**ਪੀ ਐੱਸ ਐੱਮ ਐੱਸ ਯੂ ਦੇ ਸੰਘਰਸ਼ ਦੇ ਸਮਰਥਨ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਂ 'ਤੇ ਭੇਜਿਆ ਮੰਗ ਪੱਤਰ:ਸਾਂਝਾ ਫਰੰਟ
** ਜਲੰਧਰ:04 ਦਸੰਬਰ ( ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਕਨਵੀਨਰ ਪੁਸ਼ਪਿੰਦਰ ਕੁਮਾਰ ਵਿਰਦੀ, ਪਿਆਰਾ ਸਿੰਘ,ਸੁਭਾਸ਼ ਮੱਟੂ, ਪ੍ਰੇਮ ਪਾਲ ਦੀ ਅਗਵਾਈ ਵਿੱਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਅੱਠ ਨਵੰਬਰ ਤੋਂ ਚੱਲ ਰਹੇ ਕਲਮ ਛੋੜ ਹੜਤਾਲ/ਕੰਪਿਊਟਰ ਬੰਦ ਅਤੇ ਆਨਲਾਈਨ ਕੰਮ ਬੰਦ ਦੇ ਚੱਲ ਰਹੇ ਸੰਘਰਸ਼ ਦੇ ਸਮਰਥਨ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਂ 'ਤੇ ਮੰਗ ਪੱਤਰ ਭੇਜਿਆ ਗਿਆ।ਡੀ ਸੀ ਦਫ਼ਤਰ ਜਲੰਧਰ ਦੇ ਜ਼ਿਲ੍ਹਾ ਪੱਧਰੀ ਉੱਚ ਅਧਿਕਾਰੀਆਂ ਦੀ ਗੈਰ ਮੌਜੂਦਗੀ ਵਿੱਚ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ 'ਤੇ ਮੰਗ ਪੱਤਰ ਐੱਸ ਡੀ ਐੱਮ ਜਲੰਧਰ:02 ਦੇ ਸੁਪਰਡੈਂਟ ਸ਼੍ਰੀ ਜਗਦੀਸ਼ ਚੰਦਰ ਸਲੂਜਾ ਜੀ ਨੂੰ ਸੌਂਪਿਆ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ ਨੇ ਕਿਹਾ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪਿਛਲੀ 08 ਨਵੰਬਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਸੰਘਰਸ਼ਸ਼ੀਲ ਹੈ। ਜਿਸ ਕਰਕੇ ਪੰਜਾਬ ਸਰਕਾਰ ਦੇ ਸਮੁੱਚੇ ਦਫ਼ਤਰਾਂ ਦਾ ਕੰਮ ਕਾਰ ਠੱਪ ਹੋਇਆ ਪਿਆ ਹੈ ਅਤੇ ਆਮ ਜਨ ਸਮੂਹ ਦੀ ਖੱਜਲ ਖ਼ੁਆਰੀ ਹੋ ਰਹੀ ਹੈ। ਆਗੂ ਨੇ ਕਿਹਾ ਕਿ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿਣ ਵਾਲਾ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਬੰਨਵੇਂ ਵਿਧਾਇਕਾਂ ਦੀ ਬਹੁ ਗਿਣਤੀ ਦੇ ਹੰਕਾਰ ਵਿੱਚ ਸੰਘਰਸ਼ਸ਼ੀਲ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਨ ਤੋਂ ਵਾਰ-ਵਾਰ ਟਾਲ਼ਾ ਵੱਟ ਰਿਹਾ ਹੈ ਅਤੇ ਮੁਲਾਜ਼ਮ ਮੰਗਾਂ ਪ੍ਰਤੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ।ਜਿਸ ਕਰਕੇ ਹਰ ਵਰਗ ਦਾ ਮੁਲਾਜ਼ਮ ਵਰਗ ਸੜਕਾਂ ਤੇ ਉਤਰਿਆ ਹੋਇਆ ਹੈ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਮੁਲਾਜ਼ਮ 08/11/2023 ਤੋਂ ਕਲਮ ਛੋੜ ਹੜਤਾਲ/ਕੰਪਿਊਟਰ ਬੰਦ ਕਰਨ ਦੇ ਐਕਸ਼ਨ ਵਿੱਚ ਹਨ,ਪਰ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂੰ ਨਹੀਂ ਸਰਕੀ। ਸਰਕਾਰ ਵਲੋਂ ਮੁਲਾਜ਼ਮ ਮੰਗਾਂ ਪ੍ਰਤੀ ਦਿਖਾਏ ਜਾ ਰਹੇ ਅਵੇਸਲੇਪਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮਨਿਸਟੀਰੀਅਲ ਸਟਾਫ਼ ਯੂਨੀਅਨ ਦੇ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਂ 'ਤੇ ਮੰਗ ਪੱਤਰ ਭੇਜਦੇ ਹੋਏ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਕੇ ਤੁਰੰਤ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਦਫ਼ਤਰਾਂ ਵਿੱਚ ਸੁਖਾਵਾਂ ਮਾਹੌਲ ਬਣ ਸਕੇ ਅਤੇ ਆਮ ਲੋਕਾਂ ਦੀ ਖ਼ਜਲ ਖੁਆਰੀ ਬੰਦ ਹੋਵੇ। ਆਗੂਆਂ ਨੇ ਮੰਗਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ,1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਂਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ,ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਬਣਦਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਨਹੀਂ ਦਿੱਤੇ ਜਾ ਰਹੇ, 12 ਪ੍ਰਤੀਸ਼ਤ ਡੀ ਏ ਦੀਆਂ ਤਿੰਨ ਕਿਸ਼ਤਾਂ ਅਤੇ ਡੀ ਏ ਦੇ ਬਕਾਏ ਨਹੀਂ ਦਿੱਤੇ ਜਾ ਰਹੇ,ਪੇ ਕਮਿਸ਼ਨ ਦੇ ਕੀਤੀ ਸਿਫਾਰਸ਼ ਅਨੁਸਾਰ ਪੈਂਨਸ਼ਨਰਾਂ ਨੂੰ 2.59 ਦਾ ਗੁਣਾਂਕ ਨਹੀਂ ਦਿੱਤਾ ਜਾ ਰਿਹਾ,ਸੋਧ ਕਰਨ ਦੇ ਨਾਂ 'ਤੇ ਬੰਦ ਕੀਤੇ ਸੈਂਤੀ ਪ੍ਰਕਾਰ ਦੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਮੈਡੀਕਲ ਭੱਤਾ 2000/- ਰੁਪਏ ਮਹੀਨਾ ਨਹੀਂ ਕੀਤਾ ਜਾ ਰਿਹਾ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਲਗਾਤਾਰ ਸੰਘਰਸ਼ਾਂ ਦੇ ਰਾਹ 'ਤੇ ਹੈ ਅਤੇ ਆਮ ਲੋਕਾਂ ਦੀਆਂ ਵੋਟਾਂ ਨਾਲ ਬਣੀ ਆਮ ਆਦਮੀ ਪਾਰਟੀ ਦੀ ਖ਼ਾਸ ਲੋਕਾਂ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਲਗਾਤਾਰ ਅਵੇਸਲਾਪਣ ਦਿਖਾ ਰਹੀ ਹੈ ਅਤੇ ਰਤੀ ਭਰ ਵੀ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਤੁਰੰਤ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾਈ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਮੰਗਾਂ ਦਾ ਨਿਪਟਾਰਾ ਕਰਨ ਅਤੇ ਦਫ਼ਤਰਾਂ ਦਾ ਮਾਹੌਲ ਸੁਖਾਵਾਂ ਬਣਾਉਣ ਤਾਂ ਜੋ ਆਮ ਜਨ ਸਮੂਹ ਦੀ ਖੱਜਲ ਖ਼ੁਆਰੀ ਬੰਦ ਹੋ ਸਕੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮਦਨ ਲਾਲ ਗਿੱਲ, ਜਸਵਿੰਦਰ ਸਾਂਪਲਾ ,ਪੁਸ਼ਪਿੰਦਰ ਕੁਮਾਰ ਵਿਰਦੀ , ਪਿਆਰਾ ਸਿੰਘ,ਪਰੇਮ ਲਾਲ,ਕੁਲਦੀਪ ਸਿੰਘ ਕੌੜਾ, ਚਮਨਜੀਤ ਸਿੰਘ, ਥੁੜੂ ਸਿੰਘ,ਹਰਮੇਸ਼ ਸਿੰਘ, ਮੋਹਣ ਸਿੰਘ,ਪ੍ਰੀਤਮ ਸਿੰਘ, ਅਵਤਾਰ ਸਿੰਘ, ਰਾਮ ਚੰਦਰ,ਰਾਮ ਅਧਿਆਏ ਸਿੰਘ, ਅਮਰਜੀਤ ਸਿੰਘ, ਮੁਕੇਸ਼ ਕੁਮਾਰ,ਜਾਗਰ ਨਾਥ, ਮਹਿੰਦਰ ਸਿੰਘ ਕ੍ਰਿਸ਼ਨ ਦੱਤ,ਆਦਿ ਸਾਥੀ ਹਾਜ਼ਰ ਹੋਏ।