ਅਧਿਆਪਕ ਦਿਵਸ ਤੇ ਸਿੰਗਲਾ ਦਾ ਵਿਰੋਧ ਕਰਦੇ ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਨਾਲ ਪੁਲਿਸ ਨੇ ਕੀਤੀ ਧੱਕਾਮੁੱਕੀ
ਦਲਜੀਤ ਕੌਰ ਭਵਾਨੀਗੜ੍ਹ
- ਕੁੜੀਆਂ ਦੀਆਂ ਚੁੰਨੀਆਂ ਲਾਹੀਆਂ, ਥਾਣੇ ਡੱਕਿਆ
- ਬੇਰੁਜ਼ਗਾਰਾ ਅਧਿਆਪਕਾਂ ਨੇ ਸੰਗਰੂਰ ਸਨਰਾਈਜ ਪੈਲੇਸ ਦੇ ਬਾਹਰ ਵਿਜੈ ਇੰਦਰ ਸਿੰਗਲਾ ਖ਼ਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ
ਸੰਗਰੂਰ, 4 ਸਤੰਬਰ 2021: ਅਧਿਆਪਕ ਦਿਵਸ ਨੂੰ ਸਮਰਪਿਤ ਸ਼ਨੀਵਾਰ ਨੂੰ ਸਥਾਨਕ ਧੂਰੀ ਰੋਡ ਉੱਤੇ ਸਨਰਾਈਜ ਪੈਲੇਸ ਵਿੱਚ ਸੰਗਰੂਰ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਬੇਰੁਜ਼ਗਾਰਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਆਪਣੀਆਂ ਮੰਗਾਂ ਲਈ ਮਿਲਣ ਜਾ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਸੰਦੀਪ ਸਿੰਘ ਗਿੱਲ, ਗਗਨਦੀਪ ਕੌਰ, ਕੁਲਦੀਪ ਸਿੰਘ, ਹਰਦੀਪ ਕੌਰ, ਪਰਤਿੰਦਰ ਕੌਰ, ਸੁਖਪਾਲ ਕੌਰ, ਗੁਰਪ੍ਰੀਤ ਸਿੰਘ ਰਾਮਪੁਰਾ, ਸਮਿੰਦਰ ਸਿੰਘ, ਗੁਰਮੇਲ ਸਿੰਘ ਆਦਿ ਨੂੰ ਪੁਲਿਸ ਨੇ ਖਿੱਚ-ਧੂਹ ਕਰਕੇ ਫ਼ੜ ਕੇ ਬਾਲੀਆਂ ਥਾਣੇ ਵਿਚ ਡੱਕ ਦਿੱਤਾ। ਇਸ ਤਰ੍ਹਾਂ ਬੇਰੁਜ਼ਗਾਰ ਅਧਿਆਪਕਾਂ ਨਾਲ ਸਲੂਕ ਕਰਕੇ ਅਧਿਆਪਕ ਦਿਵਸ ਤੋ ਪਹਿਲਾਂ ਹੀ ਸਿੱਖਿਆ ਮੰਤਰੀ ਨੇ ਅਨੋਖਾ ਸਨਮਾਨ ਦਿੱਤਾ।
ਇਸ ਮੌਕੇ ਬੇਰੁਜ਼ਗਾਰ ਬੀ.ਐਡ. ਟੈਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਬੀ. ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਲਈ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ 15000 ਅਸਾਮੀਆਂ ਸਮੇਤ ਸਮਾਜਿਕ ਸਿੱਖਿਆ, ਹਿੰਦੀ ਪੰਜਾਬੀ ਦੀਆਂ 9000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕਰੇ।
ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕੌਮ ਦਾ ਨਿਰਮਾਤਾ ਆਪਣੇ ਰੁਜ਼ਗਾਰ ਲਈ ਸਿੱਖਿਆ ਮੰਤਰੀ ਦੇ ਸਹਿਰ ਵਿੱਚ ਸੜਕਾਂ ਉੱਤੇ ਰੁਲ ਰਿਹਾ ਹੈ। ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਨੂੰ ਪੈਲੇਸ ਦੇ ਬਾਹਰ ਸੜਕਾਂ ਉੱਪਰ ਘੜੀਸਿਆ ਗਿਆ। ਖ਼ਬਰ ਲਿਖੇ ਜਾਣ ਤਕ ਬੇਰੁਜ਼ਗਾਰ ਪੁਲਿਸ ਦੀ ਗ੍ਰਿਫ਼ਤ ਵਿੱਚ ਸਨ।