ਐਸ.ਏ.ਐੱਸ. ਨਗਰ 17 ਅਕਤੂਬਰ (ਰਾਜਿੰਦਰ ਚਾਨੀ)ਸਿੱਖਿਆ ਵਿਭਾਗ ਵੱਲੋਂ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

 ਸਿੱਖਿਆ ਵਿਭਾਗ ਵੱਲੋਂ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਕਿਸ਼ੋਰਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਅਤੇ ਔਕੜਾਂ ਨਾਲ ਜੂਝਣ ਲਈ ਤਿਆਰ ਕਰਨਾ ਜ਼ਰੂਰੀ – ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ









ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਵੱਲੋਂ ਵੱਖ-ਵੱਖ ਰਿਸੋਰਸ ਪਰਸਨਾਂ ਨੇ ਕਿਸ਼ੋਰ ਸਿੱਖਿਆ ਸੰਬੰਧੀ ਦਿੱਤੀ ਸਿਖਲਾਈ




ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਇਕ ਦਿਨਾਂ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਕੀਤੀ ਗਈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਜ਼ਿਲਿ੍ਹਆਂ ਦੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤੋਂ ਇਲਾਵਾ ਮੁੱਖ ਦਫ਼ਤਰ ਤੋਂ ਐੱਸ.ਸੀ.ਈ.ਆਰ.ਟੀ. ਪੰਜਾਬ ਦੇ ਕਰਮਚਾਰੀਆਂ ਨੇ ਭਾਗ ਲਿਆ। ਵਰਕਸ਼ਾਪ ਦੀ ਸ਼ੁਰੂਆਤ ਮੌਕੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਆਪਣੇ ਸੰਬੋਧਨ ਵਿੱਚ ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਵੱਲੋਂ ਪਹੁੰਚੇ ਰਿਸੋਰਸ ਪਰਸਨਾਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਏਡਜ਼, ਨਸ਼ਿਆਂ ਅਤੇ ਹੋਰ ਨਾ-ਮੁਰਾਦ ਅਲਾਮਤਾਂ ਬਾਰੇ ਜਾਣਦਾ ਹੈ। ਪਰ ਫੇਰ ਵੀ ਇਸ ਸੰਬੰਧੀ ਲਗਾਤਾਰ ਜਾਗਰੂਕਤਾ ਜ਼ਰੂਰੀ ਹੈ। ਉਹਨਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਾਜ਼ਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਅਪੀਲ ਕੀਤੀ ਕਿ ਵਿਭਾਗ ਵੱਲੋਂ ਇਸ ਪ੍ਰੋਗਰਾਮ ਤਹਿਤ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਨੂੰ ਹੇਠਲੇ ਪੱਧਰ ‘ਤੇ ਸੂਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। 

ਵਰਕਸ਼ਾਪ ਦੀ ਸ਼ੁਰੂਆਤ ਵਿੱਚ ਪ੍ਰਦੀਪ ਛਾਬੜਾ ਸਹਾਇਕ ਨੋਡਲ ਅਫ਼ਸਰ ਨੇ ਕਿਹਾ ਕਿ ਕਿਸ਼ੋਰ ਸਿੱਖਿਆ ਪ੍ਰੋਗਰਾਮ 2005 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਨੂੰ ਸ਼ੁਰੂ ਵਿੱਚ ਕੇਵਲ ਏਡਜ਼ ਸੰਬੰਧੀ ਜਾਗਰੂਕਤਾ ਲਈ ਸ਼ੁਰੂ ਕੀਤਾ ਗਿਆ ਪਰ ਸਮੇਂ ਦੇ ਨਾਲ ਇਸ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਨਸ਼ਿਆਂ ਦੇ ਸਿਹਤ ਅਤੇ ਸਮਾਜ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸ੍ਰੀ ਛਾਬੜਾ ਨੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਦੇ ਉਦੇਸ਼ ਅਤੇ ਆਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਯਨਿਕਾ ਸਿੰਘ ਸਹਾਇਕ ਪ੍ਰੋਫੈਸਰ ਮਨੋਵਿਗਿਆਨ ਮੈਗਸੀਪਾ ਚੰਡੀਗੜ੍ਹ ਨੇ ਵੀ ਵਰਕਸ਼ਾਪ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਕਿਸ਼ੋਰ ਅਵਸਥਾ ਸਮੇਂ ਬੱਚਿਆਂ ਦੀ ਸੋਚਣ ਦੀ ਪ੍ਰਵਿਰਤੀ ਬਾਲਗਾਂ ਵਾਲੀ ਹੁੰਦੀ ਹੈ ਪਰ ਉਹਨਾਂ ਦਾ ਮਾਨਸਿਕ ਅਤੇ ਸਰੀਰਿਕ ਬਣਤਰ ਦਾ ਪੂਰਾ ਵਿਕਾਸ ਨਹੀਂ ਹੋਇਆ ਹੁੰਦਾ ਜਿਸ ਨਾਲ ਉਹਨਾਂ ਦੇ ਵਰਤਾਓ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ। ਇਸਦੇ ਨਾਲ ਉਹ ਆਪਣੇ ਪਰਿਵਾਰ ਤੋਂ ਕਈ ਵਾਰ ਅਲੱਗ-ਥਲੱਗ ਹੋ ਕੇ ਮਾੜੀ ਸੰਗਤ ਦਾ ਵੀ ਸ਼ਿਕਾਰ ਹੋ ਜਾਂਦੇ ਹਨ ਅਤੇ ਉੱਜਵਲ ਭਵਿੱਖ ਦੇ ਸੁਪਨਿਆਂ ਨੂੰ ਦੇਖਣ ਲਈ ਸਵਾਰਥੀ ਤੱਤਾਂ ਦੇ ਹੱਥਾਂ ਵਿੱਚ ਖੇਡਣ ਲੱਗਦੇ ਹਨ ਅਤੇ ਆਪਣਾ ਭਵਿੱਖ ਤਬਾਹ ਕਰਨ ਦੇ ਕੰਢੇ ਆ ਜਾਂਦੇ ਹਨ। ਇਸ ਸਭ ਤੋਂ ਬਚਾਉਣ ਲਈ ਸਕੂਲਾਂ ਵਿੱਚ ਅਧਿਆਪਕ ਹੀ ਇਹਨਾਂ ਦਾ ਸਹਾਰਾ ਹੁੰਦੇ ਹਨ। ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰੋਜੈਕਟ ਡਾਇਰੈਕਟਰ ਡਾ. ਬੋਬੀ ਗੁਲਾਟੀ ਨੇ ਕਿਹਾ ਕਿ ਏਡਜ਼ ਇੱਕ ਅਜਿਹੀ ਨਾ-ਮੁਰਾਦ ਬਿਮਾਰੀ ਹੈ। ਇਸ ਤੋਂ ਬਚੇ ਰਹਿਣ ਲਈ ਮਨੁੱਖ ਨੂੰ ਸੱਚਾ-ਸੁੱਚਾ ਜੀਵਣ ਜਿਊਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਹੋਰ ਅਨੈਤਿਕ ਅਲਾਮਤਾਂ ਤੋਂ ਬਚਾਏ ਰੱਖਣ ਲਈ ਸਕੂਲ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਨਾਲ ਮਿੱਤਰ ਅਤੇ ਗਾਇਡ ਅਧਿਆਪਕ ਦੀ ਭੁਮਿਕਾ ਨਿਭਾਉਣੀ ਜ਼ਰੂਰੀ ਹੈ। ਯਾਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਨੋਡਲ ਅਫ਼ਸਰ ਨੇ ਕਿਹਾ ਕਿ ਅਧਿਆਪਕ ਸਕੂਲਾਂ ਵਿੱਚ ਹਫ਼ਤੇ ਦੌਰਾਨ 5-10 ਮਿੰਟ ਬੱਚਿਆਂ ਨੂੰ ਸਮਝਾਉਂਦੇ ਹਨ ਤਾਂ ਬੱਚੇ ਲਗਾਤਾਰ ਜਾਗਰੂਕ ਹੁੰਦੇ ਰਹਿੰਦੇ ਹਨ। ਇਸ ਲਈ ਰੈਲੀਆਂ, ਪੋਸਟਰ ਅਤੇ ਸਲੋਗਨ ਮੁਕਾਬਲੇ, ਗੀਤ-ਕਵਿਤਾਵਾਂ, ਮਹਾਨ ਆਦਰਸ਼ ਸ਼ਖ਼ਸ਼ੀਅਤਾਂ ਦੀਆਂ ਜੀਵਨੀਆਂ ਤੋਂ ਪ੍ਰੇਰਨਾ ਅਤੇ ਸਕੂਲਾਂ ਦੇ ਸਫ਼ਲ ਵਿਦਿਆਰਥੀਆਂ ਨਾਲ ਮੁਲਾਕਤਾਂ ਦਾ ਚੰਗਾ ਅਸਰ ਦੇਖਣ ਨੂੰ ਮਿਲਦਾ ਹੈ। ਇਸ ਮੌਕੇ ਪੂਰਨਿਮਾ ਬਹਿਲ ਸਹਾਇਕ ਡਾਇਰੈਕਟਰ ਅਤੇ ਨਿਤਿਨ ਸਹਾਇਕ ਡਾਇਰੈਕਟਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਨੇ ਵੀ ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਸਿਖਲਾਈ ਦਿੱਤੀ। ਇਸ ਮੌਕੇ ਪ੍ਰਦੀਪ ਛਾਬੜਾ ਸਹਾਇਕ ਸਟੇਟ ਨੋਡਲ ਅਫ਼ਸਰ, ਵਿਸ਼ਾਲ ਡੂਮਾ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਬਿਕਰਮਜੀਤ ਸਿੰਘ ਥਿੰਦ ਕਪੂਰਥਲਾ, ਰਾਜੇਸ਼ਵਰ ਸਲਾਰੀਆ ਪਠਾਨਕੋਟ ਅਤੇ ਹੋਰ ਜ਼ਿਲ੍ਹਿਆਂ ਤੋਂ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੌਜੂਦ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends