ਡੇਂਗੂ ਤੋਂ ਬਚਾਅ ਲਈ ਵਿਸ਼ੇਸ਼ ਮੁਹਿੰਮ:
ਡੇਂਗੂ ਬੁਖਾਰ ਤੋਂ ਬਚਾਅ ਲਈ ਹੋਟਲ, ਢਾਬੇ ਅਤੇ ਮੈਰਿਜ ਪੈਲੇਸਾਂ ‘ਚ ਮੱਛਰ ਦੀ ਪੈਦਾਇਸ਼ ਦੀ ਰੋਕਥਾਮ ਲਈ ਕੀਤੀ ਗਈ ਚੈਕਿੰਗ : ਸਿਵਲ ਸਰਜਨ ਬਰਨਾਲਾ
ਬਰਨਾਲਾ, 14 ਅਕਤੂਬਰ
ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਹਰ ਸ਼ੁਕਰਵਾਰ—ਡੇਂਗੂ ਤੇ ਵਾਰ’’ ਤਹਿਤ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਮੈਰਿਜ ਪੈਲਸ, ਹੋਟਲ, ਰੈਸਟੋਰੈਂਟ ਅਤੇ ਹੋਰ ਫੂਡ ਪੁਆਇੰਟਸ ਵਿੱਚ ਮੱਛਰਾਂ ਦੀ ਪੈਦਾਇਸ਼ ਦੇ ਸਰੋਤਾਂ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ ਫੈਲਣ ਅਤੇ ਬਚਾਅ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਡੇਂਗੂ ਪ੍ਰਭਾਵਿਤ ਇਲਾਕਿਆਂ ਅਤੇ ਹਾਈ ਰਿਸਕ ਖੇਤਰਾਂ ਵਿਚ ਲੋਕਾਂ ਨੂੰ ਡੇਂਗੂ ਬੁਖਾਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਡੇਂਗੂ ਦੇ ਇਲਾਜ ਸਬੰਧੀ ਗੁੰਝਲਦਾਰ ਕੇਸਾਂ ਅਤੇ ਸਪੈਸ਼ਲ ਕੇਸ ਜਿਵੇਂ ਕਿ ਗਰਭਵਤੀ ਔਰਤਾਂ , ਬੱਚਿਆਂ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਮਰੀਜਾਂ ਵਿੱਚ ਡੇਂਗੂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਮੈਡੀਕਲ ਅਫਸਰਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ।
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਤੇਜ ਬੁਖਾਰ , ਕਾਂਬਾ,ਖਾਂਸੀ , ਅੱਖਾਂ ਦੇ ਪਿੱਛੇ ਹਿੱਸੇ ਚ ਦਰਦ, ਲਾਲ ਧੱਫੜ ਅਤੇ ਨੱਕ ਜਾਂ ਮਸੂੜਿਆਂ ਚੋਂ ਖੂਨ ਆਉਣਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਜਰੂਰੀ ਹੈ ਤਾਂ ਜੋ ਸਹੀ ਸਮੇਂ ਤੇ ਇਲਾਜ ਕੀਤਾ ਜਾ ਸਕੇ। ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਡੇਂਗੂ ਬੂਖਾਰ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਡੇਂਗੂ ਵਰਗੀ ਬਿਮਾਰੀ ’ਤੇ ਕਾਬੂ ਪਾਉਣ ਲਈ ਸਾਰਿਆਂ ਦਾ ਸਹਿਯੋਗ ਜਰੂਰੀ ਹੈ ਅਤੇ ਜੇਕਰ ਸਾਰੇ ਲੋਕ ਆਪਣੀ —ਆਪਣੀ ਜਿਮੇਵਾਰੀ ਸਮਝਦੇ ਹੋਏ ਡੇਂਗੂ ਤੋਂ ਬਚਾੳ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਪਣਾਉਣ ਤਾਂ ਇਸ ਬਿਮਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਸਿਹਤ ਇੰਸਪੈਕਟਰ ਨੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਵਿੱਚ ਅੱਜ ਵੀ ਲਾਰਵਾ ਮਿਲਣਾ ਜਾਰੀ ਹੈ । ਪਿਛਲੇ ਸਾਲਾਂ ਦੌਰਾਨ ਦੇਖਿਆ ਗਿਆ ਹੈ ਕਿ ਅਕਤੂਬਰ ਮਹੀਨੇ ਵਿੱਚ ਥੋੜੀ ਬਹੁਤ ਬਾਰਸ਼ ਨਾਲ ਡੇਂਗੂ ਦੇ ਕੇਸਾਂ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲਦਾ ਹੈ ਤੇ ਇਹ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਪੂਰਾ ਜ਼ੋਰ ਪਕੜਦਾ ਹੈ । ਇਸ ਲਈ ਆਪਣੇ ਘਰਾਂ ਦੇ ਆਲੇ—ਦੁਆਲੇ ਅਤੇ ਘਰਾਂ ਵਿੱਚ ਟੁੱਟੇ—ਫੁੱਟੇ ਬਰਤਨਾਂ, ਕੁਲਰਾਂ, ਗਮਲਿਆਂ, ਫਰਿਜਾਂ ਦੀਆਂ ਟਰੇਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਪਾਣੀ ਦੇ ਖੜੇ ਸਰੋਤਾਂ ਨੂੰ ਨਸ਼ਟ ਕਰਨਾ ਯਕੀਨੀ ਬਣਾਇਆ ਜਾਵੇ। ਸ਼ਹਿਰ ਬਰਨਾਲਾ ਵਿੱਚ ਜਗਰੂਪ ਸਿੰਘ, ਬਲਜਿੰਦਰ ਸਿੰਘ, ਗੁਰਸੇਵਕ ਸਿੰਘ,ਜਸਵਿੰਦਰ ਸਿੰਘ,ਮਨਪ੍ਰੀਤ ਸਰਮਾ,ਗਣੇਸ ਦੱਤ ਅਤੇ ਗੁਲਾਬ ਸਿੰਘ ਸਿਹਤ ਕਰਮਚਾਰੀਆਂ ਵੱਲੋਂ ਲਾਰਵਾ ਨਸ਼ਟ ਕਰਵਾਇਆ ਗਿਆ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।