ਵੋਟਰਾਂ/ਪੋਲਿੰਗ ਸਟਾਫ਼ ਲਈ ਸਾਰੇ 614 ਪੋਲਿੰਗ ਬੂਥਾਂ ਵਿਖੇ ਮਾਸਕ, ਦਸਤਾਨੇ, ਥਰਮਲ ਸਕੈਨਰ ਅਤੇ ਸੈਨੀਟਾਈਜ਼ਰ ਮੁੱਹਈਆ ਕਰਵਾਏ ਜਾਣਗੇ - ਡੀ.ਸੀ.ਵਿਸ਼ੇਸ਼ ਸਾਰੰਗਲ
ਕੋਵਿਡ ਪਾਜ਼ੀਟਿਵ ਜਾਂ ਲੱਛਣਾਂ ਵਾਲੇ ਵਿਅਕਤੀ ਮਤਦਾਨ ਵਾਲੇ ਦਿਨ (14 ਫਰਵਰੀ) ਆਖਰੀ ਘੰਟੇ ਵਿੱਚ ਵੋਟ ਪਾਉਣਗੇ
ਅਗਲੇ 10 ਦਿਨਾਂ ਵਿੱਚ ਚੋਣ ਅਮਲੇ ਲਈ ਹਰੇਕ ਸਬ-ਡਿਵੀਜ਼ਨ ਵਿੱਚ ਬੂਸਟਰ ਡੋਜ਼ ਦੇਣ ਲਈ ਪੰਜ- ਪੰਜ ਕੈਂਪ
ਲਏ ਜਾਣਗੇ
ਡੀ ਸੀ ਵੱਲੋਂ ਰਿਟਰਨਿੰਗ ਅਫ਼ਸਰਾਂ ਅਤੇ ਸਿਹਤ ਅਧਿਕਾਰੀਆਂ ਨਾਲ ਚੋਣ ਦੌਰਾਨ ਕੋਵਿਡ ਪ੍ਰੋਟੋਕਾਲ/ਪ੍ਰਬੰਧਾਂ ਨੂੰ ਲੈ ਕੇ ਮੀਟਿੰਗ
ਨਵਾਂਸ਼ਹਿਰ, 11 ਜਨਵਰੀ:
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਪ੍ਰੋਟੋਕਾਲ/ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ 614 ਪੋਲਿੰਗ ਬੂਥਾਂ 'ਤੇ ਮਾਸਕ, ਦਸਤਾਨੇ, ਥਰਮਲ ਸਕੈਨਿੰਗ, ਸੈਨੀਟਾਈਜ਼ਰ, ਪੀ.ਪੀ.ਈ. ਕਿੱਟਾਂ, ਫੇਸ ਸ਼ੀਲਡਾਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ |
ਇਸ ਸਬੰਧੀ ਰਿਟਰਨਿੰਗ ਅਫ਼ਸਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਇਸ ਮਹਾਂਮਾਰੀ ਦੇ ਮਾਹੌਲ ਵਿੱਚ ਵੀ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਵਚਨਬੱਧ ਹੈ।
ਸ਼੍ਰੀ ਸਾਰੰਗਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 4,95,257 ਵੋਟਰ ਹਨ ਜੋ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਜ਼ਿਲ੍ਹੇ ਵਿੱਚ 614 ਪੋਲਿੰਗ ਬੂਥ (437 ਪੋਲਿੰਗ ਸਟੇਸ਼ਨ) ਹਨ, ਜਿੱਥੇ ਵੋਟਰਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕੋਵਿਡ ਸੁਰੱਖਿਆ ਉਪਾਅ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਵੋਟਰਾਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ, ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਸਾਰੇ ਪੋਲਿੰਗ ਬੂਥਾਂ ਦੇ ਪ੍ਰਵੇਸ਼ ਦੁਆਰ 'ਤੇ ਥਰਮਲ ਸਕ੍ਰੀਨਿੰਗ ਨੂੰ ਯਕੀਨੀ ਬਣਾਇਆ ਜਾਵੇਗਾ। ਵੋਟਰਾਂ ਨੂੰ ਮਤਦਾਨ ਵਾਲੇ ਦਿਨ ਇੱਕ ਹੱਥ 'ਚ ਪਹਿਨਣ ਲਈ ਦਸਤਾਨੇ ਦਿੱਤੇ ਜਾਣਗੇ ਜਿਸ ਦੀ ਵਰਤੋਂ ਉਹ ਵੋਟਿੰਗ ਮਸ਼ੀਨ ਦੇ ਬਟਨ ਨੂੰ ਦਬਾਉਣ ਅਤੇ ਦਸਤਖਤ ਕਰਨ ਲਈ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਪਾਜ਼ਿਟਿਵ/ਬੁਖ਼ਾਰ ਵਾਲੇ ਜਾਂ ਕੋਵਿਡ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਪੋਲਿੰਗ ਵਾਲੇ ਦਿਨ (14 ਫਰਵਰੀ) ਦੇ ਆਖਰੀ ਘੰਟੇ ਵਿੱਚ ਆ ਕੇ ਵੋਟ ਪਾਉਣ ਲਈ ਕਿਹਾ ਜਾਵੇਗਾ। ਸ਼੍ਰੀ ਸਾਰੰਗਲ ਨੇ ਦੱਸਿਆ ਕਿ ਵੋਟਰਾਂ ਅਤੇ ਪੋਲਿੰਗ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਚਿੰਤਾ ਹੈ ਅਤੇ ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਸਾਰੇ ਪੋਲਿੰਗ ਬੂਥਾਂ 'ਤੇ ਪੈਦਾ ਹੋਣ ਵਾਲੇ ਕੋਵਿਡ ਬਚਾਅ ਉਪਾਵਾਂ ਦੇ ਕੂੜੇ ਦੇ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧਨ ਨੂੰ ਵੀ ਯਕੀਨੀ ਬਣਾਉਣ।
ਉਨ੍ਹਾਂ ਸਿਵਲ ਸਰਜਨ ਨੂੰ ਲੋੜੀਂਦੇ ਸਿਹਤ ਸਟਾਫ਼ ਦੀਆਂ ਟੀਮਾਂ ਬਣਾਉਣ ਲਈ ਵੀ ਕਿਹਾ ਜੋ ਕਿ ਵੋਟਾਂ ਵਾਲੇ ਦਿਨ ਪੋਲਿੰਗ ਟੀਮਾਂ ਦੇ ਨਾਲ ਪੋਲਿੰਗ ਸਟੇਸ਼ਨਾਂ 'ਤੇ ਰਹਿਣਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਿਹਤ ਵਿਭਾਗ ਨੂੰ ਹਰੇਕ ਸਬ-ਡਵੀਜ਼ਨ ਵਿੱਚ ਪੋਲਿੰਗ ਸਟਾਫ਼ ਲਈ ਬੂਸਟਰ ਡੋਜ਼ ਦੇ ਪੰਜ-ਪੰਜ ਵਿਸ਼ੇਸ਼ ਕੈਂਪ ਲਗਾਉਣ ਦੇ ਹੁਕਮ ਵੀ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ.ਡੀ.ਐਮਜ਼ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ, ਦੀਪਕ ਰੋਹੀਲਾ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਤੇ ਹੋਰ ਸਿਹਤ ਅਧਿਕਾਰੀ ਹਾਜ਼ਰ ਸਨ।