ਲੁਧਿਆਣਾ, 9 ਫਰਵਰੀ (ਅੰਜੂ ਸੂਦ) : ਮਿਸ਼ਨ 100 % ਨੂੰ ਲੈ ਕੇ ਸਿੱਖਿਆ ਅਧਿਕਾਰੀਆਂ ਵੱਲੋਂ ਵੱਖ ਵੱਖ ਨੋਡਲ ਅਫ਼ਸਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸੱ:) ਹਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਬਲਦੇਵ ਸਿੰਘ ਦੀ ਅਗਵਾਈ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈਸੱ) ਅਸ਼ੀਸ਼ ਕੁਮਾਰ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਜਸਵਿੰਦਰ ਸਿੰਘ ਵੱਲੋਂ ਜਿਲੇ ਦੇ 19 ਬਲਾਕਾਂ ਦੇ ਨੋਡਲ ਅਫ਼ਸਰਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ, ਜਿਸ ਵਿੱਚ ਮਿਸ਼ਨ 100 % ਗਿਵ ਯੂਅਰ ਬੈਸਟ, ਨਵੇਂ ਸ਼ੈਸਨ ਵਿੱਚ ਦਾਖਲਾ ਵਧਾਉਣ ਤੇ ਵੱਖ-ਵੱਖ ਗ੍ਰਾਂਟਾ ਨੂੰ ਸਮੇਂ ਸਿਰ ਖ਼ਰਚਣ ਬਾਰੇ ਵਿਸਥਾਰ ਸਾਹਿਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸੱ:) ਹਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਬਲਦੇਵ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਜਸਵਿੰਦਰ ਸਿੰਘ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਸ਼ੀਸ਼ ਕੁਮਾਰ, ਕਲਰਕ ਹਰਮਿੰਦਰ ਸਿੰਘ ਰੋਮੀ, ਵਿਸ਼ਾਲ ਜਿਲ੍ਹਾ ਐਮ ਆਈ ਐਸ ਕੋਆਰਡੀਨੇਟਰ, ਸਿੱਖਿਆ ਅਧਿਕਾਰੀਆਂ ਨੇ ਸਕੂਲਾਂ ਮੁਖੀਆਂ ਨੂੰ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਵੱਲੋਂ ਮਿਸ਼ਨ 100% ਗਿਵ ਯੂਅਰ ਬੈਸਟ ਦਾ ਨਾਅਰਾ ਦਿੱਤਾ ਗਿਆ ਹੈ। ਇਸ ਤਹਿਤ ਯੋਜਨਾਬੰਦ ਤਰੀਕੇ ਨਾਲ ਅਧਿਆਪਕ ਪੜ੍ਹਾਈ ਕਰਵਾਉਣ ਤਾਂ ਜੋ ਸੌ ਪ੍ਰੀਤਸ਼ਤ ਨਤੀਜੇ ਪ੍ਰਾਪਤ ਕੀਤੇ ਜਾ ਸਕਣ ਤੇ ਇਸ ਲਈ ਬੱਚਿਆਂ ਦੀ 100 ਫ਼ੀਸਦੀ ਸਕੂਲ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਰੂਮ ਬਣੇ ਹੋਏ ਹਨ ਤੇ ਪੜ੍ਹਾਉਣ ਸਮੇਂ ਪ੍ਰੋਜੈਕਟਰ/ਸਮਾਰਟ ਐਲ.ਈ.ਡੀ. ਵਰਤੋਂ ਯਕੀਨੀ ਬਣਾਈ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਸਕੂਲਾਂ ਵਿੱਚ ਦਾਖਲਾ ਸ਼ੁਰੂ ਹੈ , ਜਿਸ ਦੇ ਤਹਿਤ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਨਵੇਂ ਸੈਸਨ ਲਈ ਬੱਚਿਆਂ ਦੀ ਗਿਣਤੀ ਵਧਾਉਣ ਦੇ ਮੱਦੇਨਜ਼ਰ ਹੁਣ ਤੋਂ ਹੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇ ਅਤੇ ਇਸ ਲਈ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਾਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇ। ਉਨ੍ਹਾਂ ਸਮੂਹ ਸਕੂਲ ਮੁਖੀਆ ਨੂੰ ਸਕੂਲਾਂ ਵਿੱਚ ਜਾਰੀ ਹੋਈਆਂ ਵੱਖ-ਵੱਖ ਗ੍ਰਾਂਟਾ ਸਮੇਂ ਸਿਰ ਖਰਚ ਕਰਕੇ ਇਨ੍ਹਾਂ ਦਾ ਵਰਤੋਂ ਸਰਟੀਫੀਕੇਟ ਆਪਣੇ ਆਪਣੇ ਬਲਾਕ ਦਫ਼ਤਰਾਂ ਵਿਖੇ ਪੁੱਜਦਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਯੂਡਾਇਸ ਦੇ ਚਲ ਰਹੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ ਵੀ ਦਿੱਤੀ। ਇਸ ਮੌਕੇ ਜ਼ਿਲੇ ਦੇ ਸਮੂਹ ਬੀਪੀਈਉ'ਜ ਵੀ ਹਾਜ਼ਰ ਸਨ।