ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਜੰਗੀ ਪੱਧਰ 'ਤੇ ਨਵੀਂ ਭਰਤੀ ਕਰਨ ਦੀ ਮੰਗ

 ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਜੰਗੀ ਪੱਧਰ 'ਤੇ ਨਵੀਂ ਭਰਤੀ ਕਰਨ ਦੀ ਮੰਗ 


ਸਿੱਖਿਆ ਵਿਭਾਗ ਵਿੱਚ ਤੀਹ ਹਜ਼ਾਰ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨਹੀਂ ਹੋਈ ਪੂਰੀ


ਗੰਭੀਰ ਸੰਕਟ: ਪ੍ਰਾਇਮਰੀ ਵਿੱਚ ਈਟੀਟੀ ਅਧਿਆਪਕਾਂ ਦੀਆਂ ਪੰਜਾਹ ਫੀਸਦੀ ਅਸਾਮੀਆਂ ਖਾਲੀ 


     26 ਅਪ੍ਰੈਲ, ਫ਼ਤਹਿਗੜ੍ਹ ਸਾਹਿਬ ( ):

 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਤੀਹ ਹਜਾਰ ਤੋਂ ਵਧੇਰੇ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਹੋਣ ਦੇ ਬਾਵਜੂਦ, ਹਾਲੇ ਤਕ ਨਵੀਂਆਂ ਭਰਤੀਆਂ ਨੇਪਰੇ ਨਹੀਂ ਚੜੀਆਂ ਹਨ। ਜਿਸ ਕਾਰਨ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਵੇਂ ਅਧਿਆਪਕ ਨਹੀਂ ਮਿਲ ਸਕੇ ਅਤੇ ਨਾ ਹੀ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ਼ਣ ਦੀ ਉਡੀਕ ਪੂਰੀ ਹੋਈ। ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮਿਆਰੀ ਸਿੱਖਿਆ ਦੇਣ ਦੇ ਚੋਣ ਵਾਅਦੇ 'ਤੇ ਖਰੇ ਉਤਰਨ ਅਤੇ ਸਰਕਾਰੀ ਸਕੂਲਾਂ ਵਿੱਚ ਜੰਗੀ ਪੱਧਰ 'ਤੇ ਅਧਿਆਪਕਾਂ ਅਤੇ ਹੋਰ ਅਮਲੇ ਦੀ ਭਰਤੀ ਕਰਨ ਦੀ ਮੰਗ ਕੀਤੀ ਹੈ।



     ਇਸ ਸੰਬੰਧੀ ਗੱਲਬਾਤ ਕਰਦਿਆਂ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਪ੍ਰਿ: ਲਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਨੇ ਦੱਸਿਆ ਕਿ ਸਭ ਤੋਂ ਗੰਭੀਰ ਸੰਕਟ ਦਾ ਸ਼ਿਕਾਰ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਹੋ ਰਹੀ ਹੈ, ਜਿੱਥੇ ਪ੍ਰੀ ਪ੍ਰਾਇਮਰੀ ਦੀਆਂ ਜਮਾਤਾਂ ਸ਼ੁਰੂ ਹੋਣ ਤੋਂ ਬਾਅਦ, ਜਮਾਤਾਂ ਪੰਜ ਤੋਂ ਵਧ ਕੇ ਸੱਤ ਜਰੂਰ ਹੋ ਗਈਆਂ, ਪ੍ਰੰਤੂ ਪਿਛਲੇ ਪੰਜ ਸਾਲਾਂ ਦੌਰਾਨ ਪ੍ਰੀ ਪ੍ਰਾਇਮਰੀ ਅਤੇ ਈਟੀਟੀ ਅਧਿਆਪਕਾਂ ਦੀ ਇੱਕ ਵੀ ਨਵੀਂ ਭਰਤੀ ਨਹੀਂ ਹੋਈ ਹੈ। ਈਟੀਟੀ ਅਧਿਆਪਕਾਂ ਦੀ 2364 ਭਰਤੀ, 6635 + 22 ਭਰਤੀ ਅਤੇ 5994 ਭਰਤੀ ਦੇ ਇਸ਼ਤਿਹਾਰ ਤਾਂ ਜਾਰੀ ਹੋਏ, ਪ੍ਰੰਤੂ ਸਰਕਾਰੀ ਬੇਰੁਖ਼ੀ ਕਾਰਨ ਇੱਕ ਵੀ ਭਰਤੀ ਪੂਰੀ ਨਹੀਂ ਹੋਈ। ਨਤੀਜਨ ਮਈ 2021 ਦੇ ਸਰਕਾਰੀ ਅੰਕੜਿਆਂ ਅਨੁਸਾਰ ਈ.ਟੀ.ਟੀ. ਅਧਿਆਪਕਾਂ ਦੀਆਂ ਮਨਜ਼ੂਰਸ਼ੁਦਾ 29,941 ਅਸਾਮੀਆਂ ਵਿੱਚੋਂ ਪੰਜਾਹ ਫ਼ੀਸਦੀ ਖਾਲੀ ਹਨ। ਪ੍ਰੀ ਪ੍ਰਾਇਮਰੀ ਜਮਾਤਾਂ ਲਈ ਪ੍ਰਕਾਸ਼ਿਤ 8393 ਅਸਾਮੀਆਂ 'ਤੇ ਵੀ ਵਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਪੱਕੇ ਤੌਰ 'ਤੇ ਅਡਜਸਟ ਨਹੀਂ ਹੋਏ। ਇਹੀ ਹਾਲ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਭਰਤੀਆਂ ਦਾ ਵੀ ਹੈ, ਜਿਹਨਾਂ ਵਿੱਚੋਂ 1538 ਹੈੱਡ ਟੀਚਰ ਭਰਤੀ ਦੀ ਉਡੀਕ ਸੂਚੀ ਦੇ ਯੋਗ ਅਧਿਆਪਕ ਉਪਲੱਬਧ ਹੋਣ ਦੇ ਬਾਵਜੂਦ ਭਰਤੀ ਪੂਰੀ ਨਹੀਂ ਹੋਈ, ਸਗੋਂ ਹੈੱਡ ਟੀਚਰਾਂ ਦੀਆਂ 1904 ਅਸਾਮੀਆਂ ਨੂੰ ਪਿਛਲੀ ਸਰਕਾਰ ਵਲੋਂ ਖਤਮ ਕਰ ਦਿੱਤਾ ਗਿਆ। ਮੌਜੂਦਾ ਸਿੱਖਿਆ ਮੰਤਰੀ ਮੀਤ ਹੇਅਰ ਦੇ ਆਪਣੇ ਜ਼ਿਲ੍ਹੇ ਬਰਨਾਲੇ ਦੇ ਤਿੰਨ ਬਲਾਕਾਂ ਵਿਚੋਂ ਦੋ ਬਲਾਕ ਅਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਵਿਚੋਂ ਸੱਤ ਬਲਾਕ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੋਂ ਸੱਖਣੇ ਹਨ ਅਤੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦਾ ਹਾਲ ਵੀ ਬਹੁਤਾ ਚੰਗਾ ਨਹੀਂ। 


    ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰ ਹਰਿੰਦਰਜੀਤ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਮਾਸਟਰ ਕਾਡਰ ਦੀ 4161 ਭਰਤੀ ਵਿੱਚ ਸਮਾਜਿਕ ਸਿੱਖਿਆ, ਹਿੰਦੀ, ਪੰਜਾਬੀ ਆਦਿ ਵਿਸ਼ਿਆਂ ਦੀਆਂ ਅਸਾਮੀਆਂ ਵਿੱਚ ਚੋਖਾ ਇਜ਼ਾਫ਼ਾ ਕਰਕੇ ਪ੍ਰਕਿਰਿਆ ਪੂਰੀ ਕਰਨ ਦੀ ਥਾਂ, ਵਾਰ-ਵਾਰ ਕੇਵਲ ਅਪਲਾਈ ਕਰਨ ਦੀ ਮਿਤੀ ਵਿੱਚ ਹੀ ਵਾਧਾ ਕੀਤਾ ਜਾ ਰਿਹਾ ਹੈ। ਦਰਅਸਲ ਇਨ੍ਹਾਂ ਵਿਸ਼ਿਆਂ ਦੀਆਂ ਅਸਾਮੀਆਂ ਨੂੰ, ਪਿਛਲੇ ਸਮੇਂ ਵਿੱਚ ਨਿੱਜੀਕਰਨ ਦੇ ਏਜੰਡੇ ਤਹਿਤ ਲਾਗੂ ਰੈਸ਼ਨਲਾਈਜੇਸ਼ਨ ਨੀਤੀ ਰਾਹੀਂ, ਖ਼ਤਮ ਕਰ ਦਿੱਤਾ ਗਿਆ ਸੀ। ਇਸ ਨੀਤੀ ਵਿਚ ਜਨਤਕ ਸਿੱਖਿਆ ਪੱਖੀ ਸੁਧਾਰ ਕਰਨ ਅਤੇ ਨਵੀਆਂ ਅਸਾਮੀਆਂ ਦੀ ਰਚਨਾ ਕਰਨਾ ਅਣਸਰਦੀ ਲੋੜ ਹੈ। ਇਸੇ ਤਰ੍ਹਾਂ 343 ਪੋਸਟ ਲੈਕਚਰਾਰਾਂ, ਪੀ ਟੀ ਆਈ ਅਤੇ 250 ਪੋਸਟ ਆਰਟ ਐਂਡ ਕਰਾਫਟ ਦੀਆਂ ਕਈ ਭਰਤੀਆਂ ਅੱਧ ਵਿਚਾਲੇ ਲਟਕ ਰਹੀਆਂ ਹਨ। ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀਆਂ ਨਵੀਂਆਂ ਭਰਤੀਆਂ ਦੇ ਜਾਰੀ ਦੋ ਇਸ਼ਤਿਹਾਰਾਂ ਦੀ ਪ੍ਰਕਿਰਿਆ ਵੀ ਵੱਖ-ਵੱਖ ਕਾਰਨਾਂ ਸਦਕਾ ਪੂਰੀ ਨਹੀਂ ਹੋਈ, ਜਿਸ ਕਾਰਨ ਇੱਕ-ਇੱਕ ਸਕੂਲ ਮੁਖੀ ਉੱਪਰ ਕਈ-ਕਈ ਸਕੂਲਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਪਾ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ। ਇਨ੍ਹਾਂ ਭਰਤੀਆਂ ਨੂੰ ਸਿੱਧੀ ਭਰਤੀ ਦੇ 25 ਫ਼ੀਸਦੀ ਕੋਟੇ ਅਨੁਸਾਰ ਨੇਪਰੇ ਚਾੜ੍ਹਨ ਦੀ ਚੁਣੌਤੀ ਸਰਕਾਰ ਅੱਗੇ ਦਰਪੇਸ਼ ਹੈ। ਇਸ ਮੌਕੇ ਡੀ ਟੀ ਐਫ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰਿੰਦਰ ਸਿੰਘ ਮਲੌਦ, ਜ਼ਿਲ੍ਹਾ ਮੀਤ ਪ੍ਰਧਾਨ ਜਤਿੰਦਰ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਸੁਖਜਿੰਦਰ ਸਿੰਘ, ਡਾ ਮਨਿੰਦਰਪਾਲ,ਅਮਨਦੀਪ ਸਿੰਘ, ਧਰਮਿੰਦਰ ਸਿੰਘ,ਅਮਰਜੀਤ ਵਰਮਾਂ, ਨਵਜੋਤ ਸਿੰਘ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends