ਸਾਨੂੰ ਅਜ਼ਾਦੀ ਸੌਖਿਆਂ ਹੀ ਨਹੀਂ ਮਿਲੀ, ਸਗੋਂ ਦੇਸ਼ ਦੇ ਸਪੂਤਾਂ ਨੇ ਆਪਣੇ ਖੂਨ ਨਾਲ ਇਸ ਦੀ ਇਬਾਰਤ ਲਿਖੀ - ਡਿਪਟੀ ਕਮਿਸ਼ਨਰ
-ਜ਼ਿਲ੍ਹਾ ਮੋਗਾ ਵਿੱਚ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਹਾੜਾ
-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਚੜਾਉਣ ਦੀ ਰਸਮ ਕੀਤੀ ਅਦਾ
ਮੋਗਾ, 15 ਅਗਸਤ - ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਦਾਣਾ ਮੰਡੀ ਵਿਖੇ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਤਿਰੰਗਾ ਚੜਾਉਣ ਦੀ ਰਸਮ ਨਿਭਾਈ।
ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਬਾਘਾਪੁਰਾਣਾ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਤੁਲ ਕਸਾਨਾ, ਆਈ. ਜੀ. ਪੰਜਾਬ ਪੁਲਿਸ ਸ੍ਰ ਬਲਜੋਤ ਸਿੰਘ ਰਾਠੌਰ, ਵਧੀਕ ਡਿਪਟੀ ਕਮਿਸ਼ਨਰ (ਜ਼) ਡਾ. ਨਿਧੀ ਕਮੁਦ ਬਾਂਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ. ਇਲਨਚੇਲੀਅਨ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਨਗਰ ਨਿਗਮ ਕਮਿਸ਼ਨਰ ਪੂਨਮ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਸ੍ਰੀ ਦੀਪਕ ਅਰੋੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ. ਹਰਮਨਜੀਤ ਸਿੰਘ ਬਰਾੜ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਸੌਖਿਆਂ ਨਹੀਂ ਮਿਲੀ ਬਲਕਿ ਦੇਸ਼ ਦੇ ਸਪੂਤਾਂ ਨੇ ਆਪਣੇ ਖੂਨ ਨਾਲ ਦੇਸ਼ ਦੀ ਇਬਾਰਤ ਲਿਖੀ ਹੈ। ਉਨਾਂ ਕਿਹਾ ਕਿ ਕਈ ਸੰਘਰਸ਼ਾਂ ਦੀ ਬਦੌਲਤ ਹੀ 15 ਅਗਸਤ, 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਲਈ ਪ੍ਰਾਣਾਂ ਦੀ ਅਹੂਤੀ ਦੇਣ ਵਾਲਿਆਂ ਵਿੱਚ ਤਕਰੀਬਨ 80 ਫੀਸਦ ਪੰਜਾਬੀ ਸਨ। ਇਹ ਦਿਹਾੜਾ ਸਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਊਧਮ ਸਿੰਘ ਦੇ ਬਲੀਦਾਨਾਂ ਦੀ ਯਾਦ ਦਵਾਉਂਦਾ ਹੈ ਅਤੇ ਉਨਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਉਸ ਜੰਗ ਨੂੰ ਆਪਾਂ ਭਾਰਤ ਵਾਸੀ ਸੇਜ਼ਲ ਅੱਖਾਂ ਨਾਲ ਯਾਦ ਕਰਦੇ ਹਾਂ ਅਤੇ ਉਹਨਾਂ ਆਜ਼ਾਦੀ ਘੁਲਾਟੀਆ ਨੂੰ ਸਜਦਾ ਕਰਦੇ ਹੋਏ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਮੋਗਾ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ, ਜ਼ਿਲੇ ਦੀ ਤਰੱਕੀ ਆਦਿ ਦਾ ਗਰਾਫ਼ ਹੋਰ ਉੱਪਰ ਚੁੱਕਣ ਦੇ ਯਤਨ ਲਗਾਤਾਰ ਜਾਰੀ ਹਨ। ਉਨਾਂ ਜ਼ਿਲਾ ਮੋਗਾ ਦੀਆਂ ਪ੍ਰਾਪਤੀਆਂ ਸਬੰਧੀ ਦੱਸਿਆ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਜ਼ਿਲਾ ਮੋਗਾ ਵਿੱਚ ਹੱਥ ਨਾਲ ਘੜੇ ਅਤੇ ਹੋਰ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਆਧੁਨਿਕ ਤਰੀਕੇ ਦੀ ਸਿਖ਼ਲਾਈ ਅਤੇ ਮਸ਼ੀਨਰੀ ਮੁਹੱਈਆ ਕਰਵਾ ਕੇ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ। ਜ਼ਿਲਾ ਪ੍ਰਸਾਸ਼ਨ ਦਾ ਸੁਪਨਾ ਹੈ ਕਿ ਇਨਾਂ ਕਾਰੀਗਰਾਂ ਨੂੰ ਵਿਸ਼ਵ ਪੱਧਰ ਦੇ ਭਾਂਡੇ ਤਿਆਰ ਕਰਨ ਲਈ ਤਿਆਰ ਕੀਤਾ ਜਾਵੇ। ਇਨਾਂ ਦਾ ਟੈਰਾਕੋਟਾ ਕਲੱਸਟਰ ਤਿਆਰ ਕਰ ਦਿੱਤਾ ਗਿਆ ਹੈ। 80 ਤੋਂ ਵਧੇਰੇ ਕਾਰੀਗਰਾਂ ਦੀ ਸਿਖ਼ਲਾਈ ਆਖਰੀ ਗੇੜ ’ਤੇ ਹੈ। ਇਸੇ ਤਰਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਸੈਂਟਰਲ ਟੂਲ ਰੂਮ ਦਾ ਐਕਸਟੈਂਸ਼ਨ ਸੈਂਟਰ ਮੋਗਾ ਵਿਖੇ ਖੋਲਿਆ ਜਾਵੇ। ਜੇਕਰ ਇਹ ਹੋ ਜਾਂਦਾ ਹੈ ਤਾਂ ਮੋਗਾ ਪੂਰੇ ਪੰਜਾਬ ਦਾ ਪਹਿਲਾ ਜ਼ਿਲਾ ਬਣੇਗਾ। ਇਸ ਪ੍ਰੋਜੈਕਟ ਉੱਤੇ 10 ਕਰੋੜ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਆਈ.ਟੀ.ਆਈ. ਵਿਖੇ ਬਣਨ ਵਾਲੇ ਇਸ ਪ੍ਰੋਜੈਕਟ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਅਤਿ ਆਧੁਨਿਕ ਕੋਰਸਾਂ ਦਾ ਲਾਹਾ ਮਿਲੇਗਾ। ਇਸੇ ਤਰਾਂ ਜ਼ਿਲਾ ਮੋਗਾ ਵਿੱਚ ਦੁੱਧ ਦੀ ਪੈਦਾਵਾਰ ਨੂੰ ਤਿੰਨ ਗੁਣਾ ਵਧਾਉਣ ਤੋਂ ਇਲਾਵਾ ਗੁਣਵੱਤਾ ਵਿੱਚ ਸੁਧਾਰ ਕਰਨ ਲਈ ‘‘ਓਪਰੇਸ਼ਨ ਵਾਈਟ ਫਲੱਡ’’ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪਹਿਲ ਕਰਨ ਵਾਲਾ ਵੀ ਮੋਗਾ ਪੰਜਾਬ ਦਾ ਪਹਿਲਾ ਜ਼ਿਲਾ ਬਣੇਗਾ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਸੂਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਐਸਪੀਰੇਸ਼ਨਲ ਡਿਸਟਿ੍ਰਕਟ ਪ੍ਰੋਗਰਾਮ ਅਧੀਨ ਪਸ਼ੂ ਹਸਪਤਾਲ ਗਿੱਲ ਨੂੰ 15 ਲੱਖ ਦੀ ਕੀਮਤ ਵਾਲੀ ਰੈਫਰੀਜਰੇਸ਼ਨ ਵੈਨ ਮਿਲੀ ਹੈ ਅਤੇ 7 ਲੱਖ ਰੁਪਏ ਕੀਮਤ ਵਾਲਾ ਸੀਰਮ ਐਨਾਲਈਜ਼ਰ ਵੀ ਪਸੂਆਂ ਲਈ ਵਰਦਾਨ ਸਾਬਿਤ ਹੋਵੇਗਾ। ਸਿਹਤ ਵਿਭਾਗ ਨੂੰ 3.45 ਲੱਖ ਰੁਪਏ ਦੀ ਫੁੱਲੀ ਆਟੋਮੈਟਿਕ ਡੈਂਟਲ ਚੇਅਰ, ਅੱਖਾਂ ਦੇ ਆਪਰੇਸ਼ਨ ਥੀਏਟਰ ਲਈ ਏ-ਸਕੈਨ, ਸਲਿਟ ਲੈਂਪ, ਨਾਨ ਕੁਟੈਕਟ ਟੋਨੋਮੀਟਰ, ਮੋਟਰਰਾਈਜ਼ਡ ਟੇਬਲ ਸਮੇਤ ਚੇਅਰ ਦਿੱਤੇ ਗਏ ਹਨ, ਇਨਾਂ ਦੀ ਕੀਮਤ 16.46 ਲੱਖ ਰੁਪਏ ਹੈ। ਸੁਆਇਲ ਹੈਲਥ ਲੈਬ ਦਾ ਟੈਂਡਰ ਹੋ ਗਿਆ ਹੈ ਅਤੇ ਇੱਕ ਕਰੋੜ 30 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੇ ਅਗਲੇ ਤਿੰਨ ਮਹੀਨੇ ਵਿੱਚ ਚਾਲੂ ਹੋਣ ਦੀ ਉਮੀਦ ਹੈ।
ਉਹਨਾਂ ਕਿਹਾ ਕਿ ਸਿੰਚਾਈ ਲਈ ਭੂਮੀਗਤ ਬੁਨਿਆਦੀ ਢਾਂਚਾ ਵਿਕਸਤ ਕਰਨ ਹਿੱਤ ਜ਼ਿਲਾ ਮੋਗਾ ਦੇ ਪੰਜ ਪਿੰਡਾਂ ਦੇ ਛੱਪੜਾਂ ਲਈ 1 ਕਰੋੜ 8 ਲੱਖ 35 ਹਜ਼ਾਰ ਰੁਪਏ ਖਰਚੇ ਜਾ ਰਹੇ ਹਨ। ਇਨਾਂ ਪਿੰਡਾਂ ਵਿੱਚ ਖੋਸਾ ਪਾਂਡੋ, ਧੱਲੇਕੇ, ਮੌੜ ਨੌਆਬਾਦ, ਨੂਰਪੁਰ ਹਕੀਮਾਂ, ਪੱਤੋ ਜਵਾਹਰ ਸਿੰਘ ਸ਼ਾਮਿਲ ਹਨ। ਤਿੰਨ ਕਰੋੜ ਰੁਪਏ ਦੀ ਰਾਸ਼ੀ ਨਾਲ ਚਾਰ ਸ਼ਹਿਰੀ ਖੇਤਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। 31 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 75.74 ਲੱਖ ਰੁਪਏ ਨਾਲ ਸੋਲਰ ਪੈਨਲ ਲਗਾਏ ਜਾ ਰਹੇ ਹਨ। ਸਰਕਾਰੀ ਆਈ. ਟੀ. ਆਈਜ਼ ਲਈ ਨਵੀਂ ਮਸ਼ੀਨਰੀ ਖਰੀਦਣ ਲਈ 97 ਲੱਖ ਰੁਪਏ ਖਰਚੇ ਜਾ ਰਹੇ ਹਨ। ਏ-ਫੈਰੇਸਿਸ ਮਸ਼ੀਨ ਅਤੇ ਚਾਰ ਐਕਸਰੇ ਮਸ਼ੀਨਾਂ ਖਰੀਦਣ ਲਈ 96 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਨੀਤੀ ਆਯੋਗ ਦੇ ਫੰਡਾਂ ਨਾਲ 2.66 ਕਰੋੜ ਰੁਪਏ ਦੇ ਬੇਲਰ ਅਤੇ ਰੇਕ ਖਰੀਦ ਕੇ ਸਹਿਕਾਰੀ ਸਭਾਵਾਂ ਨੂੰ ਦਿੱਤੇ ਗਏ ਸਨ, ਜਿਨਾਂ ਦੇ ਬਹੁਤ ਹੀ ਵਧੀਆ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਦਾ ਜ਼ਿਲਾ ਮੋਗਾ ਦੇ 1.49 ਲੱਖ ਤੋਂ ਵਧੇਰੇ ਲੋਕਾਂ ਨੇ ਮੁਫ਼ਤ ਮੈਡੀਕਲ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ। ਇਸ ਤੋਂ ਇਲਾਵਾ ਆਮ ਲੋਕਾਂ ਨੇ ਮੁਫ਼ਤ ਵਿੱਚ ਕਰਵਾਏ 29 ਹਜ਼ਾਰ ਤੋਂ ਵਧੇਰੇ ਲੈਬ ਟੈਸਟ ਵੀ ਕਰਵਾਏ ਹਨ। ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਲੋਕ ਹਿੱਤ ਉਪਰਾਲਾ ਹੈ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ -ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਸਮੇਂ ਸਮੇਂ ’ਤੇ ਗਰੀਬ ਅਤੇ ਲੋੜਵੰਦ ਵਿਅਕਤੀਆਂ/ਔਰਤਾਂ/ਬੱਚਿਆਂ ਨੂੰ ਸਰਕਾਰੀ ਖਰਚੇ ’ਤੇ ਵਕੀਲ ਦੀਆਂ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਂਦੀਆਂ ਹਨ ਅਤੇ ਸਭ ਨੂੰ ਮੁਫਤ ਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ। ਸਮਝੌਤਾ ਕੇਂਦਰਾਂ ਰਾਹੀਂ ਲੋਕਾਂ ਦੇ ਲੰਬਿਤ ਝਗੜਿਆਂ ਦਾ ਆਪਸੀ ਰਾਜੀਨਾਮੇ ਰਾਹੀਂ ਨਿਪਟਾਰਾ ਕਰਵਾਇਆ ਜਾਂਦਾ ਹੈ।
ਇਸ ਮੌਕੇ ਜ਼ਿਲਾ ਮੋਗਾ ਦੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਸੇਸ਼ ਯੋਗਦਾਨ ਪਾਉਣ ਵਾਲੀਆਂ ਕਈ ਸ਼ਖਸ਼ੀਅਤਾਂ ਦਾ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ 10 ਲੋੜਵੰਦ ਔਰਤਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਅਤੇ 8 ਦਿਵਿਆਂਗਜਨਾਂ ਨੂੰ ਮੁਫ਼ਤ ਟਰਾਈਸਾਈਕਲਾਂ ਦੀ ਵੀ ਵੰਡ ਕੀਤੀ ਗਈ । ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀ. ਟੀ. ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੁਰੱਖਿਆ ਦਸਤਿਆਂ, ਐੱਨ. ਸੀ. ਸੀ. ਕੈਡਿਟਾਂ ਅਤੇ ਹੋਰ ਟੁਕੜੀਆਂ ਵੱਲੋਂ ਮਾਰਚ ਪਾਸਟ ਵਿੱਚ ਹਿੱਸਾ ਲਿਆ ਗਿਆ।
---