ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਂਟੀ ਸਨੇਕ ਬਾਈਟ ਇੰਜੈਕਸ਼ਨ ਲੋੜੀਂਦੀ ਮਾਤਰਾ ਵਿੱਚ ਮੁਫ਼ਤ ਉਪਲੱਬਧ
--ਸੱਪ ਦੇ ਡੰਗੇ ਵਿਅਕਤੀ ਨੂੰ ਘਰੇਲੂ ਟੋਟਕਿਆਂ ਦੀ ਬਿਜਾਇ ਨੇੜਲੇ ਸਿਹਤ ਕੇਂਦਰ ਵਿੱਚ ਲਿਆ ਕੇ ਲਵਾਇਆ ਜਾਵੇ ਜਲਦੀ ਟੀਕਾ-ਡਿਪਟੀ ਕਮਿਸ਼ਨਰ
ਮੋਗਾ, 14 ਜੁਲਾਈ:
ਬਾਰਿਸ਼ਾਂ ਦਾ ਮੌਸਮ ਅਤੇ ਖੇਤਾਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਕਰਕੇ ਹੁਣ ਆਮ ਵੇਖਣ ਵਿੱਚ ਆਉਂਦਾ ਹੈ ਕਿ ਘਰਾਂ ਵਿੱਚ ਜਾਂ ਹੜ੍ਹਾਂ ਦੇ ਇਲਾਕਿਆਂ ਵਿੱਚ ਸੱਪਾਂ ਜਾਂ ਹੋਰ ਜਹਿਰਲੇ ਜਾਨਵਰ ਆ ਜਾਂਦੇ ਹਨ। ਇਹ ਜਹਿਰੀਲੇ ਜਾਨਵਰ ਜਾਂ ਸੱਪ ਕਈ ਵਾਰ ਵਿਅਕਤੀਆਂ ਨੂੰ ਆਪਣੇ ਡੰਗ ਦਾ ਸਿ਼ਕਾਰ ਵੀ ਬਣਾ ਲੈਂਦੇ ਹਨ। ਇਸਦੇ ਇਲਾਜ ਅਤੇ ਇਸ ਤੋਂ ਬਚਾਅ ਲਈ ਜਾਗਰੂਕਤਾ ਆਮ ਲੋਕਾਂ ਵਿੱਚ ਬਹੁਤ ਹੀ ਜਰੂਰੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਅਤੇ ਉਕਤ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਆਪਣੇ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਂਟੀ ਸਨੇਕ ਬਾਈਟ ਇੰਨਜੈਕਸ਼ਨ (ਸੱਪ ਦੇ ਡੰਗਣ ਦੇ ਇਲਾਜ ਦਾ ਟੀਕਾ) ਲੋੜੀਂਦੀ ਮਾਤਰਾ ਵਿੱਚ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਸੱਪ ਦੇ ਡੰਗ ਮਾਰਨ ਵਾਲੇ ਵਿਅਕਤੀਆਂ ਦੇ ਇਹ ਟੀਕਾ ਮੁਫ਼ਤ ਵਿੱਚ ਲਗਾਇਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਰੱਬ ਨਾ ਕਰੇ ਜੇਕਰ ਕਿਸੇ ਦੇ ਵੀ ਸੱਪ ਲੜ ਜਾਂਦਾ ਹੈ ਤਾਂ ਉਹ ਵਹਿਮਾਂ ਭਰਮਾਂ, ਟੂਣਿਆਂ ਆਦਿ ਘਰੇਲੂ ਟੋਟਕਿਆਂ ਵਿੱਚ ਪੈਣ ਦੀ ਬਿਜਾਇ ਸਿੱਧਾ ਕਮਿਊਨਿਟੀ ਹੈਲਥ ਸੈਂਟਰਾਂ ਨਾਲ ਰਾਬਤਾ ਬਣਾ ਕੇ ਇਹ ਟੀਕਾ ਲਗਵਾ ਲੈਣ। ਉਨ੍ਹਾਂ ਦੱਸਿਆ ਕਿ ਇਹ ਇਹ ਇੱਕੋ ਟੀਕਾ ਹਰ ਤਰ੍ਹਾਂ ਦੇ ਸੱਪ ਦੇ ਡੰਗਣ ਦੇ ਇਲਾਜ ਲਈ ਵਰਤਿਆ ਜਾਂਦਾ ਹੈ।