ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਘਰ ਵੱਲ ਚਿਤਾਵਨੀ ਮਾਰਚ 9 ਦਸੰਬਰ ਨੂੰ
ਨਵਾਂ ਸ਼ਹਿਰ (8 ਦਸੰਬਰ 2023 ) ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 9 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਘਰ ਵੱਲ ਚਿਤਾਵਨੀ ਮਾਰਚ ਦੇ ਸੱਦੇ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਸੂਬਾ ਕੋ-ਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਅਤੇ ਸੂਬਾ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ ਦੀ ਅਗਵਾਈ ਵਿੱਚ ਬਾਰਾਂਦਰੀ ਗਾਰਡਨ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਵਿੱਚ ਚਿਤਾਵਨੀ ਮਾਰਚ ਦੀ ਤਿਆਰੀ ਲਈ ਵੱਖ-ਵੱਖ ਬਲਾਕਾਂ ਦੇ ਅਧਿਆਪਕਾਂ ਨੂੰ ਜਾਗਰੂਕ ਕਰਨ ਅਤੇ ਚਿਤਾਵਨੀ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਸਾਂਝੀ ਮੁਹਿੰਮ ਵਿਢਣ ਦਾ ਫੈਸਲਾ ਕੀਤਾ ਗਿਆ।
ਇਸ ਸਮੇਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਅਤੇ ਸਿਹਤ ਵਿੱਚ ਵਿਆਪਕ ਸੁਧਾਰ ਕਰਨ ਦੇ ਨਾਂ ਤੇ ਬਣੀ ਅਖੌਤੀ ਇਨਕਲਾਬੀਆਂ ਦੀ ਸਰਕਾਰ ਵਲੋਂ 20 ਮਹੀਨੇ ਬੀਤਣ ਬਾਅਦ ਵੀ ਅਧਿਆਪਕਾਂ ਦੇ ਮਸਲੇ ਹੱਲ ਕਰਨ ਲਈ ਕੋਈ ਦਿਲਚਸਪੀ ਨਾ ਦਿਖਾਉਣ ਨਾਲ ਪੰਜਾਬ ਦੇ ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ ਫੈਲ ਰਹੀ ਹੈ। ਕੱਚੇ ਅਧਿਆਪਕਾਂ ਨੂੰ ਸਿਰਫ ਮਾਣ ਭੱਤੇ ਵਿੱਚ ਵਾਧਾ ਕਰਕੇ ਪੱਕੇ ਕਰਨ ਦੀ ਨਵੀਂ ਪਿਰਤ ਪਾਈ ਜਾ ਰਹੀ ਹੈ। ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਨਹੀਂ ਕੀਤਾ ਜਾ ਰਿਹਾ। ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਉਚੇਰੀ ਗਰੇਡ ਪੇਅ ਜੋ 2011 ਵਿੱਚ ਲਾਗੂ ਕੀਤੀ ਗਈ ਸੀ, ਇਸ ਸਰਕਾਰ ਨੇ ਖੋਹ ਲਈ ਹੈ। ਜਨਵਰੀ 2016 ਨੂੰ ਬਣਦੇ 125% ਮਹਿੰਗਾਈ ਭੱਤੇ ਤੇ ਤਨਖਾਹ ਦੁਹਰਾਈ ਕਰਨ ਦੀ ਬਜਾਏ ਜਨਵਰੀ 2015 ਨੂੰ ਮਿਲਦੇ 113% ਮਹਿੰਗਾਈ ਭੱਤੇ ਤੇ 2.59 ਦੀ ਬਜਾਏ 2.25 ਦੇ ਗੁਣਾਂਕ ਨਾਲ ਤਨਖਾਹ ਦੁਹਰਾਈ ਕੀਤੀ ਗਈ ਹੈ। ਇਸ ਤਨਖਾਹ ਦੁਹਰਾਈ ਦਾ 66 ਮਹੀਨੇ ਦਾ ਬਕਾਇਆ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ, ਕਮਾਈ ਛੁੱਟੀਆਂ ਦਾ ਬਕਾਇਆ ਅੱਜ ਤੱਕ ਵੀ ਨਸੀਬ ਨਹੀਂ ਹੋਇਆ। ਮਹਿੰਗਾਈ ਭੱਤੇ ਦੀਆਂ 12% ਦੀਆਂ ਤਿੰਨ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਗਈਆਂ, ਜਦਕਿ ਜਨਵਰੀ ਵਿੱਚ ਚੌਥੀ ਕਿਸ਼ਤ ਬਕਾਇਆ ਹੋ ਜਾਵੇਗੀ। ਅਧਿਆਪਕਾਂ ਨੂੰ ਦੀਵਾਲੀ ਮੌਕੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਮਿਲਣ ਦੀ ਉਮੀਦ ਸੀ, ਪਰ ਅਧਿਆਪਕ ਕਾਲ਼ੀ ਦੀਵਾਲੀ ਮਨਾਉਣ ਲਈ ਮਜ਼ਬੂਰ ਹੋ ਗਏ। ਮੁਢਲੀ ਤਨਖਾਹ ਤੇ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਬਜਾਏ ਸਰਕਾਰ ਸੁਪਰੀਮ ਕੋਰਟ ਵਿੱਚ ਜਾ ਰਹੀ ਹੈ। 17 ਜੁਲਾਈ 2020 ਤੋਂ ਨਿਯੁਕਤੀਆਂ ਕੇਂਦਰੀ ਸਕੇਲ ਤੇ ਕੀਤੀਆਂ ਜਾ ਰਹੀਆਂ ਹਨ। ਹਰ ਵਰਗ ਦੀਆਂ ਪਦਉਨਤੀਆਂ ਕਈ ਸਾਲਾਂ ਤੋਂ ਨਹੀਂ ਕੀਤੀਆਂ ਜਾ ਰਹੀਆਂ। ਅਧਿਆਪਕ ਮਸਲਿਆਂ ਦੇ ਹੱਲ ਲਈ ਅਧਿਆਪਕਾਂ ਨੂੰ ਚਿਤਾਵਨੀ ਮਾਰਚ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।
ਮੀਟਿੰਗ ਵਿੱਚ ਬਿਕਰਮਜੀਤ ਸਿੰਘ ਰਾਹੋਂ, ਮਨਜਿੰਦਰਜੀਤ ਸਿੰਘ, ਗੁਰਨਾਮ ਸਿੰਘ, ਤਿਰਲੋਚਨ ਸਿੰਘ, ਰਾਮ ਬਿਸ਼ਨ, ਕੁਲਦੀਪ ਸਿੰਘ, ਅਸ਼ੋਕ ਕੁਮਾਰ, ਪਵਨ ਕੁਮਾਰ, ਹਰੀ ਦਾਸ, ਅੰਮ੍ਰਿਤਪਾਲ ਸਿੰਘ, ਸੁਮੀਤ ਸੋਢੀ, ਸੰਜੀਵ ਕੁਮਾਰ,ਸ਼ਮਸ਼ੇਰ ਸਿੰਘ, ਵਿਨੀਤ ਕੁਮਾਰ ਆਦਿ ਸ਼ਾਮਲ ਸਨ।