ਨੈਸ ਦੀ ਕਾਰਗੁਜ਼ਾਰੀ 'ਤੇ ਦੋਨਾਂ ਸਿੱਖਿਆ ਸਕੱਤਰ ਦੀ ਰਹੇਗੀ ਨਜ਼ਰ
ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਸਾਰੇ ਪ੍ਰਬੰਧ ਮੁਕੰਮਲ
ਚੰਡੀਗੜ੍ਹ 11 ਨਵੰਬਰ(ਹਰਦੀਪ ਸਿੰਘ ਸਿੱਧੂ )ਭਾਰਤ ਸਰਕਾਰ ਵੱਲੋਂ ਸਿੱਖਿਆ ਦੀ ਗੁਣਵੱਤਾ ਜਾਂਚਣ ਲਈ ਭਲਕੇ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਪੰਜਾਬ ਭਰ ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਭਰ ਚ ਸਿੱਖਿਆ ਅਧਿਕਾਰੀ ਅਤੇ ਸਕੂਲ ਮੁੱਖੀ ਲੋੜਵੰਦ ਪ੍ਰਬੰਧਾਂ ਲਈ ਅੱਜ ਸਾਰਾ ਦਿਨ ਪੱਬਾਂ ਭਾਰ ਰਹੇ। ਭਲਕੇ ਹੋ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਚੰਗੀ ਕਾਰਗੁਜ਼ਾਰੀ ਲਈ ਪੰਜਾਬ ਦੇ ਦੋਨੋਂ ਸਿੱਖਿਆ ਸਕੱਤਰਾਂ ਦੀ ਤਿੱਖੀ ਨਜ਼ਰ ਰਹੇਗੀ। ਬੇਸ਼ੱਕ ਹੁਣ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਅਜੋਏ ਸ਼ਰਮਾ ਹਨ,ਪਰ ਇਸ ਸਰਵੇ ਤੇ ਪਹਿਲੇ ਰਹੇ ਸਿੱਖਿਆ ਸਕੱਤਰ ਜੋ ਹੁਣ ਉਚੇਰੀ ਸਿੱਖਿਆ ਸਕੱਤਰ ਹਨ,ਪਰ ਕਿਉਂਕਿ ਉਨ੍ਹਾਂ ਨੇ ਲੰਬਾ ਸਮਾਂ ਨੈਸ ਦੀ ਤਿਆਰੀ ਲਈ ਦਿਨ ਰਾਤ ਇਕ ਕੀਤੀ ਹੈ,ਜਿਸ ਕਰਕੇ ਉਨ੍ਹਾਂ ਦੀ ਇਛਾ ਹੈ ਕਿ ਪੰਜਾਬ ਮੁੜ ਨੰਬਰ ਵਨ ਬਣੇ। ਇਹ ਨੈਸ਼ਨਲ ਸਰਵੇ ਸਮੂਹ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਕੂਲਾਂ ਵਿੱਚ ਹੋ ਰਿਹਾ।
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੇ ਕਿਹਾ ਕਿ ਪੰਜਾਬ ਰਾਜ ਕੋਲ਼ ਆਪਣੀ ਪ੍ਰਤਿਭਾ ਦਿਖਾਉਣ ਦਾ ਇਹ ਬਹੁਤ ਚੰਗਾ ਮੌਕਾ ਹੈ,ਉਨ੍ਹਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ, ਕਲੱਸਟਰ ਮੁਖੀਆਂ , ਅਧਿਆਪਕਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਆਸ ਪ੍ਰਗਟਾਈ ਕਿ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਵੇਗਾ।
ਉਧਰ ਹੋਰਨਾਂ ਜ਼ਿਲ੍ਹਿਆਂ ਵਾਂਗ ਮਾਨਸਾ ਜ਼ਿਲ੍ਹੇ ਚ ਵੀ ਸਾਰੇ ਪ੍ਰਬੰਧ ਨੇਪਰੇ ਚਾੜ੍ਹੇ ਗਏ ਹਨ।ਜ਼ਿਲ੍ਹਾ ਸਿੱਖਿਆ ਅਧਿਕਾਰੀ ਆਖਰੀ ਪੜ੍ਹਾਅ ਦੌਰਾਨ ਲੋੜੀਂਦੀ ਯੋਜਨਾਬੰਦੀ ਚ ਗੰਭੀਰ ਦਿਖਾਈ ਦੇ ਰਹੇ ਸਨ,ਉਹ ਵੱਖ ਵੱਖ ਟੀਮਾਂ ਅਤੇ ਸਕੂਲ ਇੰਚਾਰਜਾਂ ਨੂੰ ਕੋਈ ਵੀ ਕਸਰ ਨਾ ਰਹਿਣ ਦੇਣ ਲਈ ਹਦਾਇਤ ਕਰ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਜੂ ਗੁਪਤਾ, ਡੀਈਓ ਐਲੀਮੈਂਟਰੀ ਸੰਜੀਵ ਕੁਮਾਰ ਗੋਇਲ,ਡਿਪਟੀ ਡੀਈਓ ਸੈਕੰਡਰੀ ਜਗਰੂਪ ਭਾਰਤੀ,ਡਿਪਟੀ ਡੀਈਓ ਗੁਰਲਾਭ ਸਿੰਘ,ਡਾਈਟ ਪ੍ਰਿੰਸੀਪਲ ਡਾ ਬੂਟਾ ਸਿੰਘ ਨੇ ਸਾਰਾ ਦਿਨ ਲੋੜੀਂਦੀਆਂ ਹਦਾਇਤਾਂ, ਪ੍ਰਬੰਧਾਂ ਚ ਬਿਜੀ ਰਹੇ। ਬਲਾਕ ਪ੍ਰਾਇਮਰੀ ਅਫਸਰ ਬੁਢਲਾਡਾ, ਮਾਨਸਾ,ਬਰੇਟਾ ਅਮਨਦੀਪ ਸਿੰਘ ਔਲਖ ਨੇ ਕਿਹਾ ਕਿ 12 ਨਵੰਬਰ ਨੂੰ ਹੋ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਅਧਿਆਪਕਾਂ, ਵਿਦਿਆਰਥੀਆਂ ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਰਵੇ ਦੌਰਾਨ ਚੰਗੇ ਨਤੀਜੇ ਆਉਣਗੇ।