ਸੂਬੇ ਨੂੰ 300 ਮੀਟਰਕ ਟਨ ਆਕਸੀਜਨ ਦੀ ਫੌਰੀ ਲੋੜ,ਕੈਪਟਨ ਨੇ ਮੋਦੀ ਨੂੰ ਆਕਸੀਜਨ ਦਾ ਕੋਟਾ ਵਧਾਉਣ ਦੀ ਕੀਤੀ ਅਪੀਲ

 ਕੈਪਟਨ ਨੇ ਮੋਦੀ ਨੂੰ ਆਕਸੀਜਨ ਦਾ ਕੋਟਾ ਵਧਾਉਣ ਅਤੇ ਹੋਰ ਵੈਕਸੀਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ


ਚੰਡੀਗੜ੍ਹ, 9 ਮਈ 2021 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ ਆਕਸੀਜਨ ਦਾ ਕੁਲ ਕੋਟਾ ਵਧਾ ਕੇ 300 ਮੀਟਰਕ ਟਨ ਕਰਨ ਅਤੇ ਸੂਬੇ ਲਈ ਵੈਕਸੀਨ ਦੀ ਜ਼ਰੂਰੀ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿਉਂ ਜੋ ਸੂਬਾ ਇਸ ਵੇਲੇ ਆਕਸੀਜਨ ਅਤੇ ਵੈਕਸੀਨ, ਦੋਵਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿਚ ਕੋਵਿਡ ਦੀ ਸਥਿਤੀ ਜਾਣਨ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਅੱਗੇ ਇਹ ਮਸਲੇ ਉਠਾਏ।


ਬਾਅਦ ਵਿਚ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਉਮੀਦ ਜਾਹਰ ਕੀਤੀ ਕਿ ਸੂਬੇ ਵਿਚ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਪੰਜਾਬ ਵਿਚ ਵੈਕਸੀਨ ਦੀਆਂ ਖੁਰਾਕਾਂ ਭੇਜਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਫੌਰੀ ਕਦਮ ਚੁੱਕੇਗੀ ਜਿਸ ਨਾਲ ਸੂਬੇ ਸਰਕਾਰ ਨੂੰ ਮਹਾਮਾਰੀ ਦੀ ਦੂਜੀ ਘਾਤਕ ਲਹਿਰ ਨਾਲ ਪੈਦਾ ਹੋਈ ਸਥਿਤੀ ਨਾਲ ਨਿਪਟਣ ਵਿਚ ਸਹਾਇਤਾ ਮਿਲੇਗੀ।  



ਵੈਕਸੀਨ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬਾ ਅਜੇ ਤੱਕ 18-45 ਸਾਲ ਦੀ ਉਮਰ ਵਰਗ ਲਈ ਟੀਕਾਕਰਨ ਦੇ ਤੀਜੇ ਪੜਾਅ ਨੂੰ ਸ਼ੁਰੂ ਨਹੀਂ ਕਰ ਸਕਿਆ ਜੋ ਹੁਣ ਇਕ ਲੱਖ ਖੁਰਾਕਾਂ ਦੀ ਸਪਲਾਈ ਤੋਂ ਬਾਅਦ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚ ਸ਼ੁਰੂ ਕੀਤੀ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਵੀ ਵੈਕਸੀਨ ਦੀਆਂ ਖੁਰਾਕਾਂ ਦੀ ਕਮੀ ਹੈ ਅਤੇ ਭਾਵੇਂ 1.63 ਲੱਖ ਖੁਰਾਕਾਂ ਅੱਜ ਪਹੁੰਚਣ ਦੀ ਉਮੀਦ ਹੈ ਜੋ ਸੂਬੇ ਦੀਆਂ ਲੋੜਾਂ ਮੁਤਾਬਕ ਕਾਫੀ ਨਹੀਂ ਹਨ।


ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਜਾਣੂੰ ਕਰਵਾਇਆ ਕਿ ਕੋਵਿਡ ਨਾਲ ਗੰਭੀਰ ਬਿਮਾਰ ਮਰੀਜਾਂ ਦੇ ਕੇਸ ਵਧਣ ਕਰਕੇ ਸੂਬੇ ਨੂੰ 300 ਮੀਟਰਕ ਟਨ ਆਕਸੀਜਨ ਦੀ ਫੌਰੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਦਿੱਲੀ-ਐਨ.ਸੀ.ਆਰ. ਸਮੇਤ ਹੋਰ ਸੂਬਿਆਂ ਤੋਂ ਆ ਰਹੇ ਹਨ। ਸੂਬੇ ਦੀ ਮੌਤ ਦਰ ਜਿਆਦਾ ਹੈ ਅਤੇ ਐਲ-2 ਤੇ ਐਲ-3 ਸਿਹਤ ਸੰਸਥਾਵਾਂ (ਸਰਕਾਰੀ ਅਤੇ ਪ੍ਰਾਈਵੇਟ) ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਕੇਸਾਂ ਵਿਚ ਵੱਡਾ ਵਾਧਾ ਹੋਇਆ ਹੈ ਜਿਸ ਕਰਕੇ ਆਕਸੀਜਨ ਦੀ ਮੰਗ ਵਧ ਰਹੀ ਹੈ।


ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਤੱਕ ਆਕਸੀਜਨ ਦੀ ਮੰਗ 197 ਮੀਟਰਕ ਟਨ ਸੀ ਜੋ 8 ਮਈ ਨੂੰ ਵਧ ਕੇ 295.5 ਮੀਟਰਕ ਟਨ ਤੱਕ ਪਹੁੰਚ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਟੈਂਕਰਾਂ ਦੀ ਘਾਟ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਅਤੇ ਐਲ.ਐਮ.ਓ. ਕੋਟਾ ਵਧਾਉਣ ਅਤੇ ਪੰਜਾਬ ਲਈ ਹੋਰ ਟੈਂਕਰਾਂ ਦੀ ਸਪਲਾਈ ਲਈ ਕੇਂਦਰ ਦੀ ਮਦਦ ਦੀ ਲੋੜ ਹੈ ਤਾਂ ਕਿ ਇਸ ਸੰਕਟ ਉਤੇ ਕਾਬੂ ਪਾਇਆ ਜਾ ਸਕੇ।


ਬਾਅਦ ਵਿਚ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਿਹਤ ਸਕੱਤਰ ਹੁਸਨ ਲਾਲ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਭਾਵੇਂ ਕਿ ਸੂਬੇ ਨੇ ਭਾਰਤ ਸਰਕਾਰ ਦੀ ਐਡਵਾਈਜ਼ਰੀ ਦੇ ਮੁਤਾਬਕ ਹਸਪਤਾਲਾਂ ਵੱਲੋਂ ਆਕਸੀਜਨ ਦੀ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ ਪਰ ਮੰਗ ਵਧਣ ਦੇ ਮੱਦੇਨਜ਼ਰ ਆਕਸੀਜਨ ਦਾ ਕੋਟਾ 300 ਮੀਟਰਕ ਟਨ ਤੱਕ ਵਧਾਉਣ ਦੀ ਲੋੜ ਹੈ।


ਇਸੇ ਤਰ੍ਹਾਂ ਪੰਜਾਬ ਨੂੰ ਸਿਰਫ ਚਾਰ ਆਕਸੀਜਨ ਟੈਂਕਰ ਹੀ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਦੋ ਟੈਂਕਰ ਅਜੇ ਕਾਰਜਸ਼ੀਲ ਨਹੀਂ ਹੋਏ। ਸਿਹਤ ਸਕੱਤਰ ਨੇ ਕਿਹਾ ਕਿ ਸੂਬੇ ਦੀ 227 ਮੀਟਰਕ ਟਨ ਆਕਸੀਜਨ ਦੀ ਵੰਡ ਵਿੱਚੋਂ 40 ਫੀਸਦੀ ਕੋਟਾ ਬੋਕਾਰੋ (ਝਾਰਖੰਡ) ਤੋਂ ਅਲਾਟ ਕੀਤਾ ਗਿਆ ਹੈ ਜਿੱਥੇ ਆਕਸੀਜਨ ਦੀ ਆਵਾਜਾਈ ਲਈ ਤਿੰਨ ਤੋਂ ਪੰਜ ਦਿਨ ਦਾ ਸਮਾਂ ਲੱਗਦਾ ਹੈ ਜਿਸ ਕਰਕੇ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਕੁਲ 20 ਟੈਂਕਰਾਂ ਦੀ ਕੀਤੀ ਮੰਗ ਦੇ ਵਿਰੁੱਧ ਹੰਗਾਮੀ ਆਧਾਰ ਉਤੇ ਘੱਟੋ-ਘੱਟ 8 ਹੋਰ ਟੈਂਕਰ ਅਲਾਟ ਕੀਤੇ ਜਾਣ ਦੀ ਅਪੀਲ ਕੀਤੀ ਹੈ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends