ਮਾਨਸਾ ਦੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕੁਲਰੀਆਂ ਅੱਵਲ ਰਿਹਾ
ਅਧਿਆਪਕਾਂ ਦੀ ਮਿਹਨਤ ਨੂੰ ਵਿਦਿਆਰਥੀਆਂ ਨੇ ਬੂਰ ਪਾਇਆ
ਚੰਡੀਗੜ੍ਹ 6 ਮਾਰਚ (ਹਰਦੀਪ ਸਿੰਘ ਸਿੱਧੂ)ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਬੋਲਚਾਲ ਅਤੇ ਵਿਅਕਤੀਤਵ ਨੂੰ ਵਿਕਸਤ ਕਰਨ ਲਈ ਗਿਆਰਵੀਂ ਅਤੇ ਬਾਰਵੀਂ ਕਲਾਸਾਂ ਦੇ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲਾ ਕਰਵਾਏ ਜਾ ਰਹੇ ਹਨ। ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਕੁਮਾਰ (ਸੈ.ਸਿ), ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਜਗਰੂਪ ਭਾਰਤੀ , ਸ੍ਰੀਮਤੀ ਵਰਿੰਦਰ ਕੌਰ ਸੇਖੋਂ, ਸਟੇਟ ਕੋਆਰਡੀਨੇਟਰ, ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਸਟੇਟ ਰਿਸੋਰਸ ਪਰਸਨ ਅਤੇ ਸ੍ਰੀਮਤੀ ਯੋਗਿਤਾ ਜੋਸ਼ੀ, ਜ਼ਿਲ੍ਹਾ ਇੰਚਾਰਜ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਦੀ ਅਗਵਾਈ ਹੇਠ ਮਾਨਸਾ ਜਿਲੇ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੋ-ਐਜੂਕੇਸ਼ਨ) ਮਾਨਸਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਨੇ ਦੂਸਰਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਮੱਤੀ ਅਤੇ ਸਰਕਾਰੀ ਸੈਕੰਡਰੀ ਸਕੂਲ ਜਟਾਣਾ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ( ਸਟੇਟ ਰਿਸੋਰਸ ਪਰਸਨ -ਅੰਗਰੇਜ਼ੀ)ਵੱਲੋਂ ਕੀਤੀ। ਇਸ ਮੌਕੇ ਵਿਭਾਗ ਵੱਲੋਂ ਜੇਤੂ ਟੀਮਾਂ ਨੂੰ ਮੈਡਲ ਅਤੇ ਸਰਟੀਫਿਕੇਟਾਂ ਦੇ ਨਾਲ ਨਾਲ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 500 ਸੌ ਰੁਪਏ , ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 400 ਸੌ ਰੁਪਏ , ਤੀਜਾ ਸਥਾਨ ਹਾਸਲ ਕਰਨ ਵਾਲੀਆਂ ਦੋਵੇਂ ਟੀਮਾਂ ਨੂੰ ਕ੍ਰਮਵਾਰ 300 ਰੁਪਏ ਨਗਦ ਇਨਾਮ ਵੀ ਦਿੱਤਾ ਗਿਆ ।ਇਸ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਰੋਲ ਪਲੇਅ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਗੱਲਬਾਤ ਕਰਨ ਦੀ ਭਾਵਨਾ ਪੈਦਾ ਹੋਵੇਗੀ ਅਤੇ ਸਾਡੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰ ਸਕਣ ਦੇ ਸਮਰੱਥ ਹੋਣਗੇ। ਮੁਕਾਬਲੇ ਦੀ ਜੱਜਮੈਂਟ ਲੈੱਕ. ਰਾਜੇਸ ਅਰੋੜਾ ਡੀਆਰਪੀ , ਲੈੱਕ. ਲਖਵੀਰ ਸਿੰਘ ਡੀਆਰਪੀ ਅਤੇ ਲੈੱਕ. ਗੁਲਸ਼ਨ ਕੁਮਾਰ ਡੀਆਰਪੀ ਵੱਲੋਂ ਕੀਤੀ ਗਈ।
ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਰਣਜੀਤ ਕੌਰ, ਲੈੱਕ. ਸੁਰਿੰਦਰ ਮਿੱਤਲ ਡੀਆਰਪੀ , ਲੈੱਕ ਅੰਜੂ ਬਾਲਾ ਡੀਆਰਪੀ ਨੇ ਮੇਜ਼ਬਾਨ ਦਾ ਰੋਲ ਬਾਖ਼ੂਬੀ ਨਿਭਾਇਆ । ਮੰਚ ਸੰਚਾਲਨ ਸ੍ਰੀ ਨਰਸੀ ਸਿੰਘ ਡੀਆਰਪੀ ਨੇ ਬਹੁਤ ਦਿਲਚਸਪ ਤਰੀਕੇ ਨਾਲ ਕੀਤਾ । ਅੰਤ ਵਿੱਚ ਸ੍ਰੀਮਤੀ ਯੋਗਿਤਾ ਜੋਸ਼ੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਵਿਦਿਆਰਥੀ ਅਤੇ ਗਾਈਡ ਅਧਿਆਪਕ ਸਾਹਿਬਾਨ ਨੇ ਜੋਸ਼ੋ ਖਰੋਸ਼ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ । ਇਸ ਤਰ੍ਹਾਂ ਇਹ ਰੋਲ ਪਲੇਅ ਮੁਕਾਬਲਾ ਯਾਦਗਾਰੀ ਹੋ ਨਿਬੜਿਆ ।