ਗੁਰਦਾਸਪੁਰ (ਸ੍ਰੀ ਹਰਗੋਬਿੰਦਪੁਰ )16 ਸਤੰਬਰ: ਸਰਕਾਰੀ ਸਕੂਲ ਦੀ ਅਧਿਆਪਕਾ ਵੱਲੋਂ ਆਪਣੇ ਬਲਾਕ ਦੇ ਪ੍ਰਾਇਮਰੀ ਅਫ਼ਸਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਮਹਿਲਾ ਅਧਿਆਪਕ ਬਲਾਕ ਸ੍ਰੀ ਹਰਗੋਬਿੰਦਪੁਰ ਵਿਖੇ ਕੰਮ ਕਰ ਰਹੀ ਹੈ।
ਮਹਿਲਾ ਅਧਿਆਪਕ ਨੇ ਦੋਸ਼ ਲਾਇਆ ਕਿ ਉਸ ਦੇ ਬਲਾਕ ਪ੍ਰਾਇਮਰੀ ਅਫ਼ਸਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਬੀਪੀਈਓ ਵੱਲੋਂ ਉਸ ਨੂੰ ਆਪਣੀ ਹਾਜ਼ਰੀ ਲਗਾਉਣ ਲਈ ਰੋਜ਼ਾਨਾ ਦਫ਼ਤਰ ਵਿੱਚ ਬੁਲਾਇਆ ਜਾਂਦਾ ਹੈ ਤੇ ਉਸ ਨੂੰ ਅਸ਼ਲੀਲ ਤੇ ਗੈਰ-ਜ਼ਰੂਰੀ ਗੱਲਾਂ ਕਰਨ ਦੇ ਬਹਾਨੇ ਨਾਲ ਬਿਨਾਂ ਕਿਸੇ ਕੰਮ ਦਫ਼ਤਰ ਵਿੱਚ ਲੰਮਾ ਸਮਾਂ ਬੈਠਣ ਲਈ ਕਿਹਾ ਜਾਂਦਾ ਹੈ।
ਬਲਾਕ ਪ੍ਰਾਇਮਰੀ ਅਧਿਕਾਰੀ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ
ਬੀਪੀਈਓ ਪੋਹਲਾ ਸਿੰਘ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਸਕੂਲ ਅਧਿਆਪਕਾ ਵੱਲੋਂ ਜੋ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਝੂਠ ਹਨ। ਉਨ੍ਹਾਂ ਕਿਹਾ ਕਿ ਮਹਿਲਾ ਅਧਿਆਪਕਾ ਬਲਾਕ ਸ੍ਰੀ ਹਰਗੋਬਿੰਦਪੁਰ ਵਿੱਚ ਅਧਿਆਪਕਾ ਹੈ ਜੋ ਵਿਕਲਾਂਗ ਬੱਚਿਆਂ ਨੂੰ ਪੜ੍ਹਾਉਂਦੀ ਹੈ।
ਬੀਪੀਈਓ ਪੋਹਲਾ ਸਿੰਘ ਨੇ ਕਿਹਾ ਕਿ ਅਧਿਆਪਕਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਅਧਿਆਪਕਾ ਦੀ ਹਾਜ਼ਰੀ ਰਿਪੋਰਟ ਵਿੱਚ ਤਰੁੱਟੀਆਂ ਮਿਲੀਆਂ ਸਨ ਜਿਸ ਤੋਂ ਬਾਅਦ ਅਧਿਆਪਕਾ ਅਜਿਹੀ ਕਹਾਣੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾ ਆਪਣੇ ਪਤੀ ਨਾਲ ਦਫ਼ਤਰ ਵਿੱਚ ਆਉਣ ਦੇ ਬਾਵਜੂਦ ਉਨ੍ਹਾਂ ’ਤੇ ਅਜਿਹੇ ਦੋਸ਼ ਲਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਧਿਆਪਿਕਾ ਨੇ 12 ਅਗਸਤ ਨੂੰ ਦੋ ਸਕੂਲਾਂ ਵਿੱਚ ਹਾਜ਼ਰੀ ਲਗਾਈ ਹੈ ਜਿਸ ਸਬੰਧੀ ਉਸ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।