰਵਰੀ ਤੱਕ ਆਮ ਆਦਮੀ ਪਾਰਟੀ ਦੇ ਸਮੁੱਚੇ ਵਿਧਾਇਕਾਂ/ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਗਏ ਸੱਦੇ ਅਨੁਸਾਰ 07ਜਨਵਰੀ ਨੂੰ ਜਲੰਧਰ ਤੋਂ ਵਿਧਾਇਕ ਸ੍ਰੀ ਰਮਨ ਅਰੋੜਾ ਅਤੇ ਸ਼੍ਰੀ ਸ਼ੀਤਲ ਅੰਗਰਾਲ,22 ਜਨਵਰੀ ਨੂੰ ਕੈਬਨਿਟ ਮੰਤਰੀ ਸ.ਬਲਕਾਰ ਸਿੰਘ ਅਤੇ 04 ਫਰਵਰੀ ਨੂੰ ਨਕੋਦਰ ਵਿਖੇ ਵਿਧਾਇਕ ਸ੍ਰੀ ਮਤੀ ਇੰਦਰਜੀਤ ਕੌਰ ਮਾਨ ਦੇ ਘਰਾਂ ਵੱਲ ਰੋਸ ਮਾਰਚ ਕਰਕੇ ਪ੍ਰਦਰਸ਼ਨ ਕੀਤੇ ਜਾਣਗੇ। ਕਨਵੀਨਰਾਂ ਨੇ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ,1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਂਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ,ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਬਣਦਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ, 12 ਪ੍ਰਤੀਸ਼ਤ ਡੀ ਏ ਦੀਆਂ ਤਿੰਨ ਕਿਸ਼ਤਾਂ ਅਤੇ ਡੀ ਏ ਦੇ ਬਕਾਏ ਨਹੀਂ ਦਿੱਤੇ ਜਾ ਰਹੇ,ਪੇ ਕਮਿਸ਼ਨ ਦੇ ਕੀਤੀ ਸਿਫਾਰਸ਼ ਅਨੁਸਾਰ ਪੈਂਨਸ਼ਨਰਾਂ ਨੂੰ 2.59 ਦਾ ਗੁਣਾਂਕ ਨਹੀਂ ਦਿੱਤਾ ਜਾ ਰਿਹਾ,ਸੋਧ ਕਰਨ ਦੇ ਨਾਂ 'ਤੇ ਬੰਦ ਕੀਤੇ ਸੈਂਤੀ ਪ੍ਰਕਾਰ ਦੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਮੈਡੀਕਲ ਭੱਤਾ 2000/- ਰੁਪਏ ਮਹੀਨਾ ਨਹੀਂ ਕੀਤਾ ਜਾ ਰਿਹਾ ਆਦਿ ਮੰਗਾਂ ਨੂੰ ਲੈ ਕੇ ਸਮੁੱਚਾ ਮੁਲਾਜ਼ਮ ਵਰਗ ਸੰਘਰਸ਼ਾਂ ਦੇ ਰਾਹ 'ਤੇ ਹੈ ਅਤੇ ਆਮ ਲੋਕਾਂ ਦੀਆਂ ਵੋਟਾਂ ਨਾਲ ਬਣੀ ਆਮ ਆਦਮੀ ਪਾਰਟੀ ਦੀ ਖ਼ਾਸ ਲੋਕਾਂ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਲਗਾਤਾਰ ਅਵੇਸਲਾਪਣ ਦਿਖਾ ਰਹੀ ਹੈ ਅਤੇ ਰਤੀ ਭਰ ਵੀ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰਤਾ ਨਾ ਦਿਖਾਉਣ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਦੀਪ ਰਾਣਾ, ਅਵਤਾਰ ਸਿੰਘ,ਅਕਲ ਚੰਦ ਸਿੰਘ, ਵਿੱਦਿਆ ਸਾਗਰ, ਨਿਰਮੋਲਕ ਸਿੰਘ ਹੀਰਾ, ਕਰਨੈਲ ਫਿਲੌਰ, ਚਮਨਦੀਪ ਸਿੰਘ, ਮਾਸਟਰ ਮਨੋਹਰ ਲਾਲ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਕੁਲਵੰਤ ਰਾਮ ਰੁੜਕਾ, ਕੁਲਦੀਪ ਸਿੰਘ ਕੌੜਾ ਆਦਿ ਸਾਥੀ ਹਾਜ਼ਰ ਹੋਏ।