ਫਾਜ਼ਿਲਕਾ 06 ਦਸੰਬਰ 2023
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਚੀਮਾ ਵਲੋਂ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੋਂ ਜਾਤੀ ਦੀਆਂ ਫਸਲਾਂ ਵਾਸਤੇ ਮੌਸਮ ਬਹੁਤ ਵਧੀਆਂ ਚੱਲ ਰਿਹਾ ਹੈ ਪਰ ਸਾਨੂੰ ਕੁਝ ਨੁਕਤਿਆਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਝਾੜ ਵਧੀਆਂ ਪ੍ਰਾਪਤ ਕੀਤਾ ਜਾ ਸਕੇ।
ਡਾ. ਗੁਰਮੀਤ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਚੰਗੀ ਰੌਣੀ ਕਰਕੇ ਬਿਜਾਈ ਕੀਤੀ ਹੈ ਤਾਂ 3-4 ਹਫਤਿਆਂ ਬਾਅਦ ਪਹਿਲਾਂ ਪਾਣੀ ਲਗਾ ਕੇ ਨਾਲ ਹੀ 45 ਕਿਲੋ ਯੂਰੀਆਂ ਪਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਬੂਟੇ ਨੂੰ ਸਹੀ ਧੁੱਪ ਅਤੇ ਹਵਾ ਜਰੂਰੀ ਹੈ ਇਸ ਲਈ ਬਿਜਾਈ ਤੋਂ 3 ਹਫਤੇ ਬਾਅਦ ਬੂਟੇ ਤੋਂ ਬੂਟੇ ਦਾ ਫਾਸਲਾ 10-15 ਸੈਂਟੀਮੀਟਰ ਕਰ ਦੇਣਾ ਚਾਹੀਦਾ ਹੈ। ਬੂਟਿਆਂ ਵਿਚਕਾਰ ਸਹੀ ਫਾਸਲੇ ਨਾਲ ਫਸਲ ਨੂੰ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕਿ ਰਾਇਆ ਸਰੋਂ ਵਿੱਚ ਚਿੱਟੀ ਕੂੰਗੀ ਦਾ ਹਮਲਾ ਬਹੁਤ ਪਾਇਆ ਜਾਂਦਾ ਹੈ, ਇਸ ਤੋਂ ਬਚਾਅ ਵਾਸਤੇ ਬਿਜਾਈ ਤੋਂ 60 ਅਤੇ 80 ਦਿਨਾਂ ਬਾਅਦ 250 ਗ੍ਰਾਮ ਰੈਡੋਮਿਲ ਗੋਲਡ ਦੇ ਦੋ ਛਿੜਕਾਅ ਕਰਵਾ ਦੇਣਾ ਚਾਹੀਦੇ ਹਨ। ਉਨ੍ਹਾ ਦੱਸਿਆ ਕਿ ਤਣੇ ਦਾ ਗਲਣ ਰੋਗ ਵੀ ਸਰੋਂ ਵਿੱਚ ਬਹੁਤ ਪਾਇਆ ਜਾਂਦਾ ਹੈ ਇਸ ਤੋਂ ਬਚਾਅ ਵਾਸਤੇ 25 ਦਸਬੰਰ (ਵੱਡਾ ਦਿਨ) ਤੋਂ ਲੈ ਕੇ 15 ਜਨਵਰੀ (ਲੋਹੜੀ) ਤੱਕ ਫਸਲ ਨੂੰ ਪਾਣੀ ਨਹੀਂ ਲਗਾਉਣਾ ਚਾਹੀਦਾ। ਬਿਮਾਰੀਆਂ ਤੋਂ ਬਚਾਅ ਵਾਸਤੇ ਖੇਤਾਂ ਦਾ ਨਿਰੀਖਣ ਬੰਨਿਆ ਤੋਂ ਨਾ ਕਰਕੇ ਸਗੋਂ 10 ਕਦਮ ਅੰਦਰ ਵੜ ਕੇ ਕਰਨਾ ਚਾਹੀਦਾ ਹੈ।