ਵਿਧਾਨ ਸਭਾ ਚੋਣਾਂ 2022
ਪੁਲਿਸ ਅਤੇ ਆਬਕਾਰੀ ਵਿਭਾਗ ਨੇ ਨਜਾਇਜ਼ ਸ਼ਰਾਬ ਦੇ ਖਿਲਾਫ ਸ਼ੁਰੂ ਕੀਤੀ ਵਿਆਪਕ ਤਲਾਸ਼ੀ ਮੁਹਿੰਮ
910 ਲੀਟਰ ਲਾਹਨ, 35.25 ਲੀਟਰ ਨਜਾਇਜ਼ ਸ਼ਰਾਬ ਬਰਾਮਦ
ਤਲਾਸ਼ੀ ਮੁਹਿੰਮ ਵਿੱਚ ਡਰੋਨ ਦੀ ਵੀ ਲਈ ਗਈ ਮਦਦ
ਨਵਾਂਸ਼ਹਿਰ, 7 ਫਰਵਰੀ, 2022
ਸ਼ਹੀਦ ਭਗਤ ਸਿੰਘ ਨਗਰ ਪੁਲਿਸ ਅਤੇ ਆਬਕਾਰੀ ਟੀਮਾਂ ਨੇ ਅੱਜ ਸਾਂਝੇ ਤੌਰ 'ਤੇ ਸਮਾਜ ਵਿਰੋਧੀ ਅਨਸਰਾਂ ਅਤੇ ਨਜਾਇਜ਼ ਸ਼ਰਾਬ ਬਣਾਉਣ ਵਾਲੇ ਵਿਅਕਤੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਸਤਲੁਜ ਦਰਿਆ ਦੇ ਨਾਲ ਲੱਗਦੇ ਰਾਹੋਂ ਅਤੇ ਔੜ ਦੇ ਮੰਡ ਖੇਤਰ ਵਿੱਚ 910 ਲੀਟਰ ਲਾਹਣ ਅਤੇ 35.25 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਐਸ.ਪੀ. ਇਕਬਾਲ ਸਿੰਘ, ਡੀ.ਐਸ.ਪੀ ਲਖਵੀਰ ਸਿੰਘ, ਰਾਹੋਂ ਅਤੇ ਔੜ ਥਾਣਿਆਂ ਦੇ ਐਸ.ਐਚ.ਓਜ਼, ਈ.ਟੀ.ਓ ਰਾਜ ਕੁਮਾਰ ਅਤੇ ਡਰੋਨ ਟੀਮ ਸਮੇਤ ਕਿਸ਼ਤੀਆਂ ਦੀ ਮਦਦ ਨਾਲ ਬੈਰਸਾਲ ਅਤੇ ਬੁਰਜ ਟਹਿਲ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਟੀਮਾਂ ਨੇ 910 ਲੀਟਰ ਲਾਹਣ ਅਤੇ 35.25 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਰਾਹੋਂ ਵਿਖੇ ਆਬਕਾਰੀ ਐਕਟ ਦੀ ਧਾਰਾ 61,1 ਅਤੇ 14 ਤਹਿਤ ਵੱਖ-ਵੱਖ ਚਾਰ ਕੇਸ ਦਰਜ ਕੀਤੇ ਗਏ ਹਨ।
ਬੁਲਾਰੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਜਾਇਜ਼ ਸ਼ਰਾਬ ਦੇ ਖਿਲਾਫ ਸ਼ਿਕੰਜਾ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।