ETT 5994 COURT CASE: ਹਾਈਕੋਰਟ ਨੇ ਲਗਾਈ ਈਟੀਟੀ ਭਰਤੀ ਤੇ ਰੋਕ,ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਫ਼ੈਸਲੇ 'ਤੇ ਨਿਰਭਰ ਕਰੇਗੀ ਈਟੀਟੀ ਭਰਤੀ
ਚੰਡੀਗੜ੍ਹ, 20 ਅਕਤੂਬਰ 2023
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ 'ਚ 5994 ਈ.ਟੀ.ਟੀ ਅਧਿਆਪਕਾਂ ਦੀ ਭਰਤੀ 'ਤੇ ਰੋਕ ਲਾ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਇਸ ਭਰਤੀ ਤੇ ਰੋਕ ਦਾ ਪ੍ਰਮੁੱਖ ਕਾਰਨ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ ਹੁਣ ਭਰਤੀ ਨਿਯਮਾਂ 'ਚ ਬਦਲਾਅ ਹੈ , ਹੁਣ ਇਹ ਭਰਤੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਫ਼ੈਸਲੇ 'ਤੇ ਨਿਰਭਰ ਕਰੇਗੀ।
ਹਾਈ ਕੋਰਟ ਨੇ ਕਿਹਾ ਕਿ ਇਸ ਪਟੀਸ਼ਨ ਵਿਚ ਭਰਤੀ ਨੂੰ ਚੁਣੌਤੀ ਦੇਣ ਦਾ ਸਭ ਤੋਂ ਪ੍ਰਮੁੱਖ ਆਧਾਰ ਇਸ਼ਤਿਹਾਰ ਜਾਰੀ ਹੋਣ ਦੇ ਬਾਅਦ ਭਰਤੀ ਪ੍ਰਕਿਰਿਆ ਵਿਚ ਬਦਲਾਅ ਹੈ। ਇਹ ਵਿਸ਼ਾ ਸਰਬਉੱਚ ਅਦਾਲਤ ਵਿਚ ਤੇਜ ਪ੍ਰਕਾਸ਼ ਬਨਾਮ ਰਾਜਸਥਾਨ ਸਰਕਾਰ ਕੇਸ ਦੇ ਰੂਪ ਵਿਚ ਪੁੱਜਾ ਸੀ। ਇਸ ਮਾਮਲੇ ਨੂੰ ਸੰਵਿਧਾਨ ਬੈਂਚ ਕੋਲ ਭੇਜਿਆ ਗਿਆ ਸੀ ਜਿਸ ਨੇ 18 ਜੁਲਾਈ 2023 ਨੂੰ ਇਸ ਵਿਸ਼ੇ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਈ ਕੋਰਟ ਦੇ ਰੁਖ਼ ਦੇ ਬਾਅਦ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਕਿ ਅਗਲੇ ਹੁਕਮਾਂ ਤੱਕ ਇਸ ਭਰਤੀ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।
ਪਟੀਸ਼ਨਕਰਤਾ ਦੇ ਵਕੀਲ ਐਡਵੋਕੇਟ ਵਿਕਾਸ ਚਤਰਥ ਨੇ ਦੱਸਿਆ ਪੰਜਾਬ ਸਰਕਾਰ ਨੇ 12 ਅਕਤੂਬਰ 2022 ਨੂੰ ਈਟੀਟੀ ਦੀਆਂ 5994 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਸੀ। ਸਭ ਤੋਂ ਪਹਿਲਾਂ ਜਾਰੀ ਨੋਟੀਫਿਕੇਸ਼ਨ ਵਿੱਚ ਰਾਖਵੇਂ ਵਰਗ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਅਤੇ ਨਾ ਹੀ ਪੰਜਾਬੀ ਦੀ ਵਾਧੂ ਪ੍ਰੀਖਿਆ ਇਸ ਭਰਤੀ ਵਿਚ ਸ਼ਾਮਿਲ ਸੀ। । ਇਸ ਦੇ ਬਾਅਦ ਸੋਧ ਪੱਤਰ ਜਾਰੀ ਕੀਤੇ ਗਏ ਜਿਸ ਤਹਿਤ ਈਟੀਟੀ 5994 ਅਸਾਮੀਆਂ ਭਰਨ ਲਈ ਜਾਰੀ ਇਸ਼ਤਿਹਾਰ 'ਤੇ ਵੀ ਰਾਖਵੇਂ ਵਰਗ ਨੂੰ ਛੂਟ ਦਿੱਤੀ ਗਈ ਅਤੇ ਪੰਜਾਬੀ ਦੀ ਵਾਧੂ ਪ੍ਰੀਖਿਆ ਨੂੰ ਗਰੁੱਪ ਸੀ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਲਈ ਲਾਜ਼ਮੀ ਕਰ ਦਿੱਤਾ।