ਅਦਾਲਤੀ ਕੰਪਲੈਕਸ 'ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਭਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਜਨਤਕ ਥਾਵਾਂ 'ਤੇ ਸੁਰੱਖਿਆ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਲੁਧਿਆਣਾ ਲਈ ਰਵਾਨਾ ਹੋ ਗਏ ਹਨ, ਜਿੱਥੇ ਉਹ ਸਥਿਤੀ ਦਾ ਜਾਇਜ਼ਾ ਲੈਣਗੇ। ਸੀਐਮ ਚੰਨੀ ਨੇ ਕਿਹਾ ਕਿ ਮੈਂ ਲੁਧਿਆਣਾ ਜਾ ਕੇ ਦੇਖਾਂਗਾ ਕਿ ਧਮਾਕਾ ਕਿਵੇਂ ਹੋਇਆ। ਚੋਣਾਂ ਨੇੜੇ ਆਉਂਦੇ ਹੀ ਕੁਝ ਵੀ ਕੀਤਾ ਜਾ ਸਕਦਾ ਹੈ। ਬੇਅਦਬੀ ਦੀ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਹੁਣ ਹੋ ਗਿਆ ਧਮਾਕਾ। ਸਰਕਾਰ ਇਸ ਗੱਲ ਤੋਂ ਜਾਣੂ ਹੈ। ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਜਾਣਕਾਰੀ ਮੁਤਾਬਕ ਇਹ ਧਮਾਕਾ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਹੋਇਆ। ਧਮਾਕੇ ਨਾਲ ਬਾਥਰੂਮ ਦੀ ਕੰਧ ਢਹਿ ਗਈ ਅਤੇ ਕੰਧ ਦਾ ਮਲਬਾ ਹੇਠਾਂ ਖੜ੍ਹੇ ਵਾਹਨਾਂ 'ਤੇ ਡਿੱਗ ਗਿਆ, ਜਿਸ ਨਾਲ ਉਨ੍ਹਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਾਫੀ ਨੁਕਸਾਨ ਹੋ ਗਿਆ। ਇਸ ਦੇ ਨਾਲ ਹੀ ਇਸ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ।