ਪੰਜਾਬ ਸਰਕਾਰ ਵੱਲੋਂ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਗੇਟ ਬਨਾਉਣ ਲਈ ਵੀ ਰਾਹ ਪੱਧਰਾ, 2.30 ਕਰੋੜ ਰੁਪਏ ਜਾਰੀ
ਚੰਡੀਗੜ੍ਹ, 4 ਸਤੰਬਰ 2021 - ਪੰਜਾਬ ਸਰਕਾਰ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਨਵੇਂ ਗੇਟ ਬਨਾਉਣ ਅਤੇ ਪੁਰਾਣਿਆ ਦੀ ਮੁਰੰਮਤ ਕਰਨ ਲਈ ਵੀ ਰਾਹ ਪੱਧਰਾ ਕਰਦੇ ਹੋਏ 2.30 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਾਇਮਰੀ ਅਤੇ ਮਿਲਡ ਸਕੂਲਾਂ ਦੇ ਨਵੇਂ ਗੇਟ ਬਨਾਉਣ ਅਤੇ ਪੁਰਾਣੇ ਗੇਟਾਂ ਦੀ ਮੁਰੰਮਤ ਕਰਨ ਲਈ 3. 93 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੁਣ ਕੋਈ ਵੀ ਸਕੂਲ ਗੇਟ ਤੋਂ ਬਿਨਾ ਨਹੀਂ ਰਹੇਗਾ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸੂਬੇ ਦੇ 24 ਸਕੂਲਾਂ ਵਿੱਚ ਅਜੇ ਗੇਟ ਨਹੀਂ ਹਨ ਅਤੇ 607 ਗੇਟਾਂ ਦੀ ਮੁਰੰਮਤ ਹੋਣ ਵਾਲੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ 2. 30 ਕਰੋੜ ਰੁਪਏ ਜਾਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ।
ਬੁਲਾਰੇ ਅਨੁਸਾਰ ਇਸ ਵੇਲੇ ਸੂਬੇ ਭਰ ਦੇ 24 ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਗੇਟ ਨਹੀਂ ਹਨ। ਇਨਾਂ ਬਨਾਉਣ ਵਾਸਤੇ ਕੁੱਲ 24 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸੇ ਤਰਾਂ ਹੀ ਸੂਬੇ ਵਿੱਚ 607 ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਗੇਟਾਂ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਇਸ ਵਾਸਤੇ 206.1 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸੂਬੇ ਦੇ 70 ਫੀਸਦੀ ਸਕੂਲ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਇਨਾਂ ਸਕੂਲਾਂ ਦੀ ਪੂਰੀ ਤਰਾਂ ਕਾਇਆ-ਕਲਪ ਹੋ ਗਈ ਹੈ। ਕੁਝ ਸਕੂਲਾਂ ਦਾ ਮੂੰਹ-ਮੱਥਾ ਹੋਰ ਸੰਵਾਰਨ ਦੇ ਨਾਲ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਲਈ ਨਵੀਂ ਗ੍ਰ੍ਰਾਂਟ ਜਾਰੀ ਕੀਤੀ ਗਈ ਹੈ।