ਮੁੱਖ ਸਕੱਤਰ ਵੱਲੋਂ ਕੋਵਿਡ ਪ੍ਰਬੰਧਨ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ
ਲੋਕਾਂ ਨੂੰ ਕੋਵਿਡ ਦਾ ਟੀਕਾਕਰਨ ਕਰਵਾਉਣ ਅਤੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ
ਚੰਡੀਗੜ, 2 ਅਗਸਤ:
ਕੋਵਿਡ ਦੀ ਸੰਭਾਵੀ ਤੀਜੀ ਲਹਿਰ ਨੂੰ ਠੱਲਣ ਅਤੇ ਇਸ ਸਬੰਧੀ ਲੋੜੀਂਦੀ ਤਿਆਰੀ ਕਰਨ ਦੇ ਮੱਦੇਨਜ਼ਰ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਸੂਬੇ ਵਿੱਚ ਡਾਕਟਰੀ ਸੇਧ, ਮਜਬੂਤ ਕੋਵਿਡ ਪ੍ਰਬੰਧਨ ਅਤੇ ਮਰੀਜਾਂ ਦੇ ਢੁਕਵੇਂ ਇਲਾਜ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ (ਗਾਈਡਲਾਈਨਜ਼) ਜਾਰੀ ਕੀਤੇ ਗਏ ਹਨ।
ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮਹਾਂਮਾਰੀ ਨੂੰ ਹਰਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ।
220 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਵਾਲੇ ਆਨਲਾਈਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਵਿਅਕਤੀਆਂ ਨੂੰ ਛੇਤੀ ਤੋਂ ਛੇਤੀ ਟੀਕਾ ਲਗਵਾਉਣ ਅਤੇ ਵਾਇਰਸ ਵਿਰੁੱਧ ਲੜਾਈ ਜਿੱਤਣ ਲਈ ਹਮੇਸ਼ਾਂ ਕੋਵਿਡ ਸਬੰਧੀ ਢੁਕਵੇਂ ਵਿਹਾਰ ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ।
ਇਸ ਔਖੀ ਘੜੀ ਦੌਰਾਨ ਮੈਡੀਕਲ ਮਾਹਿਰਾਂ, ਪ੍ਰੈਕਟੀਸ਼ਨਰਾਂ ਅਤੇ ਸਾਰੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਰਾਜ ਸਰਕਾਰ ਪਹਿਲੀਆਂ 2 ਕੋਵਿਡ ਲਹਿਰਾਂ ਨਾਲ ਸਫਲਤਾਪੂਰਵਕ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਨਾਂ ਯੋਧਿਆਂ ਦੇ ਸਮਰਪਣ ਅਤੇ ਨਿਰਸਵਾਰਥ ਵਾਲੀਆਂ ਸੇਵਾ ਨੂੰ ਸਲਾਮ ਕਰਦੀ ਹੈ।
ਮਾਹਿਰਾਂ ਦੀ ਟੀਮ ਵਿੱਚ ਪੀ.ਜੀ.ਆਈ.ਐਮ.ਈ.ਆਰ. ਦੇ ਪ੍ਰੋਫੈਸਰ ਅਤੇ ਐਨਸਥੀਜ਼ੀਆ ਵਿਭਾਗ ਦੇ ਮੁਖੀ ਡਾ. ਜੀ.ਡੀ. ਪੁਰੀ, ਡਾ.ਵਿਕਾਸ ਸੂਰੀ, ਪੀ.ਜੀ.ਆਈ.ਐਮ.ਈ.ਆਰ. ਦੇ ਡਾ. ਆਸ਼ੀਸ਼ ਕੱਕੜ , ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਦੇ ਕਾਰਡੀਓਲੋਜੀ ਪ੍ਰੋਫੈਸਰ ਡਾ. ਬਿਸ਼ਵ ਮੋਹਨ , ਅਮਰੀਕਾ ਤੋਂ ਡਾ. ਅਨੂਪ ਸਿੰਘ ਅਤੇ ਡਾ. ਸੰਦੀਪ ਕਟਾਰੀਆ, ਯੂ.ਕੇ ਤੋਂ ਡਾ. ਅਜੀਤ ਕਤਿਆਲ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾ. ਵਿਸ਼ਾਲ ਚੋਪੜਾ ਸ਼ਾਮਲ ਸਨ, ਜਿਨਾਂ ਨੇ ਸਿਹਤ ਤੇ ਡਾਕਟਰੀ ਸਿੱਖਿਆ ਸਲਾਹਕਾਰ ਡਾ. ਕੇ.ਕੇ. ਤਲਵਾੜ ਅਤੇ ਸਿਹਤ ਤੇ ਡਾਕਟਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਦੀ ਅਗਵਾਈ ਵਿੱਚ ਕੋਵਿਡ ਦੀ ਤੀਜੀ ਸੰਭਾਵੀਂ ਲਹਿਰ ਨਾਲ ਵਧੇਰੇ ਪ੍ਰਭਾਵਸਾਲੀ ਢੰਗ ਨਾਲ ਨਜਿੱਠਣ ਲਈ ਗਾਈਡਲਾਈਨਜ ਵਿੱਚ ਸੋਧ ਕੀਤੀ ਹੈ।
ਸਰਕਾਰੀ ਮੈਡੀਕਲ ਕਾਲਜ ਅੰਮਿ੍ਤਸਰ ਦੇ ਬਾਲ ਰੋਗਾਂ ਦੇ ਪ੍ਰੋਫੈਸਰ ਡਾ: ਅਸ਼ਵਨੀ ਸਰੀਨ ਨੇ ਪੰਜਾਬ ਦੇ ਬੱਚਿਆਂ ਲਈ ਕੋਵਿਡ ਦੇ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਪੀ.ਜੀ.ਆਈ.ਐਮ.ਈ.ਆਰ. ਦੇ ਡਾਕਟਰ ਮੀਨੂੰ ਸਿੰਘ, ਪ੍ਰੋਫੈਸਰ ਪੀਡੀਆਟਰਿਕਸ ਅਤੇ ਡਾ. ਜਯਾਸ਼੍ਰੀ, ਪ੍ਰੋਫੈਸਰ ਪੀਡੀਆਟਰਿਕਸ, ਨੇ ਪ੍ਰਤੀਭਾਗੀਆਂ ਨੂੰ ਕੋਵਿਡ ਦੇ ਨਵੀਨਤਮ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਮਾਹਿਰਾਂ ਦੇ ਸਮੂਹ ਨੇ ਦੱਸਿਆ ਕਿ ਪੰਜਾਬ ਵਿੱਚ ਬੱਚਿਆਂ ਲਈ ਕੋਵਿਡ ਪ੍ਰਬੰਧਾਂ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਜਲਦੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ।