*12 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਪਟਿਆਲਾ ਘਰ ਦਾ ਘਿਰਾਓ ਕਰਨਗੇ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ*
*2019 ਦੀ ਵਿੱਤ ਵਿਭਾਗ ਦੀ ਮੰਨਜ਼ੂਰੀ ਦੇ ਬਾਵਜੂਦ ਰੈਗੂਲਰ ਨਾ ਕਰਨ ਤੋਂ ਖਫਾ ਨੇ ਦਫ਼ਤਰੀ ਮੁਲਾਜ਼ਮ*
*ਸਿੱਖਿਆ ਮੰਤਰੀ ਤੇ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਦਾ ਦੋਸ਼*
ਨਵਾਂਸ਼ਹਿਰ : 09-09-2021( ) , ਅਸੀ ਅਕਸਰ ਸੁਣਦੇ ਹਾਂ ਤੇ ਦੇਖਦੇ ਹਾਂ ਕਿ ਮੰਤਰੀ ਸਰਕਾਰ ਹੁੰਦਾ ਹੈ। ਸਰਕਾਰ ਵੱਲੋ ਐਡਵੋਕੇਟ ਜਨਰਲ ਦੀ ਨਿਯੁਕਤੀ ਲੀਗਲ ਰਾਏ ਦੇਣ ਲਈ ਕੀਤੀ ਜਾਂਦੀ ਹੈ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਮੰਤਰੀ ਢਾਈ ਸਾਲ ਤੋਂ AG ਪੰਜਾਬ ਤੋਂ ਇੱਕ ਲੀਗਲ ਰਾਏ ਨਹੀ ਲੈ ਸਕੇ ਉਹ ਵੀ ਓਸ ਕੰਮ ਲਈ ਜੋ ਪਹਿਲਾਂ ਹੀ ਸਰਕਾਰ ਵੱਲੋ ਕੀਤਾ ਜਾ ਚੁੱਕਾ ਹੈ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਨਰਿੰਦਰ ਕੌਰ ਸੈਣੀ ਨੇ ਦੱਸਿਆ ਕਿ ਸਾਲ 2018 ਵਿੱਚ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ 8886 ਅਧਿਆਪਕਾਂ ਨੂੰ ਵਿਭਾਗ ਵਿੱਚ ਪੱਕਾ ਕੀਤਾ ਤੇ ਉਹਨਾਂ ਦੇ ਨਾਲ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ, ਇਸ ਫੈਸਲੇ ਤੋਂ ਬਾਅਦ ਹੀ ਸਿੱਖਿਆ ਮੰਤਰੀ ਤੇ ਵਿਭਾਗ ਦੇ ਅਧਿਕਾਰੀ ਲਗਾਤਾਰ ਇਹ ਗੱਲ ਕਿਹ ਰਹੇ ਹਨ ਕਿ ਤੁਹਾਡਾ ਹੱਕ ਬਣਦਾ ਹੈ ਤੇ ਤੁਹਾਨੂੰ ਵੀ ਅਧਿਆਪਕਾਂ ਵਾਂਗ ਪੱਕਾ ਕਰਾਂਗੇ। ਪਰ ਵਿੱਤ ਵਿਭਾਗ ਵੱਲੋਂ ਦਸੰਬਰ 2019 ਵਿਚ ਮੰਨਜ਼ੂਰੀ ਮਿਲਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਮਸਲਾ ਕੈਬਿਨਟ ਤੋਂ ਪਾਸ ਨਹੀ ਕਰਵਾ ਸਕੇ ਤੇ ਹਰ ਵਾਰ ਮਿਲਣ ਤੇ ਉਹਨਾਂ ਵੱਲੋ ਇਹੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਮੇਰੇ ਧਿਆਨ ਵਿਚ ਹੈ ਤੇ ਫਾਇਲ ਮੇਰੀ ਕਾਰ ਵਿਚ ਹੈ।
ਮੁਲਾਜ਼ਮਾਂ ਨੇ ਅੱਗੇ ਦੱਸਿਆ ਕਿ ਇਹ ਨਹੀ ਕਿ ਇਸ ਸਮੇਂ ਦੌਰਾਨ ਉਹ ਸਿਰਫ ਸਿੱਖਿਆ ਮੰਤਰੀ ਨੂੰ ਹੀ ਮਿਲੇ ਨੇ ਬਲਕਿ ਉਹ ਸਰਕਾਰੇ ਦਰਬਾਰੇ ਹਰ ਮੰਤਰੀ, ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ, ਓ ਐਸ ਡੀ ਤੇ ਵਿਧਾਇਕਾਂ ਸਭ ਨੂੰ ਮਿਲ ਚੁੱਕੇ ਹਨ ਪਰ ਤੇ ਉਹਨਾਂ ਦਾ ਕੇਸ ਸੁਣਨ ਤੋਂ ਬਾਅਦ ਹਰ ਕੋਈ ਇਹੀ ਕਹਿੰਦਾ ਹੈ ਕਿ ਤੁਹਾਡੇ ਨਾਲ ਗ਼ਲਤ ਹੋਇਆ ਤੇ ਤੁਹਾਨੂੰ ਵੀ ਰੈਗੂਲਰ ਕਰਨਾ ਬਣਦਾ ਪਰ ਅੱਜ ਤੱਕ ਕਿਸੇ ਨੇ ਵੀ ਉਹਨਾਂ ਨੂੰ ਇਨਸਾਫ ਨਹੀਂ ਦਿਵਾਇਆ ਜਿਸ ਕਾਰਣ ਮੁਲਾਜ਼ਮਾਂ ਵਿੱਚ ਕਾਫੀ ਰੋਸ ਹੈ।
ਮੁਲਾਜ਼ਮਾਂ ਨੇ ਅੱਗੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਫਾਇਲ ਨੂੰ ਕਾਰ ਵਿੱਚ ਝੂਟੇ ਨਾ ਦਿਵਾਉਣ ਬਲਕਿ ਓਸ ਨੂੰ ਪਾਸ ਕਰਵਾਉਣ। ਹੁਣ ਤਾਂ ਸਿੱਖਿਆ ਮੰਤਰੀ ਮੁਲਾਜ਼ਮਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਭੱਜ ਰਹੇ ਹਨ। ਸਿੱਖਿਆ ਮੰਤਰੀ ਦੇ ਵਤੀਰੇ ਤੋਂ ਅੱਕੇ ਮੁਲਾਜ਼ਮ 12 ਸਤੰਬਰ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਪਟਿਆਲਾ ਘਰ ਵੱਲ ਨੂੰ ਮਾਰਚ ਕਰਨਗੇ ਤੇ ਸਵਾਲ ਕਰਨਗੇ ਕਿ ਸਾਨੂੰ ਅਜੇ ਤੱਕ ਪੱਕਾ ਕਿਉ ਨਹੀ ਕੀਤਾ ਗਿਆ। ਜੇਕਰ ਸਰਕਾਰ ਤੇ ਸਿੱਖਿਆ ਮੰਤਰੀ ਨੇ ਮੁਲਾਜ਼ਮਾਂ ਦਾ ਮਸਲਾ ਹੱਲ ਨਹੀ ਕੀਤਾ ਤਾਂ ਮੁਲਾਜ਼ਮ ਪਟਿਆਲਾ ਵਿੱਖੇ ਪੱਕਾ ਧਰਨਾ ਲਗਾਉਣਗੇ।
ਇਸ ਮੌਕੇ ਚੇਤਨ ਕੁਮਾਰ, ਰੀਤੂ ਭਨੋਟ, ਰਣਜੀਤ ਸਿੰਘ, ਜਗਦੀਸ਼ ਰਾਏ, ਰੀਨਾ ਰਾਣਾ, ਬਲਜਿੰਦਰ ਕੌਰ, ਸੰਦੀਪ ਕੁਮਾਰ, ਰਾਹੁਲ, ਕੋਮਲ, ਆਦਿ ਹਾਜਰ ਸਨ।