ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਹੱਦੀ ਪਿੰਡਾਂ ਵਿਚ ਸੰਭਾਲਿਆ ਮੋਰਚਾ
—ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਦਾ ਕਰ ਰਹੇ ਹਨ ਹੱਲ
ਫਾਜਿ਼ਲਕਾ, 14 ਜ਼ੁਲਾਈ
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪੋ ਆਪਣੇ ਖੇਤਰਾਂ ਵਿਚ ਹੜ੍ਹ ਰਾਹਤ ਪ੍ਰਬੰਧਾਂ ਲਈ ਕੰਮ ਕਰਨ ਦਾ ਕਹੇ ਜਾਣ ਅਨੁਸਾਰ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੱਛਲੇ ਕਈ ਦਿਨ੍ਹਾਂ ਤੋਂ ਸਰਹੱਦੀ ਪਿੰਡਾਂ ਵਿਚ ਮੋਰਚਾ ਸੰਭਾਲਿਆ ਹੋਇਆ ਹੈ। ਉਹ ਦਿਨ ਰਾਤ ਇੰਨ੍ਹਾਂ ਪਿੰਡਾਂ ਵਿਚ ਵਿਚਰ ਰਹੇ ਹਨ ਅਤੇ ਪਹਿਲਾਂ ਉਨ੍ਹਾਂ ਨੇ ਅਗੇਤੇ ਕੀਤੇ ਜਾਣ ਵਾਲੇ ਕੰਮ ਕਰਵਾਏ ਅਤੇ ਹੁਣ ਰਾਹਤ ਕਾਰਜਾਂ ਵਿਚ ਜ਼ੁਟ ਗਏ ਹਨ।
ਉਨ੍ਹਾਂ ਵੱਲੋਂ ਅੱਜ ਸਰਹੱਦੀ ਪਿੰਡਾਂ ਦੇ ਮੋਹਤਬਰ ਲੋਕਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਕਿਹਾ ਕਿ ਪਿੰਡ ਦੇ ਲੋਕਾਂ ਦੀ ਹਰੇਕ ਮੁਸਕਿਲ ਦਾ ਹੱਲ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਪਿੰਡਾਂ ਵਿਚ ਸਿਹਤ ਟੀਮਾਂ ਭੇਜ਼ ਰਹੇ ਹਾਂ, ਜ਼ੋ ਕਿ ਲੋਕਾਂ ਨੂੰ ਪਿੰਡ ਵਿਚ ਹੀ ਦਵਾਈਆਂ ਮੁਹਈਆ ਕਰਵਾ ਰਹੀਆਂ ਹਨ। ਇਸ ਲਈ ਲੋਕ ਕਿਸੇ ਵੀ ਮੈਡੀਕਲ ਸਹੁਲਤ ਲਈ ਸਿਹਤ ਵਿਭਾਗ ਦੀ ਟੀਮ ਨਾਲ ਸੰਪਰਕ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਬਾਕੀ ਸਾਰੇ ਵਿਭਾਗ ਵੀ ਪਿੰਡਾਂ ਵਿਚ ਸਰਗਰਮ ਕੀਤੇ ਗਏ ਹਨ। ਉਨ੍ਹਾਂ ਨੇ ਜ਼ੋ ਨੀਵੇਂ ਥਾਂਵਾਂ ਤੇ ਰਹਿ ਰਹੇ ਲੋਕ ਹਨ ਉਨ੍ਹਾਂ ਨੂੰ ਪ੍ਰੇਰਿਤ ਵੀ ਕੀਤਾ ਕਿ ਉਹ ਸੁਰੱਖਿਅਤ ਥਾਂਵਾਂ ਤੇ ਆਉਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਲੇ ਪਾਣੀ ਸਿਰਫ ਖੇਤਾਂ ਵਿਚ ਹੈ ਅਤੇ ਘਰਾਂ ਦੇ ਅੰਦਰ ਪਾਣੀ ਦਾਖਲ ਨਹੀਂ ਹੋਇਆ ਹੈ ਅਤੇ ਮਨੁੱਖੀ ਆਬਾਦੀ ਪੂਰੀ ਤਰਾਂ ਨਾਲ ਸੁਰੱਖਿਤ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮੁਸਕਿਲ ਘੜੀ ਵਿਚ ਲੋਕਾਂ ਦੇ ਨਾਲ ਹੈ ਅਤੇ ਸਰਕਾਰ ਵੱਲੋਂ ਕੀਤੇ ਅਗੇਤੇ ਪ੍ਰਬੰਧਾਂ ਕਾਰਨ ਹੀ ਵੱਡਾ ਨੁਕਸਾਨ ਹੋਣ ਤੋਂ ਬਚਿਆ ਹੈ। ਉਨ੍ਹਾਂ ਨੇ ਢਾਣੀਆਂ ਤੱਕ ਆਪ ਪਾਣੀ ਵਿਚ ਜਾ ਕੇ ਲੋਕਾਂ ਦਾ ਹੌਂਸਲਾਂ ਵਧਾਇਆ।
ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪਿਆਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।