103 ਕਿਲੋਮੀਟਰ ਲੰਬੀ ਰਾਏਪੁਰ-ਖਰਿਆਰ ਰੋਡ ਰੇਲ ਲਾਈਨ ਅਤੇ ਕੇਵਟੀ-ਅੰਤਾਗੜ੍ਹ ਨੂੰ ਜੋੜਨ ਵਾਲੀ 17 ਕਿਲੋਮੀਟਰ ਲੰਬੀ ਨਵੀਂ ਡਬਲ ਰੇਲਵੇ ਲਾਈਨ ਰਾਸ਼ਟਰ ਨੂੰ ਸਮਰਪਿਤ

 ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਲਗਭਗ 7500 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

5 ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ

103 ਕਿਲੋਮੀਟਰ ਲੰਬੀ ਰਾਏਪੁਰ-ਖਰਿਆਰ ਰੋਡ ਰੇਲ ਲਾਈਨ ਅਤੇ ਕੇਵਟੀ-ਅੰਤਾਗੜ੍ਹ ਨੂੰ ਜੋੜਨ ਵਾਲੀ 17 ਕਿਲੋਮੀਟਰ ਲੰਬੀ ਨਵੀਂ ਡਬਲ ਰੇਲਵੇ ਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ

ਕੋਰਬਾ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਬੌਟਲਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ


ਵੀਡੀਓ ਲਿੰਕ ਦੇ ਜ਼ਰੀਏ ਅੰਤਾਗੜ੍ਹ-ਰਾਏਪੁਰ ਟ੍ਰੇਨ ਨੂੰ ਹਰੀ ਝੰਡੀ ਦਿਖਾਈ

ਆਯੁਸ਼ਮਾਨ ਭਾਰਤ ਦੇ ਤਹਿਤ ਲਾਭਾਰਥੀਆਂ ਨੂੰ 75 ਲੱਖ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ

"ਅੱਜ ਦੇ ਪ੍ਰੋਜੈਕਟ ਛੱਤੀਸਗੜ੍ਹ ਦੇ ਕਬਾਇਲੀ ਖੇਤਰਾਂ ਵਿੱਚ ਵਿਕਾਸ ਅਤੇ ਸੁਵਿਧਾ ਦੀ ਇੱਕ ਨਵੀਂ ਯਾਤਰਾ ਨੂੰ ਦਰਸਾਉਂਦੇ ਹਨ"

"ਸਰਕਾਰ ਉਨ੍ਹਾਂ ਖਾਸ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੀ ਹੈ, ਜੋ ਵਿਕਾਸ ਦੇ ਮਾਮਲੇ ਵਿੱਚ ਪਿਛੜ ਗਏ ਹਨ"

"ਆਧੁਨਿਕ ਬੁਨਿਆਦੀ ਢਾਂਚਾ ਸਮਾਜਿਕ ਨਿਆਂ ਨਾਲ ਵੀ ਜੁੜਿਆ ਹੈ"


"ਅੱਜ ਛੱਤੀਸਗੜ੍ਹ ਦੋ ਆਰਥਿਕ ਕੌਰੀਡੋਰਾਂ ਨਾਲ ਜੁੜ ਰਿਹਾ ਹੈ"


"ਸਰਕਾਰ ਕੁਦਰਤੀ ਸੰਪਤੀ ਦੇ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਕਰਨ ਅਤੇ ਹੋਰ ਉਦਯੋਗ ਸਥਾਪਤ ਕਰਨ ਲਈ ਪ੍ਰਤੀਬੱਧ ਹੈ"



"ਸਰਕਾਰ ਨੇ ਛੱਤੀਸਗੜ੍ਹ ਨੂੰ ਮਨਰੇਗਾ ਤਹਿਤ ਢੁਕਵਾਂ ਰੋਜ਼ਗਾਰ ਮੁਹੱਈਆ ਕਰਵਾਉਣ ਲਈ 25000 ਕਰੋੜ ਰੁਪਏ

Chhattisgarh: 07 JUL 2023 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਲਗਭਗ 7500 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਲਗਭਗ 6,400 ਕਰੋੜ ਰੁਪਏ ਦੀ ਲਾਗਤ ਵਾਲੇ 5 ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ 750 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ 103 ਕਿਲੋਮੀਟਰ ਲੰਬੀ ਰਾਏਪੁਰ - ਖਰਿਆਰ ਡਬਲ ਰੋਡ ਰੇਲ ਲਾਈਨ ਅਤੇ ਕੇਵਟੀ - ਅੰਤਾਗੜ੍ਹ ਨੂੰ ਜੋੜਨ ਵਾਲੀ 290 ਕਰੋੜ ਰੁਪਏ ਦੀ ਲਾਗਤ ਨਾਲ 17 ਕਿਲੋਮੀਟਰ ਲੰਬੀ ਨਵੀਂ ਰੇਲਵੇ ਲਾਈਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕੋਰਬਾ ਵਿਖੇ 130 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ 60 ਹਜ਼ਾਰ ਮੀਟ੍ਰਿਕ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਬੌਟਲਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਵੀਡੀਓ ਲਿੰਕ ਦੇ ਜ਼ਰੀਏ ਅੰਤਾਗੜ੍ਹ-ਰਾਏਪੁਰ ਰੇਲ ਨੂੰ ਵੀ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦੇ ਤਹਿਤ ਲਾਭਾਰਥੀਆਂ ਨੂੰ 75 ਲੱਖ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ।


ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਛੱਤੀਸਗੜ੍ਹ ਦੀ ਵਿਕਾਸ ਯਾਤਰਾ ਲਈ ਅੱਜ ਦਾ ਮੌਕਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਰਾਜ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਵਰਗੇ ਖੇਤਰਾਂ ਵਿੱਚ 7000 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਅੱਜ ਦੇ ਪ੍ਰੋਜੈਕਟ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣਗੇ ਅਤੇ ਰਾਜ ਵਿੱਚ ਸਿਹਤ ਸੰਭਾਲ਼ ਪ੍ਰਣਾਲੀ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਸੂਬੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ ਅਤੇ ਛੱਤੀਸਗੜ੍ਹ ਦੇ ਝੋਨਾ ਕਿਸਾਨਾਂ, ਖਣਿਜ ਉਦਯੋਗ ਅਤੇ ਸੈਰ ਸਪਾਟਾ ਉਦਯੋਗ ਨੂੰ ਵੀ ਲਾਭ ਪਹੁੰਚਾਉਣਗੇ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟਾਂ ਲਈ ਰਾਜ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ, "ਅੱਜ ਦੇ ਪ੍ਰੋਜੈਕਟ ਛੱਤੀਸਗੜ੍ਹ ਦੇ ਕਬਾਇਲੀ ਖੇਤਰਾਂ ਵਿੱਚ ਵਿਕਾਸ ਅਤੇ ਸੁਵਿਧਾ ਦੀ ਇੱਕ ਨਵੀਂ ਯਾਤਰਾ ਦੀ ਨਿਸ਼ਾਨਦੇਹੀ ਕਰਨਗੇ।"


ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਖੇਤਰ ਦੇ ਵਿਕਾਸ ਵਿੱਚ ਦੇਰੀ ਦਾ ਸਿੱਧਾ ਸਬੰਧ ਬੁਨਿਆਦੀ ਢਾਂਚੇ ਦੀ ਘਾਟ ਨਾਲ ਹੁੰਦਾ ਹੈ, ਇਸ ਲਈ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਸਰਕਾਰ ਉਨ੍ਹਾਂ ਖਾਸ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੀ ਹੈ, ਜੋ ਵਿਕਾਸ ਦੇ ਮਾਮਲੇ ਵਿੱਚ ਪਿਛੜ ਗਏ ਹਨ। ਉਨ੍ਹਾਂ ਨੇ ਕਿਹਾ, "ਬੁਨਿਆਦੀ ਢਾਂਚੇ ਦਾ ਮਤਲਬ ਹੈ ਈਜ਼ ਆਵ੍ ਲਿਵਿੰਗ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਅਰਥ ਹੈ ਰੋਜ਼ਗਾਰ ਦੇ ਮੌਕੇ ਅਤੇ ਤੇਜ਼ ਰਫ਼ਤਾਰ ਵਿਕਾਸ।" ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿੱਥੇ ਪਿਛਲੇ 9 ਸਾਲਾਂ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਰਾਜ ਦੇ ਹਜ਼ਾਰਾਂ ਆਦਿਵਾਸੀ ਪਿੰਡਾਂ ਤੱਕ ਸੜਕ ਕਨੈਕਟੀਵਿਟੀ ਦਾ ਵਿਸਤਾਰ ਹੋਇਆ ਹੈ। ਉਨ੍ਹਾਂ ਨੋਟ ਕੀਤਾ ਕਿ ਸਰਕਾਰ ਨੇ ਲਗਭਗ 3,500 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿੱਥੇ ਲਗਭਗ 3000 ਕਿਲੋਮੀਟਰ ਮੁਕੰਮਲ ਵੀ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਅੱਜ ਰਾਏਪੁਰ-ਕੋਦੇਬੋਡ ਅਤੇ ਬਿਲਾਸਪੁਰ-ਪਥਰਾਪਲੀ ਹਾਈਵੇਅ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, "ਭਾਵੇਂ ਰੇਲ ਹੋਵੇ, ਸੜਕ ਹੋਵੇ, ਦੂਰਸੰਚਾਰ ਹੋਵੇ, ਸਰਕਾਰ ਨੇ ਛੱਤੀਸਗੜ੍ਹ ਵਿੱਚ ਪਿਛਲੇ 9 ਸਾਲਾਂ ਵਿੱਚ ਹਰ ਤਰ੍ਹਾਂ ਦੀ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਬੇਮਿਸਾਲ ਕੰਮ ਕੀਤਾ ਹੈ।"


ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਚਾਨਣਾ ਪਾਇਆ ਕਿ ਆਧੁਨਿਕ ਬੁਨਿਆਦੀ ਢਾਂਚਾ ਸਮਾਜਿਕ ਨਿਆਂ ਨਾਲ ਵੀ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ, ਦਲਿਤਾਂ, ਪਿਛੜਿਆਂ ਅਤੇ ਆਦਿਵਾਸੀਆਂ ਦੀਆਂ ਬਸਤੀਆਂ ਨੂੰ ਜੋੜਨ ਵਾਲੀਆਂ ਸੜਕਾਂ ਅਤੇ ਰੇਲਵੇ ਲਾਈਨਾਂ ਸਮੇਤ ਅੱਜ ਦੇ ਪ੍ਰੋਜੈਕਟ ਮਰੀਜ਼ਾਂ ਅਤੇ ਮਹਿਲਾਵਾਂ ਲਈ ਹਸਪਤਾਲਾਂ ਨਾਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਨੌਂ ਸਾਲ ਪਹਿਲਾਂ ਛੱਤੀਸਗੜ੍ਹ ਦੇ 20 ਫੀਸਦੀ ਤੋਂ ਵੱਧ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੋਬਾਈਲ ਕਨੈਕਟੀਵਿਟੀ ਨਹੀਂ ਸੀ, ਜਦ ਕਿ ਅੱਜ ਇਹ ਗਿਣਤੀ ਘਟ ਕੇ 6 ਫੀਸਦੀ ਦੇ ਕਰੀਬ ਰਹਿ ਗਈ ਹੈ ਅਤੇ ਇਸ ਖੇਤਰ ਦੇ ਕਿਸਾਨ ਅਤੇ ਮਜ਼ਦੂਰ ਇਸਦੇ ਸਭ ਤੋਂ ਵੱਧ ਲਾਭਾਰਥੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕਬਾਇਲੀ ਪਿੰਡਾਂ ਵਿੱਚੋਂ ਜਿੱਥੇ ਜ਼ਿਆਦਾਤਰ ਕਨੈਕਟੀਵਿਟੀ ਸੁਧਾਰ ਹੋਇਆ ਹੈ, ਕਦੇ ਇਹ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਰਹੇ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਚੰਗੀ 4ਜੀ ਕਨੈਕਟੀਵਿਟੀ ਯਕੀਨੀ ਬਣਾਉਣ ਲਈ 700 ਤੋਂ ਵੱਧ ਮੋਬਾਈਲ ਟਾਵਰ ਲਗਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਰੀਬ 300 ਟਾਵਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ, "ਉਹ ਕਬਾਇਲੀ ਪਿੰਡ ਜੋ ਪਹਿਲਾਂ ਮੌਨ ਹੋ ਗਏ ਸਨ, ਹੁਣ ਰਿੰਗਟੋਨਾਂ ਦੀ ਗੂੰਜ ਸੁਣ ਸਕਦੇ ਹਨ।” ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਮੋਬਾਈਲ ਕਨੈਕਟੀਵਿਟੀ ਦੇ ਆਉਣ ਨਾਲ ਪਿੰਡ ਦੇ ਲੋਕਾਂ ਨੂੰ ਕਈ ਕੰਮਾਂ ਵਿੱਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਸਮਾਜਿਕ ਨਿਆਂ ਹੈ ਅਤੇ ਇਹ ਹੈ ਸਬਕਾ ਸਾਥ, ਸਬਕਾ ਵਿਕਾਸ।”


ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਛੱਤੀਸਗੜ੍ਹ ਦੋ ਆਰਥਿਕ ਕੌਰੀਡੋਰਾਂ ਨਾਲ ਜੁੜ ਰਿਹਾ ਹੈ, ਰਾਏਪੁਰ - ਧਨਬਾਦ ਆਰਥਿਕ ਕੌਰੀਡੋਰ ਅਤੇ ਰਾਏਪੁਰ - ਵਿਸ਼ਾਖਾਪਟਨਮ ਆਰਥਿਕ ਕੌਰੀਡੋਰ ਪੂਰੇ ਖੇਤਰ ਦੀ ਕਿਸਮਤ ਨੂੰ ਬਦਲਣ ਜਾ ਰਿਹਾ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਆਰਥਿਕ ਕੌਰੀਡੋਰ ਉਨ੍ਹਾਂ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚੋਂ ਲੰਘ ਰਹੇ ਹਨ, ਜੋ ਕਦੇ ਪਿਛੜੇ ਕਹੇ ਜਾਂਦੇ ਸਨ ਅਤੇ ਜਿੱਥੇ ਕਦੇ ਹਿੰਸਾ ਅਤੇ ਅਰਾਜਕਤਾ ਦਾ ਬੋਲਬਾਲਾ ਸੀ। ਉਨ੍ਹਾਂ ਨੇ ਕਿਹਾ ਕਿ ਰਾਏਪੁਰ-ਵਿਸ਼ਾਖਾਪਟਨਮ ਆਰਥਿਕ ਕੌਰੀਡੋਰ ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਇਸ ਖੇਤਰ ਦੀ ਨਵੀਂ ਜੀਵਨ ਰੇਖਾ ਬਣੇਗਾ ਕਿਉਂਕਿ ਰਾਏਪੁਰ ਅਤੇ ਵਿਸ਼ਾਖਾਪਟਨਮ ਦਰਮਿਆਨ ਸਫ਼ਰ ਅੱਧਾ ਰਹਿ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 6 ਮਾਰਗੀ ਸੜਕ ਧਮਤਰੀ ਦੀ ਝੋਨਾ ਪੱਟੀ, ਕਾਂਕੇਰ ਦੀ ਬਾਕਸਾਈਟ ਪੱਟੀ ਅਤੇ ਕੋਂਡਾਗਾਓਂ ਦੀ ਸਮ੍ਰਿੱਧ ਦਸਤਕਾਰੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜ ਦੇਵੇਗੀ। ਪ੍ਰਧਾਨ ਮੰਤਰੀ ਨੇ ਵਣ ਜੀਵਾਂ ਦੀ ਸੁਵਿਧਾ ਲਈ ਸੁਰੰਗਾਂ ਅਤੇ ਪਸ਼ੂ ਲਾਂਘਿਆਂ ਦੇ ਨਿਰਮਾਣ ਦੀ ਵੀ ਸ਼ਲਾਘਾ ਕੀਤੀ ਕਿਉਂਕਿ ਇਹ ਸੜਕ ਜੰਗਲੀ ਜੀਵ ਖੇਤਰ ਵਿੱਚੋਂ ਲੰਘੇਗੀ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਦੱਲੀ ਰਾਜਹਰਾ ਤੋਂ ਜਗਦਲਪੁਰ ਤੱਕ ਰੇਲ ਲਾਈਨ ਅਤੇ ਅੰਤਾਗੜ੍ਹ ਤੋਂ ਰਾਏਪੁਰ ਤੱਕ ਸਿੱਧੀ ਰੇਲ ਸੇਵਾ ਵੀ ਦੂਰ-ਦਰਾਡੇ ਦੇ ਖੇਤਰਾਂ ਵਿੱਚ ਸਫ਼ਰ ਕਰਨਾ ਅਸਾਨ ਬਣਾਏਗੀ।"


ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਕੁਦਰਤੀ ਸੰਪਤੀ ਦੇ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਕਰਨ ਅਤੇ ਹੋਰ ਉਦਯੋਗ ਸਥਾਪਤ ਕਰਨ ਲਈ ਪ੍ਰਤੀਬੱਧ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਇਸ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਨੇ ਛੱਤੀਸਗੜ੍ਹ ਵਿੱਚ ਉਦਯੋਗੀਕਰਨ ਨੂੰ ਨਵੀਂ ਊਰਜਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਛੱਤੀਸਗੜ੍ਹ ਨੂੰ ਮਾਲੀਏ ਦੇ ਰੂਪ ਵਿੱਚ ਫੰਡਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਨੋਟ ਕੀਤਾ ਕਿ ਛੱਤੀਸਗੜ੍ਹ ਨੂੰ ਖਾਸ ਕਰਕੇ ਖਾਣਾਂ ਅਤੇ ਖਣਿਜ ਐਕਟ ਵਿੱਚ ਸੋਧ ਤੋਂ ਬਾਅਦ ਰਾਇਲਟੀ ਦੇ ਰੂਪ ਵਿੱਚ ਵਧੇਰੇ ਫੰਡ ਮਿਲਣੇ ਸ਼ੁਰੂ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਦੇ ਚਾਰ ਸਾਲਾਂ ਵਿੱਚ ਛੱਤੀਸਗੜ੍ਹ ਨੂੰ ਰਾਇਲਟੀ ਵਜੋਂ 1300 ਕਰੋੜ ਰੁਪਏ ਮਿਲੇ ਸਨ, ਜਦ ਕਿ ਰਾਜ ਨੂੰ 2015-16 ਤੋਂ 2020-21 ਦਰਮਿਆਨ ਲਗਭਗ 2800 ਕਰੋੜ ਰੁਪਏ ਮਿਲੇ ਸਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਖਣਿਜ ਫੰਡ ਵਿੱਚ ਵਾਧੇ ਦੇ ਨਤੀਜੇ ਵਜੋਂ ਖਣਿਜ ਪਦਾਰਥਾਂ ਵਾਲੇ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਨੇ ਕਿਹਾ, “ਬੱਚਿਆਂ ਲਈ ਸਕੂਲ ਹੋਵੇ, ਲਾਇਬ੍ਰੇਰੀ ਹੋਵੇ, ਸੜਕਾਂ ਹੋਣ, ਪਾਣੀ ਦਾ ਪ੍ਰਬੰਧ ਹੋਵੇ, ਹੁਣ ਜ਼ਿਲ੍ਹਾ ਖਣਿਜ ਫੰਡ ਦਾ ਪੈਸਾ ਅਜਿਹੇ ਕਈ ਵਿਕਾਸ ਕਾਰਜਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ।”


ਪ੍ਰਧਾਨ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਖੋਲ੍ਹੇ ਗਏ 1 ਕਰੋੜ 60 ਲੱਖ ਤੋਂ ਵੱਧ ਜਨ-ਧਨ ਬੈਂਕ ਖਾਤਿਆਂ ਵਿੱਚ ਅੱਜ 6000 ਕਰੋੜ ਰੁਪਏ ਤੋਂ ਵੱਧ ਰਕਮ ਜਮ੍ਹਾਂ ਹੈ, ਇਹ ਗ਼ਰੀਬ ਪਰਿਵਾਰਾਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਕਦੇ ਕਿਤੇ ਹੋਰ ਰੱਖਣ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਜਨ ਧਨ ਖਾਤੇ ਗ਼ਰੀਬਾਂ ਨੂੰ ਸਰਕਾਰ ਤੋਂ ਸਿੱਧੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਛੱਤੀਸਗੜ੍ਹ ਦੇ ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੱਸਿਆ ਕਿ ਮੁਦਰਾ ਯੋਜਨਾ ਦੇ ਤਹਿਤ ਛੱਤੀਸਗੜ੍ਹ ਦੇ ਨੌਜਵਾਨਾਂ ਨੂੰ 40,000 ਕਰੋੜ ਰੁਪਏ ਤੋਂ ਵੱਧ ਦਿੱਤੇ ਗਏ ਹਨ, ਜੋ ਕਿ ਵੱਡੀ ਗਿਣਤੀ ਵਿੱਚ ਕਬਾਇਲੀ ਨੌਜਵਾਨਾਂ ਅਤੇ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਦਿੱਤੇ ਗਏ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਕੋਰੋਨਾ ਦੇ ਦੌਰ ਦੌਰਾਨ ਦੇਸ਼ ਦੇ ਛੋਟੇ ਉਦਯੋਗਾਂ ਦੀ ਮਦਦ ਲਈ ਲੱਖਾਂ ਕਰੋੜ ਰੁਪਏ ਦੀ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ, ਜਿੱਥੇ ਛੱਤੀਸਗੜ੍ਹ ਦੇ ਲਗਭਗ 2 ਲੱਖ ਉਦਯੋਗਾਂ ਨੂੰ ਲਗਭਗ 5000 ਕਰੋੜ ਰੁਪਏ ਦੀ ਸਹਾਇਤਾ ਮਿਲੀ ਹੈ।


ਪ੍ਰਧਾਨ ਮੰਤਰੀ ਨੇ ਪੀਐੱਮ ਸਵਨਿਧੀ ਯੋਜਨਾ ਦਾ ਵੀ ਜ਼ਿਕਰ ਕੀਤਾ, ਜੋ ਰੇਹੜੀ-ਫੜੀ ਵਿਕਰੇਤਾਵਾਂ ਨੂੰ ਬਿਨਾਂ ਗਰੰਟੀ ਦੇ ਕਰਜ਼ੇ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਦੱਸਿਆ ਕਿ ਇਸਦੇ 60 ਹਜ਼ਾਰ ਤੋਂ ਵੱਧ ਲਾਭਾਰਥੀ ਛੱਤੀਸਗੜ੍ਹ ਤੋਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਛੱਤੀਸਗੜ੍ਹ ਨੂੰ ਪਿੰਡਾਂ ਵਿੱਚ ਮਨਰੇਗਾ ਦੇ ਤਹਿਤ ਲੋੜੀਂਦੇ ਰੋਜ਼ਗਾਰ ਮੁਹੱਈਆ ਕਰਵਾਉਣ ਲਈ 25000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਮੁਹੱਈਆ ਕਰਵਾਈ ਹੈ।


ਇਹ ਜ਼ਿਕਰ ਕਰਦੇ ਹੋਏ ਕਿ 75 ਲੱਖ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡਾਂ ਦੀ ਵੰਡ ਪਹਿਲਾਂ ਹੀ ਚੱਲ ਰਹੀ ਹੈ, ਪ੍ਰਧਾਨ ਮੰਤਰੀ ਨੇ ਗ਼ਰੀਬ ਅਤੇ ਆਦਿਵਾਸੀ ਪਰਿਵਾਰਾਂ ਲਈ ਰਾਜ ਦੇ 1500 ਤੋਂ ਵੱਧ ਵੱਡੇ ਹਸਪਤਾਲਾਂ ਵਿੱਚ ਹਰ ਸਾਲ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਗਰੰਟੀ 'ਤੇ ਜ਼ੋਰ ਦਿੱਤਾ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਆਯੁਸ਼ਮਾਨ ਯੋਜਨਾ ਗ਼ਰੀਬ, ਆਦਿਵਾਸੀ, ਪਿਛੜੇ ਅਤੇ ਦਲਿਤ ਪਰਿਵਾਰਾਂ ਦੇ ਜੀਵਨ ਦੀ ਸਹਾਇਤਾ ਲਈ ਆ ਰਹੀ ਹੈ। ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਹਰ ਪਰਿਵਾਰ ਦੀ ਭਾਵਨਾ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ।


ਇਸ ਮੌਕੇ ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਵਿਸ਼ਵਭੂਸ਼ਣ ਹਰੀਚੰਦਨ, ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਭੁਪੇਸ਼ ਬਘੇਲ, ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਸ਼੍ਰੀ ਟੀ ਐੱਸ ਸਿੰਘ ਦਿਓ, ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ, ਮਨਸੁਖ ਮਾਂਡਵੀਯਾ ਅਤੇ ਹੋਰ ਲੋਕ ਸਭਾ ਮੈਂਬਰ ਹਾਜ਼ਰ ਸਨ।


ਪਿਛੋਕੜ


ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਇੱਕ ਵੱਡਾ ਕਦਮ ਚੁਕਦਿਆਂ ਪ੍ਰਧਾਨ ਮੰਤਰੀ ਨੇ ਲਗਭਗ 6,400 ਕਰੋੜ ਰੁਪਏ ਦੇ 5 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਜਬਲਪੁਰ-ਜਗਦਲਪੁਰ ਰਾਸ਼ਟਰੀ ਰਾਜਮਾਰਗ 'ਤੇ ਰਾਏਪੁਰ ਤੋਂ ਕੋਡੇਬੋੜ ਸੈਕਸ਼ਨ ਤੱਕ 33 ਕਿਲੋਮੀਟਰ ਲੰਬੀ 4-ਲੇਨਿੰਗ ਸ਼ਾਮਲ ਹਨ। ਸੈਰ-ਸਪਾਟੇ ਨੂੰ ਹੁਲਾਰਾ ਦੇਣ ਤੋਂ ਇਲਾਵਾ, ਇਹ ਸੈਕਸ਼ਨ ਜਗਦਲਪੁਰ ਨੇੜੇ ਸਟੀਲ ਪਲਾਂਟਾਂ ਦੇ ਕੱਚੇ ਮਾਲ, ਤਿਆਰ ਉਤਪਾਦਾਂ ਦੀ ਆਵਾਜਾਈ ਲਈ ਜਰੂਰੀ ਭਾਗ ਹੈ ਅਤੇ ਇਹ ਲੋਹੇ ਨਾਲ ਭਰਪੂਰ ਖੇਤਰਾਂ ਨਾਲ ਸੰਪਰਕ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਬਿਲਾਸਪੁਰ ਤੋਂ ਐੱਨਐੱਚ-130 ਦੇ ਅੰਬਿਕਾਪੁਰ ਸੈਕਸ਼ਨ ਤੱਕ 53 ਕਿਲੋਮੀਟਰ ਲੰਬੇ 4-ਮਾਰਗੀ ਬਿਲਾਸਪੁਰ-ਪਥਰਾਪਾਲੀ ਸੈਕਸ਼ਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਛੱਤੀਸਗੜ੍ਹ ਦੀ ਉੱਤਰ ਪ੍ਰਦੇਸ਼ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਕੋਲਾ ਖਾਣਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਕੇ ਕੋਲੇ ਦੀ ਢੋਆ-ਢੁਆਈ ਨੂੰ ਵਧਾਏਗਾ।


ਪ੍ਰਧਾਨ ਮੰਤਰੀ ਨੇ 6-ਲੇਨ ਗ੍ਰੀਨਫੀਲਡ ਰਾਏਪੁਰ - ਵਿਸ਼ਾਖਾਪਟਨਮ ਕੌਰੀਡੋਰ ਦੇ ਛੱਤੀਸਗੜ੍ਹ ਸੈਕਸ਼ਨ ਲਈ 3 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਐੱਨਐੱਚ 130 ਸੀਡੀ 'ਤੇ 43 ਕਿਲੋਮੀਟਰ ਲੰਬੇ ਛੇ-ਮਾਰਗੀ ਝਾਂਕੀ-ਸਰਗੀ ਸੈਕਸ਼ਨ ਦਾ ਵਿਸਥਾਰ, ਐੱਨਐੱਚ 130 ਸੀਡੀ 'ਤੇ 57 ਕਿਲੋਮੀਟਰ ਲੰਬਾ ਛੇ-ਮਾਰਗੀ ਸਰਗੀ-ਬਾਸਨਵਾਹੀ ਸੈਕਸ਼ਨ; ਅਤੇ ਐੱਨਐੱਚ-130 ਸੀਡੀ ਦਾ 25 ਕਿਲੋਮੀਟਰ ਲੰਬਾ ਛੇ-ਲੇਨ ਬਸਨਵਾਹੀ-ਮਰੰਗਪੁਰੀ ਸੈਕਸ਼ਨ ਸ਼ਾਮਲ ਹੈ। ਇੱਕ ਮੁੱਖ ਸੈਕਸ਼ਨ 2.8 ਕਿਲੋਮੀਟਰ ਦੀ ਲੰਬਾਈ ਵਾਲੀ 6-ਲੇਨ ਵਾਲੀ ਸੁਰੰਗ ਹੈ, ਜਿਸ ਵਿੱਚ ਉਦੰਤੀ ਵਣਜੀਵ ਰੱਖ ਏਰੀਆ (Udanti Wildlife Sanctuary area) ਵਿੱਚ ਬੇਰੋਕ ਵਣ ਜੀਵਾਂ ਦੀ ਆਵਾਜਾਈ ਲਈ 27 ਜਾਨਵਰ ਲਾਂਘੇ ਅਤੇ 17 ਬਾਂਦਰ ਛਤਰ ਸ਼ਾਮਲ ਹਨ। ਇਹ ਪ੍ਰੋਜੈਕਟ ਕਾਂਕੇਰ ਵਿੱਚ ਧਮਤਰੀ ਅਤੇ ਬਾਕਸਾਈਟ ਨਾਲ ਭਰਪੂਰ ਖੇਤਰਾਂ ਵਿੱਚ ਚੌਲ ਮਿੱਲਾਂ ਨੂੰ ਬਿਹਤਰ ਸੰਪਰਕ ਪ੍ਰਦਾਨ ਕਰਨਗੇ ਅਤੇ ਕੋਂਡਗਾਓਂ ਵਿੱਚ ਦਸਤਕਾਰੀ ਉਦਯੋਗ ਨੂੰ ਵੀ ਲਾਭ ਪਹੁੰਚਾਉਣਗੇ। ਕੁੱਲ ਮਿਲਾ ਕੇ, ਇਹ ਪ੍ਰੋਜੈਕਟ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣਗੇ।


ਪ੍ਰਧਾਨ ਮੰਤਰੀ ਨੇ 750 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਕੀਤੀ ਗਈ 103 ਕਿਲੋਮੀਟਰ ਲੰਬੀ ਰਾਏਪੁਰ - ਖਰਿਆਰ ਡਬਲ ਰੋਡ ਰੇਲ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਛੱਤੀਸਗੜ੍ਹ ਵਿੱਚ ਉਦਯੋਗਾਂ ਲਈ ਬੰਦਰਗਾਹਾਂ ਤੋਂ ਕੋਲੇ, ਸਟੀਲ, ਖਾਦਾਂ ਅਤੇ ਹੋਰ ਵਸਤੂਆਂ ਦੀ ਢੋਆ-ਢੁਆਈ ਨੂੰ ਅਸਾਨ ਬਣਾਵੇਗਾ। ਉਨ੍ਹਾਂ ਨੇ 290 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਕੇਵਟੀ-ਅੰਤਾਗੜ੍ਹ ਨੂੰ ਜੋੜਨ ਵਾਲੀ 17 ਕਿਲੋਮੀਟਰ ਲੰਬੀ ਨਵੀਂ ਰੇਲਵੇ ਲਾਈਨ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ। ਨਵੀਂ ਰੇਲਵੇ ਲਾਈਨ ਭਿਲਾਈ ਸਟੀਲ ਪਲਾਂਟ ਨੂੰ ਡੱਲੀ ਰਾਜਹਰਾ ਅਤੇ ਰੋਘਾਟ ਖੇਤਰਾਂ ਦੀਆਂ ਲੋਹੇ ਦੀਆਂ ਖਾਣਾਂ ਨਾਲ ਕਨੈਕਟੀਵਿਟੀ ਪ੍ਰਦਾਨ ਕਰੇਗੀ ਅਤੇ ਸੰਘਣੇ ਜੰਗਲਾਂ ਵਿੱਚੋਂ ਲੰਘਦੇ ਦੱਖਣੀ ਛੱਤੀਸਗੜ੍ਹ ਦੇ ਦੂਰ-ਦਰਾਜ ਦੇ ਖੇਤਰਾਂ ਨੂੰ ਜੋੜੇਗੀ।


ਪ੍ਰਧਾਨ ਮੰਤਰੀ ਨੇ ਕੋਰਬਾ ਵਿਖੇ 130 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ 60 ਹਜ਼ਾਰ ਮੀਟ੍ਰਿਕ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਇੱਕ ਬੌਟਲਿੰਗ ਪਲਾਂਟ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਵੀਡੀਓ ਲਿੰਕ ਦੇ ਜ਼ਰੀਏ ਅੰਤਾਗੜ੍ਹ-ਰਾਏਪੁਰ ਰੇਲ ਨੂੰ ਵੀ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦੇ ਤਹਿਤ ਲਾਭਾਰਥੀਆਂ ਨੂੰ 75 ਲੱਖ ਕਾਰਡ ਵੰਡਣ ਦੀ ਸ਼ੁਰੂਆਤ ਕੀਤੀ।


 



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends