ਸਾਂਝਾ ਅਧਿਆਪਕ ਮੋਰਚਾ ਵੱਲੋਂ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਰੋਸ ਧਰਨਾ ਲਾਉਣ ਦਾ ਐਲਾਨ
ਬਦਲੀਆਂ ਅਤੇ ਤਰੱਕੀਆਂ ਸੰਬੰਧੀ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ 'ਚ ਸਿੱਖਿਆ ਸਕੱਤਰ ਨੂੰ ਰੋਸ ਪੱਤਰ ਦੇਣ ਦਾ ਫ਼ੈਸਲਾ
ਬਦਲੀ ਨੀਤੀ ਨੂੰ ਲਾਂਭੇ ਕਰਕੇ ਸਿੱਖਿਆ ਸਕੱਤਰ ਵੱਲੋਂ ਮਨਮਰਜ਼ੀ ਕਰਨ ਵਿਰੁੱਧ ਅਧਿਆਪਕਾਂ 'ਚ ਸਖ਼ਤ ਰੋਸ
ਐਸ ਏ ਐਸ ਨਗਰ, (ਦਲਜੀਤ ਕੌਰ ਭਵਾਨੀਗੜ੍ਹ)5 ਅਗਸਤ 2021: ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਕਨਵੀਨਰ ਵਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ 25 ਜੂਨ, 2021 ਨੂੰ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਮਸਲਿਆਂ ਦੇ ਹੱਲ ਨੂੰ ਲੈ ਕੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੇ ਸਾਰੇ ਫੈਸਲੇ (ਸਮੇਤ ਸਾਰੀਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ) ਲਾਗੂ ਕਰਨ ਦੀ ਥਾਂ, ਮੌਜੂਦਾ ਸਮੇਂ ਵਿੱਚ ਆਨਲਾਈਨ ਬਦਲੀ ਪ੍ਰਕਿਰਿਆ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਦੇ ਮਾਮਲੇ ਵਿੱਚ ਸਿੱਖਿਆ ਸਕੱਤਰ ਵੱਲੋਂ ਨਿੱਤ ਨਵੀਂ ਮਨ ਮਰਜ਼ੀ ਕਰਦਿਆਂ ਗੈਰ-ਵਾਜਬ ਫ਼ੈਸਲੇ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ।
ਮੀਟਿੰਗ ਦੌਰਾਨ ਹੋਏ ਫੈਸਲਿਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾਈ ਕਨਵੀਨਰਾਂ ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਬਲਜੀਤ ਸਲਾਣਾ, ਸੁਖਵਿੰਦਰ ਸਿੰਘ ਚਾਹਲ, ਹਰਵਿੰਦਰ ਸਿੰਘ ਬਿਲਗਾ ਅਤੇ ਹਰਜੀਤ ਸਿੰਘ ਬਸੋਤਾ, ਸੂਬਾ ਕੋ ਕਨਵੀਨਰਾਂ ਸੁਖਜਿੰਦਰ ਸਿੰਘ ਹਰੀਕਾ, ਅਮਨਬੀਰ ਸਿੰਘ ਗੁਰਾਇਆ ਅਤੇ ਸੂਬਾ ਆਗੂਆਂ ਸੁਰਿੰਦਰ ਪੁਆਰੀ, ਮਲਕੀਤ ਸਿੰਘ ਕੱਦਗਿੱਲ, ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਬਦਲੀ ਪ੍ਰਕਿਰਿਆ ਦੌਰਾਨ ਅਧਿਆਪਕ ਬਦਲੀ ਨੀਤੀ ਨੂੰ ਲਾਂਭੇ ਕਰਕੇ, ਬਦਲੀਆਂ ਅਤੇ ਰਿਲੀਵਿੰਗ ਦੇ ਮਾਮਲਿਆਂ ਵਿੱਚ ਮਨਮਰਜੀ ਤਹਿਤ ਅਧਿਆਪਕਾਂ ਨਾਲ ਪੱਖਪਾਤੀ ਅਤੇ ਧੱਕੇਸ਼ਾਹੀ ਭਰਿਆ ਰਵੱਈਆ ਅਖਤਿਆਰ ਕਰਨ, ਅਧਿਆਪਕਾਂ ਦੇ ਸਾਰੇ ਕਾਡਰਾ, ਵਰਗਾਂ ਅਤੇ ਵਿਸ਼ਿਆਂ ਦੀਆਂ ਸਮਾਂਬੱਧ ਤਰੱਕੀਆਂ ਕਰਨ ਦੀ ਥਾਂ, ਪ੍ਰਕਿਰਿਆ ਨੂੰ ਲਟਕਾਉਂਦਿਆਂ ਕਈ ਕਈ ਸਾਲ ਤੋਂ ਤਰੱਕੀਆਂ ਨੂੰ ਉਡੀਕਦੇ ਅਧਿਆਪਕਾਂ ਨੂੰ ਬਿਨਾਂ ਤਰੱਕੀ ਤੋਂ ਸੇਵਾਮੁਕਤ ਹੋਣ ਲਈ ਮਜਬੂਰ ਕਰਨ ਅਤੇ ਅਧਿਆਪਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਤੇ ਹਮਲੇ ਦੇ ਰੋਸ ਵਜੋਂ ਸਿੱਖਿਆ ਸਕੱਤਰ ਨੂੰ ਸਾਂਝੇ ਅਧਿਆਪਕ ਮੋਰਚੇ ਵੱਲੋਂ 6 ਅਗਸਤ ਨੂੰ ਸਵੇਰੇ 11 ਵਜੇ ਵਿਸ਼ਾਲ ਡੈਪੂਟੇਸ਼ਨ ਦੇ ਰੂਪ ਵਿੱਚ ਇਕੱਠੇ ਹੋ ਕੇ, ਅਧਿਆਪਕਾਂ ਦੀਆਂ ਉਪਰੋਕਤ ਮੰਗਾਂ ਦਾ ਤੁਰੰਤ ਵਾਜਿਬ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ 12 ਅਗਸਤ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸੰਗਰੂਰ ਰਿਹਾਇਸ਼ ਅੱਗੇ ਫੌਰੀ ਰੋਸ ਧਰਨਾ ਲਗਾਉਣ ਦੇ ਕੀਤੇ ਫ਼ੈਸਲੇ ਸਬੰਧੀ 'ਚਿਤਾਵਨੀ ਪੱਤਰ' ਵੀ ਸੌਂਪਿਆ ਜਾਵੇਗਾ। ਇਸ ਦੇ ਨਾਲ ਹੀ ਅਧਿਆਪਕਾਂ ਦੇ ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਸਬੰਧੀ ਇਤਰਾਜ਼ ਵੀ ਪੰਜਾਬ ਸਰਕਾਰ ਨੂੰ ਮੁੜ ਭੇਜੇ ਜਾਣਗੇ।