Wednesday, 8 September 2021

ਮੁੱਖ ਮੰਤਰੀ ਨੇ ਓਲੰਪੀਅਨ ਖਿਡਾਰੀਆਂ ਲਈ ਖੁਦ ਖਾਣਾ ਤਿਆਰ ਕਰਨ ਤੋਂ ਲੈ ਕੇ ਪਰੋਸਣ ਤੱਕ ਦੀ ਮੇਜ਼ਬਾਨੀ ਨਿਭਾਈ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪੀਅਨ ਖਿਡਾਰੀਆਂ ਦੇ ਮਾਣ ਵਿਚ ਆਪਣੇ ਨਿਵਾਸ ਉਤੇ ਕੀਤੀ ਮੇਜ਼ਬਾਨੀ ਦੇ ਮਾਹੌਲ ਨੂੰ ਆਨੰਦਮਈ ਅਤੇ ਯਾਦਗਾਰੀ ਬਣਾ ਦਿੱਤਾ। ਮੁੱਖ ਮੰਤਰੀ ਵੱਲੋਂ ਸੂਬੇ ਦੇ ਓਲੰਪੀਅਨਾਂ ਅਤੇ ਨੇਜਾ ਸੁਟਾਵੇਂ ਨੀਰਜ ਚੋਪੜਾ ਨਾਲ ਕੀਤੇ ਵਾਅਦੇ ਮੁਤਾਬਕ ਇਨ੍ਹਾਂ ਪਲਾਂ ਨੂੰ ਅੱਜ ਸਾਕਾਰ ਰੂਪ ਦਿੱਤਾ।ਪੰਜਾਬ ਨਾਲ ਸਬੰਧਤ ਭਾਰਤੀ ਓਲੰਪੀਅਨਾਂ ਦੇ ਮਾਣ ਵਿਚ ਬਣਿਆ ਇਹ ਮਾਹੌਲ ਉਨ੍ਹਾਂ ਦੀ ਓਲੰਪਿਕ ਸ਼ਾਨ ਦੇ ਦਿਨਾਂ ਨੂੰ ਮੁੜ ਤਾਜ਼ਾ ਕਰ ਗਿਆ। ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਲਾਅਨ ਖੁਸ਼ੀਆਂ ਨਾਲ ਚਹਿਕ ਰਿਹਾ ਸੀ ਅਤੇ ਮੁੱਖ ਮੰਤਰੀ ਵੱਲੋਂ ਬਹੁਤ ਹੀ ਸ਼ਿੱਦਤ ਨਾਲ ਆਪਣੇ ਮਾਣਮੱਤੇ ਮਹਿਮਾਨਾਂ ਲਈ ਤਿਆਰ ਕੀਤਾ ਖਾਣਾ ਮਹਿਕਾਂ ਬਿਖੇਰ ਰਿਹਾ ਸੀ।


ਮੁੱਖ ਮੰਤਰੀ ਦੀ ਵਿਸ਼ੇਸ਼ ਛੋਹ ਅਭੁੱਲ ਹੋ ਨਿਬੜੀ। ਮੇਜ਼ ਉਤੇ ਸਜਿਆ ਹਰੇਕ ਪਕਵਾਨ ਦੇਖਣ ਅਤੇ ਸੁਆਦ ਪੱਖੋਂ ਬਹੁਤ ਹੀ ਸ਼ਾਹਾਨਾ ਸੀ। ਮੁੱਖ ਮੰਤਰੀ ਦੇ ਚਿਹਰੇ ਉਤੇ ਤਸੱਲੀ ਭਰੀ ਮੁਸਕਾਨ, ਉਹ ਵੀ ਇਕ ਖਾਨਸਾਮੇ ਵਜੋਂ ਘੰਟਿਆਂਬੱਧੀ ਮਿਹਨਤ ਕਰਨ ਤੋਂ ਬਾਅਦ, ਰਸ਼ਕ ਕਰਨ ਵਾਲੀ ਸੀ।


ਮੁੱਖ ਮੰਤਰੀ ਨੇ ਆਪਣੀਆਂ ਅੱਖਾਂ ਵਿਚ ਆਨੰਦਮਈ ਚਮਕ ਲਿਆਉਂਦਿਆਂ ਕਿਹਾ,“ਮੈਂ ਇਸ ਨੂੰ ਸਵੇਰੇ 11 ਵਜੇ ਬਣਾਉਣਾ ਸ਼ੁਰੂ ਕੀਤਾ ਸੀ। ਜ਼ਿਆਦਾਤਰ ਕੰਮ ਸ਼ਾਮ 5 ਵਜੇ ਦੇ ਕਰੀਬ ਨਿਪਟ ਗਿਆ ਸੀ ਅਤੇ ਉਸ ਤੋਂ ਬਾਅਦ ਅੰਤਿਮ ਛੋਹਾਂ ਦੇਣ ਦਾ ਸਮਾਂ ਸੀ, ਪਰ ਮੈਂ ਇਸ ਹਰੇਕ ਪਲ ਨੂੰ ਮਾਣਿਆ।” ਉਨ੍ਹਾਂ ਕਿਹਾ,”ਖਿਡਾਰੀਆਂ ਨੇ ਜਿੱਤ ਦੇ ਜਸ਼ਨ ਲਈ ਬਹੁਤ ਮਿਹਨਤ ਕੀਤੀ ਜਦਕਿ ਮੇਰੇ ਵੱਲੋਂ ਕੀਤੀ ਕੋਸ਼ਿਸ਼ ਉਸ ਦੇ ਮੁਕਾਬਲੇ ਕੁਝ ਵੀ ਨਹੀਂ।“ ਚਿਹਰੇ ਉਤੇ ਖਾਣਾ ਪਕਾਉਣ ਅਤੇ ਪ੍ਰਬੰਧਾਂ ਦੀ ਦੇਖ-ਰੇਖ ਦੀ ਕੋਈ ਵੀ ਸ਼ਿਕਨ ਲਿਆਂਦੇ ਬਗੈਰ ਉਨ੍ਹਾਂ ਨੇ ਆਪਣੇ ਖਾਸ ਮਹਿਮਾਨਾਂ ਨੂੰ ਨਿੱਜੀ ਤੌਰ ਉਤੇ ਸਵਾਗਤ ਕੀਤਾ ਅਤੇ ਹਰੇਕ ਨੂੰ ਖਿੜੇ ਮੱਥੇ ਮਿਲ ਰਹੇ ਸਨ।


ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਦੀ ਖੁਸ਼ੀ ਦਾ ਸਪੱਸ਼ਟ ਤੌਰ ਉਤੇ ਕੋਈ ਠਿਕਾਣਾ ਨਹੀਂ ਸੀ ਜਦੋਂ ਉਹ ਨਿੱਜੀ ਤੌਰ ਉਤੇ ਮਹਿਮਾਨਾਂ ਨੂੰ ਸਿੱਧਾ ਪਤੀਲਿਆਂ ਵਿੱਚੋਂ ਉਨ੍ਹਾਂ ਦੀ ਪਸੰਦ ਮੁਤਾਬਕ ਖਾਣਾ ਪਰੋਸਦੇ ਹੋਏ ਦੇਖੇ ਗਏ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, “ਸਿੱਧਾ ਖਾਣੇ ਵਾਲੇ ਭਾਂਡੇ ਵਿੱਚੋਂ ਪਰੋਸਿਆ ਖਾਣਾ ਹਮੇਸ਼ਾ ਹੀ ਵੱਧ ਜ਼ਾਇਕੇਦਾਰ ਹੁੰਦਾ ਹੈ ਅਤੇ ਭੋਜਨ ਬਾਰੇ ਉਨ੍ਹਾਂ ਦਾ ਗਿਆਨ, ਉਨ੍ਹਾਂ ਦੇ ਖਾਣਾ ਪਕਾਉਣ ਦੇ ਹੁਨਰ ਨਾਲੋਂ ਘੱਟ ਨਹੀਂ।


ਖਾਣਿਆਂ ਦੀ ਵੰਨਗੀ ਕਿਸੇ ਸ਼ਾਹੀ ਖਾਣੇ ਤੋਂ ਘੱਟ ਨਹੀਂ ਸੀ ਜਿਸ ਵਿੱਚ ਮਟਨ ਖਾਰਾ ਪਿਸ਼ੌਰੀ, ਲੌਂਗ ਇਲਾਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਰਿਆਨੀ ਅਤੇ ਜ਼ਰਦਾ ਚਾਵਲ (ਮਿੱਠੀ ਡਿਸ਼) ਸ਼ਾਮਲ ਹਨ। ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ (ਡੀ.ਐਸ.ਪੀ. ਪੰਜਾਬ ਪੁਲਿਸ) ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਜਾ ਦੇ ਖਾਣੇ ਬਾਰੇ ਸੁਣਿਆ ਤਾਂ ਸੀ ਪਰ ਅੱਜ ਜੋ ਉਨ੍ਹਾਂ ਨੇ ਸੁਆਦ ਮਾਣਿਆ, ਉਹ ਉਨ੍ਹਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਮੈਨੂੰ ਆਲੂ ਪਸੰਦ ਸਨ। ਡਿਸਕਸ ਥਰੋਅ ਕਮਲਪ੍ਰੀਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਖਾਣੇ ਬਣਾਉਣ ਅਤੇ ਪ੍ਰਾਹੁਣਚਾਰੀ ਦੋਵਾਂ ਤੋਂ ਬਹੁਤ ਪ੍ਰਭਾਵਤ ਹੋਈ। ਨੀਰਜ ਚੋਪੜਾ ਦਾ ਹਵਾਲਾ ਦਿੰਦਿਆਂ ਕਿਹਾ, "ਇਹ ਬਹੁਤ ਵਧੀਆ ਸੀ (ਘੀ ਨਾਲ ਭਰਪੂਰ) ਪਰ ਇਹ ਸ਼ਾਨਦਾਰ ਭੋਜਨ ਸੀ।"


ਸ਼ਾਮ ਦੇ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿੱਚ ਓਲੰਪਿਕ ਜੈਵਲਿਨ ਥ੍ਰੋ ਗੋਲਡ ਮੈਡਲਿਸਟ ਨੀਰਜ ਚੋਪੜਾ ਤੋਂ ਇਲਾਵਾ ਓਲੰਪਿਕ ਕਾਂਸੀ ਤਮਗਾ ਜੇਤੂ ਹਾਕੀ ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਸ਼ਾਮਲ ਸਨ। ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਹਰੇਕ ਖਿਡਾਰੀ ਲਈ 2.51 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ।


ਮਹਿਲਾ ਹਾਕੀ ਸੈਮੀ ਫਾਈਨਲਿਸਟ ਗੁਰਜੀਤ ਕੌਰ ਅਤੇ ਰੀਨਾ ਖੋਖਰ, ਰਿਜ਼ਰਵ ਹਾਕੀ ਖਿਡਾਰੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਓਲੰਪਿਕ ਫਾਈਨਲਿਸਟ ਅਥਲੀਟ ਕਮਲਪ੍ਰੀਤ ਕੌਰ ਵੀ ਉਹਨਾਂ ਮਹਿਮਾਨਾਂ ਵਿੱਚ ਸ਼ਾਮਲ ਹਨ ਜਿਹਨਾਂ ਨੂੰ 50-50 ਲੱਖ ਰੁਪਏ ਦਿੱਤੇ ਗਏ ਹਨ।


ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਓਲੰਪਿਕ ਵਿੱਚ ਭਾਗ ਲੈਣ ਵਾਲੇ ਰੇਸ-ਵਾਕਰ ਗੁਰਪ੍ਰੀਤ ਸਿੰਘ ਅਤੇ ਨਿਸ਼ਾਨੇਬਾਜ਼ ਅੰਗਦਵੀਰ ਸਿੰਘ ਬਾਜਵਾ ਲਈ 21 ਲੱਖ ਰੁਪਏ ਦਾ ਐਲਾਨ ਵੀ ਕੀਤਾ ਗਿਆ ਸੀ। ਇਹਨਾਂ ਖਿਡਾਰੀਆਂ ਨੂੰ ਵੀ ਡਿਨਰ ਲਈ ਸੱਦਾ ਦਿੱਤਾ ਗਿਆ ਸੀ।

RECENT UPDATES

Today's Highlight

CM gets Vigilance, Power, Mining, Excise, Personnel and Public Relations

  CM gets Vigilance, Power, Mining, Excise, Personnel and Public Relations ·Also to hold All Other Departments not assigned to any other Min...