ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96911 ਘਰੇਲੂ ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਮੁਆਫ ਕਰ ਦਿੱਤੇ ਹਨ।
ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸੂਬੇ ਦੇ 5 ਜ਼ੋਨਾਂ, ਸਰਹੱਦੀ ਜ਼ੋਨ ਜਿਸ ਵਿੱਚ ਸਬ-ਅਰਬਨ ਅੰਮਿ੍ਰਤਸਰ, ਗੁਰਦਾਸਪੁਰ, ਤਰਨਤਾਰਨ ਤੇ ਅੰਮਿ੍ਰਤਸਰ ਸਿਟੀ ਸਰਕਲ ਆਉਂਦੇ ਹਨ, ਕੇਂਦਰੀ ਜ਼ੋਨ (ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ, ਖੰਨਾ, ਸਬ-ਅਰਬਨ ਲੁਧਿਆਣਾ), ਉੱਤਰੀ ਜ਼ੋਨ ( ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ), ਦੱਖਣੀ ਜ਼ੋਨ (ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੁਹਾਲੀ) ਅਤੇ ਪੱਛਮੀ ਜ਼ੋਨ (ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ), ਵਿੱਚ ਕੁੱਲ 15.85 ਲਾਭਪਾਤਰੀ ਹਨ ਜਿਨਾਂ ਦੇ ਨਾਂ 1505 ਕਰੋੜ ਰੁਪਏ ਦੇ ਬਕਾਏ ਖੜੇ ਹਨ। ਇਨਾਂ ਵਿੱਚੋਂ 77.37 ਕਰੋੜ ਰੁਪਏ ਦੇ ਬਕਾਏ ਹੁਣ ਤੱਕ ਮੁਆਫ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਲਾਭਪਾਤਰੀਆਂ ਦੀ ਜ਼ੋਨ ਵਾਰ ਵੰਡ ਅਤੇ ਉਨਾਂ ਦੇ ਨਾਂ ਖੜੇ ਵਿੱਤੀ ਬਕਾਏ ਬਾਰੇ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਰਹੱਦੀ ਜ਼ੋਨ ਵਿੱਚ 4.27 ਲੱਖ ਲਾਭਪਾਤਰੀ ਹਨ ਜਿਨਾਂ ਦੇ ਨਾਂ 407 ਕਰੋੜ ਰੁਪਏ ਦੇ ਬਕਾਏ ਹਨ। ਇਸ ਤੋਂ ਇਲਾਵਾ ਕੇਂਦਰੀ ਜ਼ੋਨ ਦੇ ਕੁੱਲ 1.84 ਲੱਖ ਲਾਭਪਾਤਰੀਆਂ ਦੇ ਨਾਂ 1.57 ਕਰੋੜ ਰੁਪਏ ਦੇ ਬਕਾਏ ਹਨ ਜਦੋਂ ਕਿ ਉੱਤਰੀ ਜ਼ੋਨ ਦੇ 2.11 ਲੱਖ ਲਾਭਪਾਤਰੀਆਂ ਦੇ ਨਾਂ 1.78 ਕਰੋੜ ਰੁਪਏ, ਦੱਖਣੀ ਜ਼ੋਨ ਦੇ 2.86 ਲੱਖ ਲਾਭਪਾਤਰੀਆਂ ਦੇ ਨਾਂ 2 ਕਰੋੜ ਰੁਪਏ ਅਤੇ ਪੱਛਮੀ ਜ਼ੋਨ ਦੇ ਕੁੱਲ 4.76 ਲੱਖ ਲਾਭਪਾਤਰੀਆਂ ਦੇ ਨਾਂ 5.62 ਕਰੋੜ ਰੁਪਏ ਦੇ ਬਕਾਏ ਹਨ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦਿ੍ਰੜ ਇੱਛਾਸ਼ਕਤੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਜਾਤ-ਪਾਤ, ਧਰਮ ਅਤੇ ਨਸਲ ਦੇ ਵਖਰੇਵੇਂ ਤੋਂ ਹਰ ਕਿਸੇ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।