ਚੋਣ ਬੂਥਾਂ ’ਤੇ ਦਿਵਿਆਂਗ ਵੋਟਰਾਂ ਨੂੰ ‘ਪਿਕ ਐਂਡ ਡਰਾਪ’ ਦੀ ਸਹੂਲਤ ਦਿੱਤੀ ਜਾਵੇਗੀ - ਡੀ ਸੀ ਵਿਸ਼ੇਸ਼ ਸਾਰੰਗਲ

 ਚੋਣ ਬੂਥਾਂ ’ਤੇ ਦਿਵਿਆਂਗ ਵੋਟਰਾਂ ਨੂੰ ‘ਪਿਕ ਐਂਡ ਡਰਾਪ’ ਦੀ ਸਹੂਲਤ ਦਿੱਤੀ ਜਾਵੇਗੀ - ਡੀ ਸੀ ਵਿਸ਼ੇਸ਼ ਸਾਰੰਗਲ


ਮਤਦਾਨ ਵਾਲੇ ਦਿਨ ਜ਼ਿਲ੍ਹੇ ਵਿੱਚ 5381 ਪੀ ਡਬਲਯੂ ਡੀ ਵੋਟਰਾਂ ਨੂੰ ਮਿਲੇਗੀ ਸਹੂਲਤ


ਦਿਵਿਆਂਗ ਮਤਦਾਤਾ ਪੋਸਟਲ ਬੈਲਟ ਰਾਹੀਂ ਵੀ ਵੋਟ ਪਾਉਣ ਦੀ ਸਹੂਲਤ ਲੈ ਸਕਦੇ ਹਨ


ਨਵਾਂਸ਼ਹਿਰ, 21 ਜਨਵਰੀ:

ਦਿਵਿਆਂਗ ਵਿਅਕਤੀਆਂ (ਪੀ ਡਬਲਯੂ ਡੀ) ਮਤਦਾਤਾਵਾਂ ਨੂੰ ਮੌਜੂਦਾ ਵਿਧਾਨ ਸਭਾ ਚੋਣ ਮਤਦਾਨ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ 20 ਫਰਵਰੀ ਨੂੰ ਉਨ੍ਹਾਂ ਨੂੰ ‘ਪਿਕ ਐਂਡ ਡਰਾਪ’ (ਲਿਜਾਣ ਅਤੇ ਛੱਡਣ) ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।



 ਦਿਵਿਆਂਗ ਮਤਦਾਤਾਵਾਂ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਦਿਵਿਆਂਗ ਵੋਟਰਾਂ ਦੀ ਪਹੁੰਚ ਤੱਕ ਲਿਆਉਣ ਅਤੇ ਇਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇਹ ਫੈਸਲਾ ਲਿਆ ਗਿਆ ਹੈ।  

 ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ 5381 ਦਿਵਿਆਂਗ ਵੋਟਰ ਹਨ ਜਿਨ੍ਹਾਂ ਵਿੱਚ ਬੰਗਾ ਵਿੱਚ 2274, ਨਵਾਂਸ਼ਹਿਰ ਵਿੱਚ 1359 ਅਤੇ ਬਲਾਚੌਰ ਹਲਕੇ ਵਿੱਚ 1748 ਵੋਟਰ ਹਨ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਦਿਵਿਆਂਗ ਵੋਟਰਾਂ ਲਈ ਇੱਕ ਵਿਸਤਿ੍ਰਤ ਆਵਾਜਾਈ ਸਹੂਲਤ ਯੋਜਨਾ ਤਿਆਰ ਕੀਤੀ ਹੈ ਜਿਸ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ ਲੋੜੀਂਦੀ ਗਿਣਤੀ ਵਿੱਚ ਵਾਹਨ, ਰੈਂਪ, ਵ੍ਹੀਲ ਚੇਅਰ, ਵਾਲੰਟੀਅਰ, ਉਨ੍ਹਾਂ ਦੇ ਬੈਠਣ ਜਾਂ ਉਡੀਕ ਕਰਨ ਦੇ ਸਥਾਨ ਅਤੇ ਹੋਰ ਸਹੂਲਤਾਂ ਸਾਰੇ 614 ਬੂਥਾਂ ’ਤੇ 20 ਫਰਵਰੀ ਨੂੰ ਪੋਲਿੰਗ ਵਾਲੇ ਦਿਨ ਦੌਰਾਨ ਯਕੀਨੀ ਬਣਾਈਆਂ ਜਾਣਗੀਆਂ।  

 ਉਨ੍ਹਾਂ ਨੂੰ ਇਸ ਸਹੂਲਤ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਦਿਆਂ ਸਾਰੰਗਲ ਨੇ ਕਿਹਾ ਕਿ ਦਿਵਿਆਂਗ ਮਤਦਾਤਾ ਆਪਣੇ ਸਬੰਧਤ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਨਾਲ ਸੰਪਰਕ ਕਰ ਸਕਦੇ ਹਨ ਜਿਸ ਤੋਂ ਬਾਅਦ ਪੋਲਿੰਗ ਵਾਲੇ ਦਿਨ ਵਾਹਨਾਂ ਨੂੰ ਉਨ੍ਹਾਂ ਦੀ ਸਹੂਲਤ ਲਈ ਉਨ੍ਹਾਂ ਦੇ ਘਰਾਂ/ਸਥਾਨਾਂ ’ਤੇ ਭੇਜਿਆ ਜਾਵੇਗਾ।

 ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਤੰਤਰੀ ਪ੍ਰਕਿਰਿਆ ਵਿੱਚ ਦਿਵਿਆਂਗ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਕਿਹਾ ਕਿ ਉਹ ਇਨ੍ਹਾਂ ਵੋਟਰਾਂ ਦੀ ਸੁਵਿਧਾ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਤਾਂ ਜੋ ਵੋਟਰਾਂ ਨੂੰ ਵੋਟ ਪਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

 ਉਨ੍ਹਾਂ ਦੱਸਿਆ ਕਿ ਦਿਵਿਆਂਗ ਮਤਦਾਤਾ ਪੋਸਟਲ ਬੈਲਟ ਦੀ ਸਹੂਲਤ ਦੀ ਵੀ ਚੋਣ ਕਰ ਸਕਦੇ ਹਨ, ਜੇਕਰ ਉਨ੍ਹਾਂ ਦੀ ਸਿਹਤ/ਹਾਲਤ ਉਨ੍ਹਾਂ ਨੂੰ ਪੋਲਿੰਗ ਬੂਥ ’ਤੇ ਜਾਣ ਦੀ ਆਗਿਆ ਨਹੀਂ ਦਿੰਦੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਪੁਸ਼ਟੀ ਲਈ 12-ਡੀ ਫਾਰਮ ਵੀ ਬੀ ਐਲ ਓਜ਼ ਰਾਹੀਂ ਪਹਿਲਾਂ ਹੀ ਭੇਜ ਦਿੱਤੇ ਗਏ ਹਨ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਸ਼ਮੂਲੀਅਤ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਦੂਜਿਆਂ ਨੂੰ ਇਹ ਸੰਦੇਸ਼ ਜਾਵੇਗਾ ਕਿ ਉਨ੍ਹਾਂ ਦੀ ਵੋਟ ਵੀ ਮਾਇਨੇ ਰੱਖਦੀ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends