ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਅਧਿਆਪਕ ਬਦਲੀ ਨੀਤੀ ਦੀਆਂ ਉਡਾਈਆਂ ਧੱਜੀਆਂ
ਸਰਕਾਰ ਨੇ 'ਬਦਲੀ ਨੀਤੀ' ਨੂੰ ਤਿਲਾਂਜਲੀ ਦੇ ਕੇ ਅਧਿਆਪਕਾਂ ਦੀਆਂ ਬਦਲੀਆਂ ਦਾ ਕੀਤਾ ਮੁੜ ਸਿਆਸੀਕਰਨ: ਡੀ.ਟੀ.ਐਫ.
8 ਜਨਵਰੀ, ਚੰਡੀਗੜ੍ਹ ( ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪਾਰਦਰਸ਼ੀ ਢੰਗ ਨਾਲ ਸਰਕਾਰ ਚਲਾਉਣ 'ਤੇ ਸਵਾਲੀਆ ਨਿਸ਼ਾਨ ਉਠਾਉਂਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ, ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਆਪਣੇ ਚਹੇਤੇ ਕਾਂਗਰਸੀ ਲੀਡਰਾਂ ਨੂੰ ਖੁਸ਼ ਕਰਨ ਲਈ, ਆਪਣੀ ਹੀ ਬਦਲੀ ਨੀਤੀ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਦਿੱਤੀਆਂ ਹਨ ਅਤੇ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਸੈਂਕੜੇ ਬਦਲੀਆਂ ਬਿਨਾਂ ਕੋਈ ਜਨਤਕ ਅਰਜੀ ਦੀ ਮੰਗ ਕੀਤਿਆਂ, ਜਾਂ ਕੋਈ ਹੋਰ ਪਾਰਦਰਸ਼ੀ ਢੰਗ ਅਪਣਾਏ ਕਰ ਦਿੱਤੀਆਂ ਹਨ। ਦੂਜੇ ਪਾਸੇ ਸਰਕਾਰ ਦੀ ਨੀਤੀ ਤਹਿਤ ਬਦਲੀ ਕਰਵਾ ਚੁੱਕੇ ਅਧਿਆਪਕ, ਜਿਨ੍ਹਾਂ ਦੀਆਂ ਵੱਖ ਵੱਖ ਸ਼ਰਤਾਂ ਤਹਿਤ ਹੋਈਆਂ ਬਦਲੀਆਂ ਨੂੰ ਲਾਗੂ ਨਹੀਂ ਕੀਤਾ ਗਿਆ, ਉਹ ਵੀ ਹੁਣ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ।
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਬਦਲੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਦਲੀਆਂ ਦਾ ਸਿਆਸੀਕਰਨ ਹੋਣ ਦੀ ਸਖ਼ਤ ਨਿਖੇਧੀ ਕਰਦਿਆਂ ਦੱਸਿਆ ਕਿ, ਸਿੱਖਿਆ ਵਿਭਾਗ ਪੰਜਾਬ ਵੱਲੋਂ ਗੈਰ ਪਾਰਦਰਸ਼ੀ ਅਤੇ ਗੈਰ ਵਾਜਬ ਢੰਗ ਨਾਲ ਪਿਛਲੇ ਦਿਨੀਂ ਕੀਤੀਆਂ ਵੱਖ-ਵੱਖ ਅਧਿਆਪਕਾਂ ਦੀਆਂ 500 ਤੋਂ ਵਧੇਰੇ ਬਦਲੀਆਂ ਨੂੰ ਪੂਰੀ ਤਰ੍ਹਾਂ ਸਿਆਸੀ ਦਖਲਅੰਦਾਜ਼ੀ ਦੀ ਭੇਂਟ ਚਾੜ੍ਹ ਦਿੱਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਪਿਛਲੇ ਸਾਲ ਬਦਲੀ ਨੀਤੀ ਤਹਿਤ ਹੋਈਆਂ ਬਦਲੀਆਂ ਨੂੰ 50% ਸਟਾਫ, ਕਰਮਚਾਰੀ ਦੇ ਪਰਖਕਾਲ ਅਧੀਨ ਹੋਣ, ਸਿੰਗਲ ਟੀਚਰ, ਅਧਿਆਪਕ ਦਾ ਬਦਲ ਨਾ ਹੋਣ ਵਰਗੀਆਂ ਸ਼ਰਤਾਂ ਦਾ ਬਹਾਨਾ ਬਣਾ ਕੇ ਲਾਗੂ ਕਰਵਾਉਣ ਤੋਂ ਕੰਨੀ ਕਤਰਾਉਂਦਾ ਰਿਹਾ ਹੈ ਅਤੇ ਇਸੇ ਤਰ੍ਹਾਂ ਪ੍ਰਾਇਮਰੀ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਨੂੰ ਲਾਗੂ ਕਰਨ ਦੀ ਥਾਂ, ਅਧਿਆਪਕਾਂ ਨੂੰ ਬਦਲੀ ਵਾਲੇ ਸਟੇਸ਼ਨ 'ਤੇ ਹਾਜਰ ਹੋਣ ਉਪਰੰਤ ਡੈਪੂਟੇਸ਼ਨ 'ਤੇ ਪੁਰਾਣੇ ਸਕੂਲਾਂ ਵਿੱਚ ਹੀ ਰੱਖਿਆ ਹੋਇਆ ਹੈ। ਡੀਟੀਐਫ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਸਾਬਕਾ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵੀ ਬਦਲੀ ਨੀਤੀ ਨੂੰ ਤੋੜ ਮਰੋੜ ਕੇ, ਮਨ ਮਰਜ਼ੀ ਕੀਤੀ ਜਾਂਦੀ ਰਹੀ ਹੈ ਅਤੇ ਸਾਬਕਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਤੇ ਓ ਪੀ ਸੋਨੀ ਦੇ ਕਾਰਜਕਾਲ ਦੌਰਾਨ ਤਾਂ ਅਧਿਆਪਕਾਂ ਦੀਆਂ ਬਦਲੀਆਂ ਪੂਰੀ ਤਰ੍ਹਾਂ ਸਿਆਸੀ ਦਖ਼ਲਅੰਦਾਜ਼ੀ ਅਨੁਸਾਰ ਹੁੰਦੀਆਂ ਰਹੀਆਂ ਹਨ। ਜਦ ਕਿ ਹੁਣ ਪੰਜਾਬ ਸਰਕਾਰ ਵੱਲੋਂ ਬਦਲੀ ਨੀਤੀ ਹੋਣ ਦੇ ਬਾਵਜੂਦ ਮਨਮਰਜ਼ੀ ਨਾਲ ਬਦਲੀਆਂ ਕਰਕੇ ਸਿਆਸੀ ਭ੍ਰਿਸ਼ਟਾਚਾਰ ਦੇ ਨਵੇਂ ਮੀਲ ਪੱਥਰ ਗੱਡ ਦਿੱਤੇ ਹਨ। ਅਧਿਆਪਕ ਜੱਥੇਬੰਦੀਆਂ ਵੱਲੋਂ ਬਦਲੀ ਨੀਤੀ ਤਹਿਤ ਹੀ ਬਦਲੀਆਂ ਕਰਨ ਤੇ ਹੋਈਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕਰਨ ਦੀ ਮੰਗ ਨੂੰ ਪੰਜਾਬ ਸਰਕਾਰ ਵਲੋਂ ਦਰਕਿਨਾਰ ਵੀ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਗੁੱਸੇ ਦੀ ਭਾਵਨਾ ਹੈ।