ਹਰੇਕ ਯੋਗ ਨਾਗਰਿਕ ਨੂੰ ਕੋਵਿਡ ਵੈਕਸੀਨ ਦੀ ਖੁਰਾਕ ਮਿਲਣੀ ਯਕੀਨੀ ਬਣਾਉਣ ਲਈ ਘਰ-ਘਰ ਸਰਵੇਖਣ ਕੀਤਾ ਜਾਵੇਗਾ - ਡੀ. ਸੀ. ਵਿਸ਼ੇਸ਼ ਸਾਰੰਗਲ
ਮਿਸ਼ਨ ਅਧਾਰਿਤ ਸਰਵੇਖਣ ਨੂੰ ਪੂਰਾ ਕਰਨ ਲਈ ਏ ਐਨ ਐਮ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀਆਂ ਸਾਂਝੀਆਂ ਟੀਮਾਂ ਕੰਮ ਕਰਨਗੀਆਂ
ਨਵਾਂਸ਼ਹਿਰ, 24 ਜਨਵਰੀ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਹਰ ਯੋਗ ਵਿਅਕਤੀ ਨੂੰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲਣੀਆਂ ਯਕੀਨੀ ਬਣਾਉਣ ਲਈ ਏ ਐਨ ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਰਾਹੀਂ ਘਰ-ਘਰ ਸਰਵੇਖਣ ਸ਼ੁਰੂ ਕੀਤਾ ਹੈ।
ਵਿਸ਼ੇਸ਼ ਮੁੱਖ ਸਕੱਤਰ ਤੇ ਜ਼ਿਲ੍ਹਾ ਪ੍ਰਭਾਰੀ ਅਧਿਕਾਰੀ ਰਵਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਘਰ ਨੂੰ 'ਮਿਸ਼ਨ ਮੋਡ' ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਣਾਉਣ ਲਈ ਏ.ਐਨ.ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਨਿਸ਼ਚਿਤ ਟੀਚੇ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਏ.ਐਨ.ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀਆਂ ਸਾਂਝੀਆਂ ਟੀਮਾਂ ਪਹਿਲਾਂ ਹੀ ਬਣਾਈਆਂ ਹੋਈਆਂ ਹਨ ਅਤੇ ਟੀਮਾਂ ਟੀਕਾਕਰਨ ਕਿੱਟਾਂ ਲੈ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਖੇਤਰਾਂ ਵਿੱਚ 100 ਪ੍ਰਤੀਸ਼ਤ ਲੋਕਾਂ ਦੀ ਕਵਰੇਜ ਨੂੰ ਯਕੀਨੀ ਬਣਾਇਆ ਜਾ ਸਕੇ।
ਸ਼੍ਰੀ ਸਾਰੰਗਲ ਨੇ ਦੱਸਿਆ ਕਿ ਮੋਬਾਈਲ ਟੀਮਾਂ ਰਾਹੀਂ ਸਾਰੇ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਜ਼ਿਲ੍ਹੇ ਦੇ ਲਗਪਗ ਹਰ ਕੋਨੇ ਵਿੱਚ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਟੀਕਾਕਰਨ ਹੀ ਸਥਿਤੀ ਨੂੰ ਆਮ ਵਾਂਗ ਲਿਆਉਣ ਤੇ ਕੋਵਿਡ ਤੋਂ ਬਚਾਅ ਦਾ ਇੱਕੋ ਇੱਕ ਕਾਰਗਰ ਹਥਿਆਰ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਯੋਗ ਵਿਅਕਤੀ ਦਾ ਟੀਕਾਕਰਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਭਰੋਸਾ ਦਿਵਾਇਆ ਹੈ ਕਿ ਟੀਕਾਕਰਨ ਜਿੱਥੇ ਸਾਡੇ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਉੱਥੇ ਕੋਵਿਡ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਅਤੇ ਸਟਾਕ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ।
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਦੂਜੀ ਖੁਰਾਕ 'ਤੇ ਵਿਸ਼ੇਸ਼ ਧਿਆਨ ਦੇ ਕੇ ਜਾਗਰੂਕਤਾ ਮੁਹਿੰਮ ਨੂੰ ਯਕੀਨੀ ਬਣਾਉਣ ਲਈ ਕਿਹਾ ਕਿਉਂਕਿ ਇਹ ਸੋਸ਼ਲ ਮੀਡੀਆ, ਟੀਵੀ/ਰੇਡੀਓ ਜਿੰਗਲਾਂ, ਪੋਸਟਰਾਂ/ਬੈਨਰਾਂ ਅਤੇ ਹੋਰ ਤਰੀਕਿਆਂ ਰਾਹੀਂ ਜ਼ਿਲ੍ਹੇ ਦੇ ਨਾਗਰਿਕਾਂ ਦੀ ਮੁਕੰਮਲ ਸੁਰੱਖਿਆ ਲਈ ਜ਼ਰੂਰੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਮਿਤ ਸਰੀਨ ਤੇ ਅਮਰਦੀਪ ਸਿੰਘ ਬੈਂਸ, ਉਪ ਮੰਡਲ ਮੈਜਿਸਟ੍ਰੇਟ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ, ਦੀਪਕ ਰੋਹੀਲਾ, ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਆਦਿ ਹਾਜ਼ਰ ਸਨ |